Thursday, January 23, 2025

ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ ‘ਤੇ ਚੱਲ ਕੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕਰਾਂਗੇ: ਮੁੱਖ ਮੰਤਰੀ

Date:

ਅੰਮ੍ਰਿਤਸਰ, 17 ਅਕਤੂਬਰ:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ ਅਤੇ ਉੱਚ ਆਦਰਸ਼ਾਂ ‘ਤੇ ਚੱਲ ਰਹੀ ਹੈ ਤਾਂ ਜੋ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

ਭਗਵਾਨ ਸ੍ਰੀ ਵਾਲਮੀਕਿ ਤੀਰਥ ਸਥਲ (ਰਾਮ ਤੀਰਥ) ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੁਹਰਾਇਆ ਕਿ ਭਗਵਾਨ ਵਾਲਮੀਕਿ ਜੀ ਸੰਸਕ੍ਰਿਤ ਭਾਸ਼ਾ ਦੇ “ਪਿਤਾਮਾ” ਅਤੇ ਵਿਸ਼ਵ ਦੇ ਪਹਿਲੇ ਕਵੀ ਜਾਂ ਆਦਿ ਕਵੀ ਸਨ, ਜਿਨ੍ਹਾਂ ਨੇ ਆਪਣੀ ਅਮਰ ਅਤੇ ਮਹਾਨ ਰਚਨਾ “ਰਾਮਾਇਣ” ਰਾਹੀਂ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ। ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਇਹ ਮਹਾਨ ਮਹਾਂਕਾਵਿ ਸਦੀਆਂ ਤੋਂ ਲੋਕਾਂ ਨੂੰ ਜੀਵਨ ਜਾਚ ਸਿਖਾਉਂਦਾ ਆਇਆ ਹੈ ਅਤੇ ਲੋਕਾਂ ਲਈ ਨੈਤਿਕ ਜੀਵਨ ਜਾਚ ਦਾ ਚਾਨਣ ਮੁਨਾਰਾ ਰਿਹਾ ਹੈ, ਜੋ ਕਿ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਕਿਤੇ ਜ਼ਿਆਦਾ ਪ੍ਰਸੰਗਿਕ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੇ ਆਦਰਸ਼ ਰਾਜ ਜਾਂ ਸਮਾਜ ਦੀ ਸਿਰਜਣਾ ਲਈ ਆਦਰਸ਼ ਮਨੁੱਖ, ਆਦਰਸ਼ ਸ਼ਾਸਕ ਅਤੇ ਆਦਰਸ਼ ਲੋਕਾਂ ਦੇ ਨਾਲ-ਨਾਲ ਸਮਾਜ ਵਿੱਚ ਬਰਾਬਰੀ ‘ਤੇ ਜ਼ੋਰ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਸੰਤਾਂ, ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ ਅਤੇ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਭਗਵਾਨ ਵਾਲਮੀਕਿ ਜੀ ਨੇ ਇਸ ਪਵਿੱਤਰ ਧਰਤੀ ‘ਤੇ ਭਗਵਾਨ ਰਾਮ ਜੀ ਦੇ ਪੁੱਤਰਾਂ ਲਵ ਅਤੇ ਕੁਸ਼ ਨੂੰ ਸਿਖਲਾਈ ਦਿੱਤੀ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇਸ ਪਵਿੱਤਰ ਧਰਤੀ ‘ਤੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਪਵਿੱਤਰ ਅਸਥਾਨ ਦੇ ਵਿਆਪਕ ਵਿਕਾਸ ਲਈ ਸਾਧਨਾਂ ਜੁਟਾਉਣ ਲਈ ਵਚਨਬੱਧ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਅਸਥਾਨ ਦੇ ਹੋਰ ਸੁੰਦਰੀਕਰਨ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ ਤਾਂ ਜੋ ਭਗਵਾਨ ਵਾਲਮੀਕਿ ਜੀ ਦੇ ਜੀਵਨ ਅਤੇ ਫ਼ਲਸਫ਼ੇ ਦਾ ਪ੍ਰਚਾਰ ਹੋ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਉਣ ਲਈ ਭਗਵਾਨ ਵਾਲਮੀਕਿ ਜੀ ਦੇ ਨਕਸ਼ੇ ਕਦਮਾਂ ‘ਤੇ ਚੱਲ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਭਾਈਚਾਰਕ ਸਾਂਝ, ਫਿਰਕੂ ਸਦਭਾਵਨਾ ਅਤੇ ਅਮਨ-ਸ਼ਾਂਤੀ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁਬਾਰਕ ਧਰਤੀ ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਇਸ ਲਈ ਹਰ ਹੀਲਾ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰ ਕੇ ਪੰਜਾਬ ਵਿੱਚ ਸੀਵਰੇਜ ਵਾਲਿਆਂ ਨਾਲ ਹੋ ਰਹੇ ਅਣਮਨੁੱਖੀ ਸਲੂਕ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੀਵਰੇਜ ਕਰਮਚਾਰੀਆਂ ਦੀ ਡਿਊਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਵੀਂ ਮਸ਼ੀਨਰੀ ਖ਼ਰੀਦੀ ਹੈ।

ਸਰਕਾਰੀ ਨੌਕਰੀ ਵਿੱਚੋਂ ਠੇਕਾ ਸ਼ਬਦ ਨੂੰ ਖ਼ਤਮ ਕਰਨ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਸਫ਼ਾਈ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਨੀਤੀ ‘ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਪਹਿਲਾਂ ਹੀ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾ ਚੁੱਕਾ ਹੈ ਅਤੇ ਜਲਦੀ ਹੀ ਇਸ ਲਈ ਵਿਹਾਰਕ ਵਿਧੀ ਤਿਆਰ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਇਸ ਗੱਲ ‘ਤੇ ਦ੍ਰਿੜ੍ਹ ਵਿਸ਼ਵਾਸ ਰੱਖਦੇ ਹਨ ਕਿ ਸਿਰਫ਼ ਲੀਡਰਾਂ ਦੇ ਬੋਲ-ਚਾਲ ਨਾਲ ਹੀ ਗਰੀਬੀ ਦੂਰ ਨਹੀਂ ਹੋਵੇਗੀ, ਸਗੋਂ ਆਮ ਆਦਮੀ ਦੇ ਸ਼ਕਤੀਕਰਨ ਨਾਲ ਹੀ ਇਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਹੀ ਉਹ ਕੁੰਜੀ ਹੈ, ਜੋ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕ ਕੇ ਗਰੀਬੀ ਵਿੱਚੋਂ ਬਾਹਰ ਕੱਢ ਸਕਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਮ ਆਦਮੀ ਦੇ ਸ਼ਕਤੀਕਰਨ ਲਈ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਣਥੱਕ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਜੇ.ਈ.ਈ. ਅਤੇ ਹੋਰ ਵੱਕਾਰੀ ਪ੍ਰੀਖਿਆਵਾਂ ਪਾਸ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਮਦਦ ਮਿਲੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਪ੍ਰਣਾਲੀ ਨੂੰ ਸੁਰਜੀਤ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਭੇਜਣਾ ਆਮ ਆਦਮੀ ਦੀ ਮਜਬੂਰੀ ਸੀ ਪਰ ਛੇ ਮਹੀਨਿਆਂ ਦੇ ਅੰਦਰ-ਅੰਦਰ ਇਹ ਉਨ੍ਹਾਂ ਦਾ ਸੁਪਨਾ ਬਣ ਜਾਵੇਗਾ ਕਿਉਂਕਿ ਸਿੱਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਕੀਤਾ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸੂਬੇ ਭਰ ਵਿੱਚ ਸਕੂਲ ਆਫ਼ ਐਮੀਨੈਂਸ ਸਥਾਪਿਤ ਕੀਤੇ ਗਏ ਹਨ ਅਤੇ ਇਸੇ ਤਰ੍ਹਾਂ ਸਰਕਾਰੀ ਸਿਹਤ ਸੰਭਾਲ ਪ੍ਰਣਾਲੀ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਹੀ 860 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨੇ ਦੋ ਕਰੋੜ ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਹੈ ਅਤੇ ਇਨ੍ਹਾਂ ਵਿੱਚੋਂ 95 ਫੀਸਦੀ ਲੋਕ ਹੁਣ ਤੰਦਰੁਸਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਨੇ ਸੂਬੇ ਵਿੱਚ ਪ੍ਰਚਲਿਤ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕਰਨ ਅਤੇ ਇਨ੍ਹਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਡੇਟਾਬੇਸ ਤਿਆਰ ਕਰਨ ਵਿੱਚ ਵੀ ਸਰਕਾਰ ਦੀ ਮਦਦ ਕੀਤੀ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ.) ਦੀ 27 ਜਨਵਰੀ, 2024 ਨੂੰ ਜਲੰਧਰ ਦੇ ਪੀ.ਏ.ਪੀ. ਕੰਪਲੈਕਸ ਤੋਂ ਸ਼ੁਰੂਆਤ ਹੋਈ ਸੀ ਅਤੇ ਇਸ ਨੇ ਆਪਣੀ ਹੋਂਦ ਦੇ ਅੱਠ ਮਹੀਨਿਆਂ ਵਿੱਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ 45.03 ਫੀਸਦੀ ਤੱਕ ਘਟਾਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਫਰਵਰੀ ਤੋਂ ਸਤੰਬਰ 2023 ਤੱਕ ਸੂਬੇ ਦੀਆਂ ਸੜਕਾਂ ‘ਤੇ ਹਾਦਸਿਆਂ ‘ਚ 1454 ਵਿਅਕਤੀ ਮਾਰੇ ਗਏ ਸਨ, ਜਦ ਕਿ ਇਸ ਸਾਲ ਇਸ ਫੋਰਸ ਦੀ ਸ਼ੁਰੂਆਤ ਤੋਂ ਬਾਅਦ ਫਰਵਰੀ 2024 ਤੋਂ ਸਤੰਬਰ 2024 ਤੱਕ 794 ਵਿਅਕਤੀਆਂ ਦੀ ਸੜਕ ਹਾਦਸਿਆਂ ‘ਚ ਜਾਨ ਗਈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਸਮੇਂ ਦੌਰਾਨ 15309 ਜ਼ਖਮੀਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਮੁਹੱਈਆ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿਸੇ ਵੀ ਜਾਨੀ ਨੁਕਸਾਨ ਦੀ ਸਥਿਤੀ ਵਿੱਚ ਐਸ.ਐਸ.ਐਫ. ਮਹਿਜ਼ ਛੇ ਤੋਂ ਅੱਠ ਮਿੰਟ ਵਿੱਚ ਮੌਕੇ ਉੱਤੇ ਪਹੁੰਚ ਜਾਂਦੀ ਹੈ ਅਤੇ ਇਹ ਫੋਰਸ ਲੋਕਾਂ ਲਈ ‘ਜੀਵਨ ਰੱਖਿਅਕ’ ਬਣ ਕੇ ਉੱਭਰੀ ਹੈ।

Share post:

Subscribe

spot_imgspot_img

Popular

More like this
Related

ਅੰਮ੍ਰਿਤਸਰ ‘ਚ 4 ਇਮੀਗ੍ਰੇਸ਼ਨ ਸੈਂਟਰਾਂ ਦੇ ਲਾਇਸੈਂਸ ਹੋਏ ਰੱਦ ,ਮਨੁੱਖੀ ਤਸਕਰੀ ਰੋਕਣ ਲਈ ਕੀਤੀ ਗਈ ਕਾਰਵਾਈ

Action Against Immigration IELTS Center ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨੌਜਵਾਨਾਂ ਨੂੰ...

ਟ੍ਰੈਫਿਕ ਨਿਯਮਾਂ ‘ਤੇ ਸਖ਼ਤੀ , ਇੱਕ ਹੀ ਬਾਈਕ ਦਾ ਕੱਟਿਆ ਗਿਆ 411 ਵਾਰ ਚਲਾਨ ! RLA ਵੀ ਰਹਿ ਗਏ ਹੈਰਾਨ

Chandigarh Police Strictness on traffic rules ਚੰਡੀਗੜ੍ਹ ਵਿੱਚ ਟ੍ਰੈਫਿਕ ਨਿਯਮਾਂ...

ਅਮਰੀਕਾ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾਏਗਾ ਭਾਰਤ? 

Will India call back the citizens? ਵਿਦੇਸ਼ ਮੰਤਰੀ ਐੱਸ...

ਦੇਸ਼ ਦੀ ਰੱਖਿਆ ਕਰਦਾ ਪੰਜਾਬ ਦਾ ਅਗਨੀਵੀਰ ਜੰਮੂ ‘ਚ ਹੋਇਆ ਸ਼ਹੀਦ

Recruitment was done 2 years ago ਮਾਨਸਾ ਜ਼ਿਲ੍ਹੇ ਦੇ...