ਮਾਨਸਾ, 01 ਜੂਨ:
ਲੋਕ ਸਭਾ ਚੋਣਾਂ-2024 ਸਬੰਧੀ ਪਈਆਂ ਵੋਟਾਂ ਦੌਰਾਨ ਜ਼ਿਲ੍ਹੇ ਦੇ ਵੋਟਰਾਂ ’ਚ ਉਤਸ਼ਾਹ ਵੇਖਣ ਨੂੰ ਮਿਲਿਆ। ਜ਼ਿਲ੍ਹੇ ਦੇ ਬਜ਼ੁਰਗ, ਦਿਵਿਆਂਗ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋ ਸਰਟੀਫਿਕੇਟ ਦੇ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਗਿਆ।
ਪੋਲਿੰਗ ਪ੍ਰਕਿਰਿਆ ਦੌਰਾਨ ਪਿੰਕ, ਗਰੀਨ, ਯੂਥ ਅਤੇ ਪੀ.ਡਬਲਿਊ.ਡੀ. ਪੋਲਿੰਗ ਸਟੇਸ਼ਨਾਂ ਦੀ ਵੀ ਵਿਸ਼ੇਸ਼ ਅਹਿਮੀਅਤ ਰਹੀ। ਨੌਜਵਾਨ ਪੀੜ੍ਹੀ ਵਿਚ ਪਹਿਲੀ ਵਾਰ ਵੋਟ ਪਾਉਣ ਵਾਲੇ ਜੁੜਵਾ ਭੈਣ ਭਰਾ ਬਲਜਿੰਦਰ ਸਿੰਘ ਅਤੇ ਗੁਰਲੀਨ ਕੌਰ ਵਾਸੀ ਵਾਰਡ ਨੰਬਰ 04, ਪ੍ਰੀਤ ਨਗਰ ਨੇ ਜਿੱਥੇ ਵੋਟ ਪਾਉਣ ’ਤੇ ਫਖ਼ਰ ਮਹਿਸੂਸ ਕੀਤਾ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ’ਤੇ ਮਿਲੇ ਸਨਮਾਨ ਵਜ਼ੋਂ ਖੁਸ਼ੀ ਮਹਿਸੂਸ ਕੀਤੀ ਅਤੇ ਹੋਰਨਾਂ ਨੌਜਵਾਨਾਂ ਨੂੰ ਆਪਣੀ ਸੂਝ ਬੂਝ ਨਾਲ ਬਿਨ੍ਹਾਂ ਕਿਸੇ ਲਾਲਚ ਤੋਂ ਆਪਣੀ ਵੋਟ ਪਾਉਣ ਲਈ ਪ੍ਰੇਰਿਤ ਕੀਤਾ।
ਇਸ ਤੋਂ ਇਲਾਵਾ 100 ਸਾਲ ਤੋਂ ਵਧੇਰੇ ਦੀ ਉਮਰ ਦੇ ਬਜ਼ੁਰਗ ਗੁਰਬਚਨ ਸਿੰਘ ਅਤੇ 87 ਸਾਲ ਦੀ ਬਜ਼ੁਰਗ ਬੀਬੀ ਕੌਰ ਨੇ ਆਪਣੀ ਵੋਟ ਦਾ ਇਸਤੇਮਾਲ ਕਰਕੇ ਹਰ ਇਕ ਨਾਗਰਿਕ ਨੂੰ ਲਾਜ਼ਮੀ ਤੌਰ ’ਤੇ ਮਤਦਾਨ ਕਰਕੇ ਲੋਕਤੰਤਰ ਵਿਚ ਆਪਣੀ ਭਾਗੀਦਾਰੀ ਯਕੀਨੀ ਬਣਾਉਣ ਦਾ ਸੁਨੇਹਾ ਦਿੱਤਾ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ 03 ਵਿਧਾਨ ਸਭਾ ਹਲਕਿਆਂ ਵਿੱਚ ਲੋਕਾਂ ਨੂੰ ਵੱਧ ਤੋ ਵੱਧ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ‘ਯੂਥ ਚੱਲਿਆ ਬੂਥ’ ਦੇ ਨਾਅਰੇ ਹੇਠ ਵਿਸ਼ੇਸ਼ ਪੈਦਲ ਮਾਰਚ ਦਾ ਆਯੋਜਨ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਕੋਟਧਰਮੁ ਵਿਖੇ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਵਿਦਿਆਰਥੀਆਂ ਦੇ ਵਾਲ ਪੇਟਿੰਗ ਮੁਕਾਬਲੇ ਕਰਵਾ ਕੇ ਲੋਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਨਾਲ ਜ਼ਿਲ੍ਹੇ ਦੇ ਲੋਕਾਂ ’ਚ ਵੋਟਾਂ ਪਾਉਣ ਦਾ ਕਾਫੀ ਰੁਝਾਨ ਵੇਖਣ ਨੂੰ ਮਿਲਿਆ।
ਜੁੜਵਾ ਭੈਣ ਭਰਾ ਬਲਜਿੰਦਰ ਸਿੰਘ ਅਤੇ ਗੁਰਲੀਨ ਕੌਰ ਨੇ ਪਹਿਲੀ ਵਾਰ ਵੋਟ ਪਾ ਕੇ ਨੌਜਵਾਨਾਂ ਨੂੰ ਮਤਦਾਨ ਕਰਨ ਦਾ ਦਿੱਤਾ ਸੁਨੇਹਾ
Date: