World Cup 2023:
ਵਨਡੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ ਸੀ, ਅਤੇ ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਫਾਈਨਲ ਮੈਚ ਜਿੱਤ ਲਿਆ ਸੀ। ਇਸ ਜਿੱਤ ਤੋਂ ਬਾਅਦ ਆਸਟ੍ਰੇਲੀਆਈ ਆਲਰਾਊਂਡਰ ਮਿਸ਼ੇਲ ਮਾਰਸ਼ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਜਿਸ ‘ਚ ਉਹ ਵਿਸ਼ਵ ਕੱਪ ਟਰਾਫੀ ‘ਤੇ ਆਪਣੇ ਦੋਵੇਂ ਪੈਰ ਰੱਖ ਕੇ ਆਰਾਮ ਕਰ ਰਹੇ ਸਨ।
ਭਾਰਤ ‘ਚ ਇਸ ਤਸਵੀਰ ਅਤੇ ਮਿਸ਼ੇਲ ਮਾਰਸ਼ ਦੀ ਕਾਫੀ ਆਲੋਚਨਾ ਹੋਈ ਸੀ। ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਨੇ ਇਸ ਨੂੰ ਕ੍ਰਿਕਟ ਅਤੇ ਵਿਸ਼ਵ ਕੱਪ ਟਰਾਫੀ ਦਾ ਅਪਮਾਨ ਦੱਸਿਆ। ਪਿਛਲੇ 10 ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਮਿਸ਼ੇਲ ਮਾਰਸ਼ ਦੀ ਇਸ ਤਸਵੀਰ ਨੂੰ ਲੈ ਕੇ ਹੰਗਾਮਾ ਹੋ ਰਿਹਾ ਸੀ ਪਰ ਹੁਣ ਆਖਿਰਕਾਰ ਮਾਰਸ਼ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ।
ਵਿਸ਼ਵ ਕੱਪ ਟਰਾਫੀ ‘ਤੇ ਫਿਰ ਤੋਂ ਪੈਰ ਰੱਖਣਗੇ ਮਿਸ਼ੇਲ ਮਾਰਸ਼
ਸੇਨ ਰੇਡੀਓ ਨੂੰ ਦਿੱਤੇ ਇੰਟਰਵਿਊ ‘ਚ ਮਿਸ਼ੇਲ ਮਾਰਸ਼ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਟਰਾਫੀ ਜਾਂ ਭਾਰਤੀ ਪ੍ਰਸ਼ੰਸਕਾਂ ਦਾ ਅਪਮਾਨ ਕਰਨਾ ਨਹੀਂ ਸੀ। ਮਿਸ਼ੇਲ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਦੁਬਾਰਾ ਵਿਸ਼ਵ ਕੱਪ ਟਰਾਫੀ ‘ਤੇ ਪੈਰ ਰੱਖਣਗੇ। ਇਸ ਦੇ ਜਵਾਬ ‘ਚ ਮਾਰਸ਼ ਨੇ ਕਿਹਾ, ”ਇਮਾਨਦਾਰੀ ਨਾਲ ਕਹਾਂ ਤਾਂ ਸ਼ਾਇਦ ਹਾਂ ਰੱਖਾਂਗਾ।” ਉਨ੍ਹਾਂ ਨੇ ਅੱਗੇ ਕਿਹਾ, ”ਸਪੱਸ਼ਟ ਤੌਰ ‘ਤੇ ਉਸ ਤਸਵੀਰ ‘ਚ ਕਿਸੇ ਤਰ੍ਹਾਂ ਦਾ ਅਪਮਾਨ ਨਹੀਂ ਸੀ। ਮੈਂ ਇਸ ਬਾਰੇ ਬਹੁਤਾ ਨਹੀਂ ਸੋਚਿਆ। ਮੈਂ ਸੋਸ਼ਲ ਮੀਡੀਆ ‘ਤੇ ਇਸ ਬਾਰੇ ਜ਼ਿਆਦਾ ਨਹੀਂ ਦੇਖਿਆ ਹੈ, ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਮੈਨੂੰ ਦੱਸਿਆ ਕਿ ਇਸ ਬਾਰੇ ਚਰਚਾਵਾਂ ਖਤਮ ਹੋ ਗਈਆਂ ਹਨ। ਉਸ ਵਿੱਚ ਕੁਝ ਵੀ ਨਹੀਂ ਸੀ।”
ਮੁਹੰਮਦ ਸ਼ਮੀ ਨੇ ਵੀ ਪ੍ਰਤੀਕਿਰਿਆ ਦਿੱਤੀ
ਦੱਸ ਦੇਈਏ ਕਿ ਮਿਸ਼ੇਲ ਮਾਰਸ਼ ਦੀ ਇਸ ਵਾਇਰਲ ਤਸਵੀਰ ‘ਤੇ ਮੁਹੰਮਦ ਸ਼ਮੀ ਨੇ ਵੀ ਬਿਆਨ ਦਿੱਤਾ ਸੀ। ਉਸਨੇ ਕਿਹਾ ਸੀ ਕਿ, “ਇਸ ਚੀਜ਼ ਨੇ ਮੈਨੂੰ ਵੀ ਬਹੁਤ ਦੁੱਖੀ ਕੀਤਾ ਹੈ, ਸਾਰੇ ਦੇਸ਼ ਇਸ ਟਰਾਫੀ ਲਈ ਖੇਡਦੇ ਹਨ, ਹਰ ਕੋਈ ਇਸ ਟਰਾਫੀ ਨੂੰ ਆਪਣੇ ਸਿਰ ‘ਤੇ ਚੁੱਕਣਾ ਚਾਹੁੰਦਾ ਹੈ, ਅਤੇ ਉਸਨੇ ਉਸ ਟਰਾਫੀ ‘ਤੇ ਆਪਣੇ ਪੈਰ ਰੱਖੇ, ਇਹ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲਗਾ। ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।
World Cup 2023: