ਬਠਿੰਡਾ, 11 ਨਵੰਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਮੰਦਬੁੱਧੀ ਵਿਅਕਤੀਆਂ ਦਾ ਯੂ.ਡੀ.ਆਈ.ਡੀ. ਕਾਰਡ ਬਨਾਉਣ ਲਈ ਆਈ.ਕਿਊ ਟੈਸਟ ਕਰਵਾਉਣਾ ਪੈਂਦਾ ਹੈ, ਪ੍ਰੰਤੂ ਸਥਾਨਕ ਸਿਵਲ ਹਸਪਤਾਲ ਵਿਖੇ ਇਹ ਸਹੂਲਤ ਨਾ ਹੋਣ ਕਾਰਨ ਮੰਦਬੁੱਧੀ ਵਿਅਕਤੀਆਂ ਨੂੰ ਇਸ ਟੈਸਟ ਨੂੰ ਕਰਵਾਉਣ ਲਈ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰਨਾ ਪੈਂਦਾ ਸੀ, ਜਿਸ ਨਾਲ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹੋ-ਜਿਹੇ ਕੇਸ ਹੁਣ ਸਿਵਲ ਹਸਪਤਾਲ ਵਲੋਂ ਸਥਾਨਕ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਤੇ ਰੀਸਰਚ ਨੂੰ ਰੈਫਰ ਕੀਤੇ ਜਾਇਆ ਕਰਨਗੇ। ਉਨ੍ਹਾਂ ਦੱਸਿਆ ਕਿ ਆਦੇਸ਼ ਹਸਪਤਾਲ ’ਚ ਡਾ. ਐਸ.ਕੇ. ਤ੍ਰਿਪਾਠੀ ਕਲੀਨੀਕਲ ਸਾਈਕਾਲੋਜਿਸਟ ਤੈਨਾਤ ਹਨ, ਉਨ੍ਹਾਂ ਵਲੋਂ ਇਹ ਸੇਵਾ ਮੁਫਤ ਮੁਹੱਈਆ ਕਰਵਾਈ ਜਾਵੇਗੀ, ਜਿਸ ਉਪਰੰਤ ਜਿੱਥੇ ਮੰਦਬੁੱਧੀ ਵਿਅਕਤੀਆਂ ਨੂੰ ਸਿਵਲ ਸਰਜਨ ਵਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ ਉਥੇ ਉਨ੍ਹਾਂ ਦੀ ਖੱਜਲ-ਖੁਆਰੀ ਵੀ ਘਟੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਤੇ ਰੀਸਰਚ ਨਾਲ ਰਾਬਤਾ ਕਾਇਮ ਕੀਤਾ ਗਿਆ, ਜਿਸ ਉਪਰੰਤ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਤੇ ਰੀਸਰਚ ਦੇ ਪ੍ਰਿੰਸੀਪਲ ਡਾ. ਪ੍ਰਮੋਦ ਗੋਇਲ ਨੂੰ ਪ੍ਰਸ਼ੰਸਾ ਪੱਤਰ ਜਾਰੀ ਕੀਤਾ।
ਇਸ ਮੌਕੇ ਡਾ. ਰਮਨ ਸਿੰਗਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੇ ਨਿੱਜੀ ਦਿਲਚਸਪੀ ਲੈਣ ਕਾਰਨ ਹੀ ਸੰਭਵ ਹੋਇਆ ਹੈ।
ਇਸ ਮੌਕੇ ਡਾ. ਅਰੁਣ ਬਾਂਸਲ ਅਤੇ ਸਕੱਤਰ, ਰੈਡ ਕਰਾਸ ਸੁਸਾਇਟੀ ਸ਼੍ਰੀ ਦਰਸ਼ਨ ਕੁਮਾਰ ਬਾਂਸਲ ਆਦਿ ਹਾਜ਼ਰ ਸਨ।