2.15 ਕਰੋੜ ਰੁਪਏ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ  ਬਣੇਗਾ ਵੈਂਡਰ ਬਲਾਕ- ਵਿਧਾਇਕ ਸੇਖੋਂ

ਫ਼ਰੀਦਕੋਟ 24 ਫ਼ਰਵਰੀ,2024

ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਟਾਈਪਿਸਟ, ਵਸੀਕਾਨਵੀਸ, ਨਕਸ਼ਾਨਵੀਸ, ਨੋਟਰੀ ਪਬਲਿਕ ਅਤੇ ਫੋਟੋ ਸਟੈਟ ਵਾਲਿਆਂ ਦੀ ਸਹੂਲਤ ਲਈ ਜਲਦ ਹੀ ਦੋ ਮੰਜ਼ਿਲਾ ਹਵਾਦਾਰ ਇਮਾਰਤ ਦੀ ਉਸਾਰੀ ਕੀਤੀ ਜਾਵੇਗੀ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਫ਼ਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸੇਖੋਂ ਨੇ ਦੱਸਿਆ ਕਿ ਇਸ ਕਿੱਤੇ ਨਾਲ ਜੁੜੇ ਤਕਰੀਬਨ 250 ਕਾਮੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਧਰਾਤਲ ਤੇ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ । ਉਨ੍ਹਾਂ ਦੱਸਿਆ ਕਿ ਜਿਸ ਥਾਂ ਤੇ ਉਹ ਕੰਮ ਕਰਦੇ ਹਨ ਉਹ ਵਧ ਰਹੇ ਕੰਮ ਅਤੇ ਅਬਾਦੀ ਕਾਰਨ ਲਗਾਤਾਰ ਤੰਗ ਹੁੰਦੀ ਜਾ ਰਹੀ ਹੈ ।ਇਨ੍ਹਾਂ ਲੋਕਾਂ ਦੇ ਦੱਸਣ ਮੁਤਾਬਿਕ ਖਰਾਬ ਮੌਸਮ, ਖਾਸਕਰ ਬਾਰਿਸ਼ਾਂ ਅਤੇ ਗਰਮੀ ਦੇ ਦਿਣਾਂ ਦੌਰਾਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਮ੍ਹਣਾਂ ਕਰਨਾ ਪੈਂਦਾ ਹੈ ।

ਇਸ ਸਬੰਧੀ ਸਰਕਾਰ ਨੂੰ ਇਨ੍ਹਾਂ ਕਿੱਤਿਆਂ ਨਾਲ ਜੁੜੇ ਲੋਕਾਂ ਵੱਲੋਂ ਸਮੇਂ-ਸਮੇਂ ਤੇ ਇੱਕ ਮੋਕਲੀ ਤੇ ਹਵਾਦਾਰ ਇਮਾਰਤ ਬਨਾਉਣ ਦੀਆਂ ਬੇਨਤੀਆਂ ਪ੍ਰਾਪਤ ਹੋ ਰਹਿਆਂ ਸਨ । ਸ.ਸੇਖੋਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗੁਵਾਈ ਵਿੱਚ ਬਣੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਜਿਸ ਦੇ ਤਹਿਤ ਇਨ੍ਹਾਂ ਮਿਹਨਤਕਸ਼ ਲੋਕਾਂ ਦੀ ਮੰਗ ਵੱਲ ਖਾਸ ਤਵੱਜੋ ਦਿੱਗੀ ਗਈ । ਉਨ੍ਹਾਂ ਦੱਸਿਆ ਕਿ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨਾਲ ਲਗਾਤਾਰ ਰਾਬਤਾ ਕਾਇਮ ਕਰ ਕੇ ਇਸ ਕੰਮ ਦੀ ਪ੍ਰਸ਼ਾਸ਼ਕੀ ਪ੍ਰਵਾਨਗੀ ਜਾਰੀ ਕਰਵਾ ਦਿੱਤੀ ਗਈ ਹੈ । ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਦੌਰਾਨ ਟੈਂਡਰ ਅਲਾਟ ਕਰ ਕੇ ਢੁੱਕਵੀਂ ਥਾਂ ਤੇ ਕੰਮ ਸ਼ੁਰੂ ਕਰਵਾ ਕੇ ਸੁਚੱਜੇ ਢੰਗ ਨਾਲ ਨੇਪਰੇ ਵੀ ਚਾੜ ਲਿਆ ਜਾਵੇਗਾ ।

 ਉਨ੍ਹਾਂ ਦੱਸਿਆ ਕਿ ਨਵੀਂ ਇਮਾਰਤ ਵਿੱਚ ਜਿੱਥੇ ਆਬ-ਓ-ਹਵਾ ਲਈ ਖੁੱਲੀਆਂ ਖਿੜਕੀਆਂ ਅਤੇ ਦਰਵਾਜ਼ੇ ਬਣਾਏ ਜਾਣਗੇ ਉੱਥੇ ਨਾਲ ਹੀ ਸਫਾਈ ਦਾ ਖਾਸ ਖਿਆਲ ਰੱਖਦੇ ਹੋਏ ਗੁਸਲਖਾਨੇ ਵੀ ਬਣਾਏ ਜਾਣਗੇ ਤਾਂ ਜੋ ਇੱਥੇ ਕੰਮ ਕਰਨ ਵਾਲਿਆਂ ਦੇ ਨਾਲ-ਨਾਲ ਦੂਰੋਂ ਨੇੜਿਉਂ ਚੱਲ ਕੇ ਆਉਣ ਵਾਲੇ ਲੋਕਾਂ ਨੂੰ ਵੀ ਕੋਈ ਸਮੱਸਿਆ ਦਰਪੇਸ਼ ਨਾ ਆਵੇ ।

[wpadcenter_ad id='4448' align='none']