ਅੰਮ੍ਰਿਤਸਰ, 20 ਦਸੰਬਰ -ਸਵਦੇਸ਼ ਦਰਸ਼ਨ ਦੇ ਦੂਸਰੇ ਪੜਾਅ ਵਿਚ ਸਰਕਾਰ ਵੱਲੋਂ ਸੈਲਾਨੀਆਂ ਲਈ ਬਿਹਤਰ ਵਾਤਾਵਰਣ ਤੇ ਵਧੀਆ ਮੁੱਢਲਾ ਢਾਂਚਾ ਮੁਹੱਇਆ ਕਰਵਾਉਣ ਲਈ ਕੀਤੀ ਜਾ ਰਹੀ ਪਹਿਲ ਵਿਚ ਸਾਡੀ ਤਰਜੀਹ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਸਾਰੇ ਰਸਤਿਆਂ ਨੂੰ ਬਿਹਤਰ ਬਨਾਉਣਾ ਤੇ ਅਟਾਰੀ ਸਰਹੱਦ ਉਤੇ ਜਾਂਦੇ ਸੈਲਾਨੀਆਂ ਲਈ ਚੰਗੀਆਂ ਸਹੂਲਤਾਂ ਦੇਣਾ ਹੋਣਾ ਚਾਹੀਦਾ ਹੈ, ਤਾਂ ਕਿ ਸ਼ਹਿਰ ਵਿਚ ਆਉਣ ਵਾਲੇ ਲੋਕਾਂ ਨੂੰ ਵਧੀਆ ਵਾਤਾਵਰਣ ਮੁਹੱਇਆ ਕਰਵਾਇਆ ਜਾ ਸਕੇ। ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਨੇ ਇਹ ਪ੍ਰਗਟਾਵਾ ਸਵਦੇਸ਼ ਦਰਸ਼ਨ ਸਬੰਧੀ ਹੋਣ ਵਾਲੇ ਕੰਮਾਂ ਬਾਰੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਕੀਤਾ। ਉਨਾਂ ਕਿਹਾ ਕਿ ਅੰਮ੍ਰਿਤਸਰ ਵਿਚ ਸਭ ਤੋਂ ਵੱਧ ਸ਼ਰਧਾਲੂ ਅਤੇ ਸੈਲਾਨੀ ਆਉਂਦੇ ਹਨ, ਸੋ ਸਾਨੂੰ ਇੱਥੇ ਕਰਵਾਏ ਜਾਣ ਵਾਲੇ ਕੰਮਾਂ ਵਿਚ ਸਭ ਤੋਂ ਵੱਧ ਤਰਜੀਹ ਇੰਨਾ ਲੋਕਾਂ ਦੀਆਂ ਲੋੜਾਂ ਨੂੰ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ, ਜਿੱਥੇ ਕਿ ਲੱਖਾਂ ਲੋਕ ਰੋਜ਼ਾਨਾ ਦੇਸ਼ ਵਿਦੇਸ਼ ਵਿਚੋਂ ਨਤਮਸਤਕ ਹੋਣ ਆਉਂਦੇ ਹਨ, ਨੂੰ ਜਾਂਦੇ ਸਾਰੇ ਰਸਤੇ ਜਿੰਨਾ ਵਿਚ ਘਿਉ ਮੰਡੀ, ਹੈਰੀਟੇਜ ਸਟਰੀਟ, ਕਟੜਾ ਆਹਲੂਵਾਲੀਆ, ਮਹਾਂ ਸਿੰਘ ਗੇਟ, ਮਹਾਂ ਸਿੰਘ ਰੋਡ ਅਤੇ ਰਾਮਸਰ ਰੋਡ ਪ੍ਰਮੁੱਖ ਹਨ, ਨੂੰ ਸ਼ਰਧਾਲੂਆਂ ਦੀ ਸਹੂਲਤ ਲਈ ਬਿਹਤਰ ਬਣਾਇਆ ਜਾਵੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਵਿਚੋਂ ਵੱਡੀ ਗਿਣਤੀ ਅਟਾਰੀ ਸਰਹੱਦ ਉਤੇ ਹੁੰਦੀ ਰੀਟਰੀਟ ਸੈਰੀਮਨੀ ਵੇਖਣ ਜਾਂਦੇ ਹਨ ਅਤੇ ਇੰੰਨਾ ਲੋਕਾਂ ਨੂੰ ਬਿਹਤਰ ਤੇ ਸੁਰੱਖਿਅਤ ਮਾਹੌਲ ਸਰਹੱਦ ਉਤੇ ਮਿਲੇ, ਇਸ ਲਈ ਵੱਡੀ ਕੋਸ਼ਿਸ਼ ਕੀਤੀ ਜਾਵੇ। ਉਨਾਂ ਲਾਰਸਨ ਅਤੇ ਟੁਬਰੋ ਕੰਪਨੀ ਦੇ ਇੰਜੀਨੀਅਰਾਂ, ਜੋ ਕਿ ਇਨਾਂ ਪ੍ਰਾਜੈਕਟਾਂ ਉਤੇ ਯੋਜਨਾਬੰਦੀ ਕਰਨਗੇ, ਨੂੰ ਹਦਾਇਤ ਕੀਤੀ ਕਿ ਉਹ ਇੰਨਾ ਲਈ ਕੰਮ ਕਰਨ ਤੋਂ ਪਹਿਲਾਂ ਉਥੇ ਆਉਂਦੇ ਲੋਕਾਂ ਦੀਆਂ ਲੋੜਾਂ ਸਮਝਣ ਤੇ ਉਨਾਂ ਦੀ ਫੀਡ ਬੈਕ ਲੈਣ, ਤਾਂ ਹੀ ਬਿਹਤਰ ਪ੍ਰਾਜੈਕਟ ਤਿਆਰ ਕੀਤਾ ਜਾ ਸਕਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਪੁਲਿਸ, ਪੁੱਡਾ, ਜੰਗਲਾਤ, ਕਾਰਪੋਰੇਸ਼ਨ, ਲੋਕ ਨਿਰਮਾਣ, ਬੀ ਐਸ ਐਫ, ਸੈਰ ਸਪਾਟਾ ਅਤੇ ਹੋਰ ਵਿਭਾਗਾਂ ਦੇ ਜਿਲ੍ਹਾ ਮੁਖੀ ਹਾਜ਼ਰ ਸਨ।
ਸਵਦੇਸ਼ ਦਰਸ਼ਨ ਤਹਿਤ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦਾ ਸੁੰਦਰੀਕਰਨ ਤਰਜੀਹ ਅਧਾਰ ਉਤੇ ਹੋਵੇ-ਡਿਪਟੀ ਕਮਿਸ਼ਨਰ
Date: