ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਆਯੋਜਿਤ

ਬਠਿੰਡਾ, 24 ਜੂਨ : ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਖੇਤੀਬਾੜੀ ਅਫ਼ਸਰ, ਬਠਿੰਡਾ ਡਾ. ਬਲਜਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਬਠਿੰਡਾ ਦੇ ਸਰਕਲ ਬੱਲੂਆਣਾ ਦੇ ਪਿੰਡ ਵਿਰਕ ਖੁਰਦ ਅਤੇ ਕਰਮਗੜ ਸ਼ਤਰਾਂ ਵਿਖੇ ਪਿੰਡ ਪੱਧਰੀ ਕਿਸਾਨ ਸਿਖਲਾਈ ਕੈੰਪ ਲਗਾਇਆ ਗਿਆ।

ਕੈਂਪ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਡਾ. ਲਵਪ੍ਰੀਤ ਕੌਰ ਨੇ ਕਿਸਾਨਾਂ ਨੂੰ ਨਰਮੇ ਦੀ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਣ ਲਈ ਮੁੱਢਲੇ ਪ੍ਰਬੰਧ ਅਤੇ ਨਰਮੇ ਦੀ ਫ਼ਸਲ ਦੀ ਕਾਸ਼ਤ ਲਈ ਖਾਦਾਂ, ਸਪਰੇਆਂ, ਕੀੜੇ-ਮਕੌੜੇ, ਬਿਮਾਰੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਡਾ. ਲਵਪ੍ਰੀਤ ਕੌਰ ਨੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਵੇਖਦੇ ਹੋਏ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਸਦੇ ਫਾਇਦੇ ਦੱਸਦੇ ਕਿਹਾ ਕਿ ਸਿੱਧੀ ਬਿਜਾਈ ਨਾਲ ਆਮ ਝੋਨੇ ਨਾਲੋਂ ਲੱਗਭਗ 20 ਫੀਸਦੀ ਤੱਕ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਲੱਗਭਗ 10-20 ਫੀਸਦੀ ਪਾਣੀ ਦਾ ਧਰਤੀ ਵਿੱਚ ਰੀਚਾਰਜ ਹੁੰਦਾ ਹੈ। ਆਮ ਝੋਨੇ ਨਾਲੋਂ ਖਰਚਾ ਵੀ ਘੱਟ ਹੁੰਦਾ ਹੈ।

ਕੈਂਪ ਮੌਕੇ ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਤਰ-ਵੱਤਰ ਵਿਧੀ, ਖੇਤ ਦੀ ਤਿਆਰੀ, ਬੀਜ਼ ਦੀ ਦਰ, ਬੀਜ਼ ਸੋਧ ਅਤੇ ਬੀਜਣ, ਸਿੰਚਾਈ, ਤੱਤਾਂ ਦੀ ਘਾਟ ਅਤੇ ਨਦੀਨਾਂ ਦੀ ਰੋਕਥਾਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਕੈਂਪ ਵਿੱਚ ਹਾਜ਼ਰ ਪਿੱਛਲੇ ਸਾਲਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੇ ਵੀ ਆਪਣੇ ਤਜ਼ਰਬੇ ਅਤੇ ਵਿਚਾਰ ਸਾਂਝੇ ਕੀਤੇ।

ਖੇਤੀਬਾੜੀ ਉਪ-ਨਿਰਿਖਕ ਅਮਨਵੀਰ ਕੌਰ ਵੱਲੋਂ ਮਿੱਟੀ ਪਾਣੀ ਦੇ ਸੈਂਪਲਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ, ਸਿੱਧੀ ਬਿਜਾਈ ਨੂੰ ਅਪਣਾਉਣ ਲਈ ਪ੍ਰੇਰਿਤ ਕਰਦੇ, ਇਸ ਵਿਧੀ ਨੂੰ ਅਮਲੀ ਜਾਮਾ ਪਹਿਣਾਉਣ ਲਈ ਕਿਹਾ। ਇਸ ਦੇ ਨਾਲ ਪੀ.ਐਮ.ਕਿਸਾਨ ਸਮਾਨ ਨਿਧੀ ਯੋਜਨਾ ਸਬੰਧੀ ਕਿਸਾਨਾਂ ਨਾਲ ਗੱਲਬਾਤ ਕੀਤੀ। ਝੋਨੇ ਦੀ ਸਿੱਧੀ ਬਿਜਾਈ ਅਤੇ ਨਰਮੇ ਦੀ ਬਿਜਾਈ ਵਾਲੇ ਕਿਸਾਨਾਂ ਦਾ ਰਿਕਾਰਡ ਨੋਟ ਕੀਤਾ ਅਤੇ ਹਾਜਰੀ ਲਗਵਾਈ ਗਈ। 

[wpadcenter_ad id='4448' align='none']