Avtar Singh Pash: ਅਵਤਾਰ ਸਿੰਘ ਸੰਧੂ ਉਰਫ ਪਾਸ਼ ਦਾ ਜਨਮ 9 ਸਤੰਬਰ 1950 ਈ: ਨੂੰ ਤਲਵੰਡੀ ਸਲੇਮ ਜ਼ਿਲਾ ਜਲੰਧਰ ਦੇ ਇੱਕ ਸਾਧਾਰਨ ਜੱਟ ਸਿੱਖ ਪਰਿਵਾਰ ਵਿੱਚ ਹੋਇਆ । ਪਾਸ਼ ਦੇ ਪਿਤਾ ਦਾ ਨਾਮ ਸ. ਸੋਹਣ ਸਿੰਘ ਸੰਧੂ ਸੀ ਜੋ ਫੌਜ ਵਿੱਚ ਮੇਜਰ ਦੇ ਅਹੁਦੇ ਉੱਪਰੋਂ ਰਿਟਾਇਰ ਹੋਇਆ । ਪਾਸ਼ ਨੂੰ ਛੇ ਕੁ ਸਾਲ ਦੀ ਉਮਰ ਵਿੱਚ ਆਪਣੇ ਲਾਗਲੇ ਪਿੰਡ ਖੀਵੇ ਵਿਖੇ ਪੜ੍ਹਨ ਲਾਇਆ ਗਿਆ ਜਿੱਥੇ ਉਸ ਨੇ 1964 ਵਿੱਚ ਅੱਠਵੀਂ ਦੀ ਪ੍ਰੀਖਿਆ ਪਾਸ ਕੀਤੀ । ਇਸ ਤੋਂ ਬਾਅਦ ਪਾਸ ਲਗਾਤਾਰ ਕਪੂਰਥਲੇ ਅਤੇ ਫਿਰ ਜਲੰਧਰ ਸ਼ਹਿਰਾਂ ਵਿੱਚ ਆਪਣੀ ਪੜ੍ਹਾਈ ਲਈ ਵਿਚਰਦਾ ਰਿਹਾ । ਜਲੰਧਰ ਸ਼ਹਿਰ ਵਿੱਚ ਹੀ ਉਹ ਆਪਣੇ ਇੱਕ ਆਦਰਸ਼ ਅਧਿਆਪਕਾ “ਪ੍ਰਵੇਸ਼ ਕੌਰ” ਨੂੰ ਮਿਲੇ ਜਿਸ ਤੋਂ ਪ੍ਰਭਾਵਿਤ ਹੋ ਕੇ ਆਪਣਾ ਨਾਮ ਪਾਸ਼ ਰੱਖਿਆ । ਭਾਵੇਂ ਪਾਸ਼ ਨੇ ਕੁਝ ਸਮਾਂ ਬੀ.ਐਸ.ਐਫ ਵਿੱਚ ਫੌਜ ਦੀ ਨੌਕਰੀ ਵੀ ਕੀਤੀ ਪਰ ਫਿਰ ਉਹ ਨੌਕਰੀ ਛੱਡ ਪਿੰਡ ਵਾਪਸ ਆ ਗਿਆ । ਹੁਣ ਪਾਸ਼ ਨੇ ਪੂਰੀ ਤਰ੍ਹਾਂ ਸਾਹਿਤਕ ,ਸੰਪਾਦਕੀ, ਵਿੱਦਿਅਕ ਅਤੇ ਰਾਜਸੀ ਰੁਝੇਵਿਆ ਵਿੱਚ ਭਾਗ ਲੈਣ ਦਾ ਨਿਸਚਾ ਕਰ ਲਿਆ ਸੀ ।
ਇਸ ਤੋਂ ਬਾਅਦ ਪਾਸ਼ ਦਾ ਨਾਮ ਸਰਗਰਮ ਨਕਸਲੀ ਲਹਿਰ ਨਾਲ ਜੁੜ ਗਿਆ। ਜਿਸ ਕਰਕੇ ਉਸ ਨੂੰ ਸਰਕਾਰੀ ਰਿਕਾਰਡ ਵਿੱਚ ਇੱਕ ਹਥਿਆਰਬੰਦ ਨਕਸਲੀ ਕਾਰਜਕਰਤਾ ਗਰਦਾਨਿਆ ਗਿਆ । ਫਿਰ ਨਕੋਦਰ ਵਿੱਚ ਇੱਕ ਭੱਠਾ ਮਾਲਕ ਮੱਲਾ ਦੇ ਕਤਲ ਉਪਰੰਤ 10 ਮਈ 1970 ਨੂੰ ਪਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ । 9 ਸਾਲ ਦੇ ਵਕਫੇ ਬਾਅਦ ਪਾਸ਼ ਨੇ ਫਿਰ ਵਿੱਦਿਆ ਪ੍ਰਾਪਤੀ ਵੱਲ ਆਪਣਾ ਕਦਮ ਪੁੱਟਿਆ 1976 ਵਿੱਚ ਉਸ ਨੇ ਗਿਆਨੀ ਤੇ ਦਸਵੀਂ ਦੇ ਇਮਤਿਹਾਨ ਪਾਸ ਕਰ ਲਏ । 1978 ਵਿੱਚ ਉਸ ਨੇ ਜੇ .ਬੀ .ਟੀ ਦਾ ਇਮਤਿਹਾਨ ਵੀ ਪਾਸ ਕਰ ਲਿਆ ਸੀ । ਫੇਰ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਸਕੂਲ ਵਿੱਚ ਨੌਕਰੀ ਨਾ ਮਿਲਦੀ ਹੋਣ ਕਰਕੇ ਉਸ ਨੇ ਲਾਗਲੇ ਪਿੰਡ ਵਿਚ ਇੱਕ ਨੈਸ਼ਨਲ ਮਾਡਲ ਸਕੂਲ ਆਰੰਭ ਕਰ ਲਿਆ ਜਿਸ ਵਿੱਚ ਪਾਸ਼ ਖ਼ੁਦ ਹੀ ਚਪੜਾਸੀ ਤੋਂ ਲੈ ਕੇ ਮੁੱਖ ਅਧਿਆਪਕ ਤੱਕ ਦੇ ਫ਼ਰਜ਼ ਨਿਭਾਉਂਦਾ ਰਿਹਾ । ਪਰ ਇਹ ਸਕੂਲ ਵੀ ਬਹੁਤਾ ਚਿਰ ਚੱਲ ਨਹੀਂ ਸਕਿਆ । 1986 ਵਿੱਚ ਇੱਥੋਂ ਦੇ ਅਣਸੁਖਾਵੇਂ ਹਾਲਾਤਾਂ ਨੂੰ ਦੇਖਦਾ ਹੋਇਆ ਪਾਸ਼ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਵਿੱਚ ਪਹੁੰਚ ਗਿਆ ਸੀ । ਪਰ ਵੀਜ਼ੇ ਦੀ ਮਿਆਦ ਮੁੱਕਣ ਕਰਕੇ ਉਸ ਨੂੰ ਵਾਪਸ ਆਉਣਾ ਪਿਆ ।
ਇਹ ਵੀ ਪੜ੍ਹੋ: ਗਦਰੀ ਬੀਬੀ ਗੁਲਾਬ ਕੌਰ ਦੀ ਕਹਾਣੀ
ਹੁਣ ਉਹ ਦੁਬਾਰਾ ਵੀਜ਼ਾ ਲਗਵਾਉਣ ਲਈ ਯਤਨ ਕਰ ਹੀ ਰਿਹਾ ਸੀ ਕਿ ਇੱਕ ਦਿਨ 23ਮਾਰਚ 1988 ਨੂੰ ਆਪਣੇ ਪਰਮ ਮਿੱਤਰ ਹੰਸ ਰਾਜ ਨਾਲ ਖੇਤ ਮੋਟਰ ਉੱਪਰ ਨਹਾਉਣ ਗਏ ਨੂੰ ਗੋਲੀਆਂ ਨਾਲ ਭੁੰਨ ਦਿੱਤਾ । ਇਸ ਤਰ੍ਹਾਂ ਇੱਕ ਮਹਾਨ ਕ੍ਰਾਂਤੀਕਾਰੀ ਸ਼ਾਇਰ ਸਾਥੋਂ ਹਮੇਸ਼ਾਂ ਲਈ ਦੂਰ ਹੋ ਗਿਆ ਪਰ ਉਸ ਦੀ ਕਵਿਤਾ ਅੱਜ ਵੀ ਸਾਡੇ ਸੰਵੇਦਨਸ਼ੀਲ ਦਿਲਾਂ ‘ਚ ਵਸਦੀ ਹੈ ।
ਪਾਸ਼ ਨੂੰ ਨਕਸਲਵਾੜੀ ਕਵਿਤਾ ਦਾ ਕਵੀ ਕਿਹਾ ਜਾਂਦਾ ਹੈ। ਨਕਸਲੀ ਲਹਿਰ ਦਾ ਆਰੰਭ ਪੱਛਮੀ ਬੰਗਾਲ ਦੇ ਦੂਰ ਦਰਾਡੇ ਕਬਾਇਲੀ ਇਲਾਕੇ ਨਕਸਲਬਾੜੀ ਵਿਚ ਵਾਪਰੀ ਇੱਕ ਘਟਨਾ ਨਾਲ ਹੋਇਆ । 1968 ਦੇ ਅੱਧ ਤੋਂ ਪੰਜਾਬ ਵਿੱਚ ਵੀ ਨਕਸਲੀ ਲਹਿਰ ਕਾਫ਼ੀ ਸਰਗਰਮ ਹੋ ਗਈ ਸੀ। ਪਾਸ਼ ਉਨ੍ਹਾਂ ਸਿਰਕੱਢ ਕਵੀਆਂ ਚੋਂ ਇੱਕ ਹੈ, ਜੋ ਇਸ ਲਹਿਰ ਤੋਂ ਪ੍ਰਭਾਵਿਤ ਹੋ ਕੇ ਕਵਿਤਾ ਦੇ ਖੇਤਰ ਵਿੱਚ ਆਏ। ਪਾਸ਼ ਨੇ 1965 ਵਿੱਚ ਹੀ ਆਪਣੀ ਪੜ੍ਹਾਈ ਵਿੱਚ ਵਿਚਾਲੇ ਛੱਡ ਕੇ “ਬੜ੍ਹਕਾਂ ਵਾਲੀ ਕਵਿਤਾ” ਲਿਖਣੀ ਸ਼ੁਰੂ ਕਰ ਦਿੱਤੀ ਸੀ । ਜੇਕਰ ਪਾਸ ਦੇ ਰਚਨਾ ਸੰਸਾਰ ਉੱਪਰ ਝਾਤ ਪਾਈ ਜਾਵੇ ਤਾਂ ਉਸ ਨੇ ਲੋਹ ਕਥਾ(1970) ਉੱਡਦੇ ਬਾਜ਼ਾਂ ਮਗਰ(1974) ਅਤੇ ਸਾਡੇ ਸਮੇਂ ਵਿੱਚ(1978) ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ । Avtar Singh Pash:
ਪਾਸ਼ ਦੇ ਕਾਵਿ ਸਰੋਕਾਰਾਂ ਵਿੱਚ ਸਾਨੂੰ ਮਾਨਵੀ ਜੀਵਨ ਦੇ ਸਾਰੇ ਰੰਗ ਮਿਲਦੇ ਹਨ । ਉਸ ਦੀ ਕਵਿਤਾ ਵਿੱਚ ਜਿੱਥੇ ਰੋਹ ਵਿਦਰੋਹ ਨਜ਼ਰ ਆਉਂਦਾ ਹੈ ਉੱਥੇ ਭਰਪੂਰ ਰੂਪ ਵਿੱਚ ਜ਼ਿੰਦਗੀ ਮਾਨਣ ਦੀ ਕਾਮਨਾ ਵੀ ਹੈ ।
ਜਿਵੇਂ :-
ਤੂੰ ਇਹ ਸਾਰਾ ਹੀ ਕੁਝ ਭੁੱਲ ਜਾਵੀਂ ਮੇਰੀ ਦੋਸਤ ਸਿਵਾ ਇਸ ਤੋਂ
ਕਿ ਮੈਨੂੰ ਜੀਣ ਦੀ ਬਹੁਤ ਲੋਚਾ ਸੀ
ਕਿ ਮੈਂ ਗਲੇ ਤੀਕਰ ਜ਼ਿੰਦਗੀ ਵਿੱਚ ਡੁੱਬਣਾ ਚਾਹੁੰਦਾ ਸਾਂ
ਮੇਰੇ ਵੀ ਹਿੱਸੇ ਦਾ ਜੀਅ ਲੈਣਾ ਮੇਰੀ ਦੋਸਤ …
ਪਾਸ਼ ਆਪਣੀ ਕਾਵਿ ਸੰਵੇਦਨਾ ਨੂੰ ਦੂਜੇ ਕਵੀਆਂ ਨਾਲੋਂ ਵੱਖ ਕਰਦਿਆਂ ਹੋਇਆਂ ਤੇ ਲੋਟੂ ਸ਼ਾਸਨ ਪ੍ਰਬੰਧ ਦਾ ਪਾਜ ਉਘਾੜਦਿਆਂ ਹੋਇਆਂ ਕਹਿੰਦਾ ਹੈ ।
ਦੋ ਤੇ ਦੋ ਤਿੰਨ ਵੀ ਹੋ ਸਕਦੇ ਹਨ
ਵਰਤਮਾਨ ਮਿਥਿਹਾਸ ਹੋ ਸਕਦਾ ਹੈ
ਮਨੁੱਖੀ ਸ਼ਕਲ ਵੀ ਚਮਚੇ ਵਰਗੀ ਹੋ ਸਕਦੀ ਹੈ।
ਪਾਸ਼ ਦੀ ਕਵਿਤਾ ਵਿੱਚ ਪਿਆਰ ਭਾਵਨਾ ਭਾਵੇਂ ਘੱਟ ਹੈ ਪਰ ਉਹ ਜਿਸ ਰੂਪ ਵਿੱਚ ਹੈ । ਉਸ ਨੂੰ ਵਿਅਕਤ ਕਰਨ ਦਾ ਅੰਦਾਜ਼ ਵੀ ਪਾਸ ਕੋਲ ਹੀ ਸੀ ।
ਜਿਵੇਂ:- ਜਦ ਇੱਕ ਕੁੜੀ ਨੇ ਮੈਨੂੰ ਕਿਹਾ
ਮੈਂ ਬਹੁਤ ਸੋਹਣਾ ਹਾਂ
ਤਾਂ ਮੈਨੂੰ ਉਸ ਕੁੜੀ ਦੀਆਂ ਅੱਖਾਂ ‘ਚ ਨੁਕਸ ਜਾਪਿਆ
ਪਾਸ਼ ਆਪਣੀ ਕਵਿਤਾ ਵਿੱਚ ਲੋਟੂ ਸਮਾਜ ਨੂੰ ਤਿੱਖੇ ਸੁਰ ਵਿੱਚ ਭੰਡਦਾ ਹੈ ਤੇ ਇੱਕ ਹਥਿਆਰਬੰਦ ਕ੍ਰਾਂਤੀ ਲਈ ਉਜ਼ਰ ਕਰਦਾ ਹੈ ।
ਜਿਵੇਂ:-
ਹੱਥ ਕਿਰਤ ਕਰਨ ਲਈ ਹੀ ਨਹੀਂ ਹੁੰਦੇ
ਲੋਟੂ ਹੱਥਾਂ ਨੂੰ ਤੋੜਨ ਲਈ ਵੀ ਹੁੰਦੇ ਹਨ …
ਪਾਸ਼ ਨੇ “ਇਨਕਾਰ” ਕਵਿਤਾ ਰਾਹੀਂ ਉਸ ਵੇਲੇ ਦੂਜੇ ਕਵੀਆਂ ਤੋਂ ਵਿੱਥ ਸਿਰਜ ਕੇ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਸੱਚਮੁੱਚ ਹੀ “ਪਾਸ਼” ਹੈ ।
ਜਿਵੇਂ:-
ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ…
ਪਾਸ਼ ਨੇ ਆਪਣੇ ਮਰ ਜਾਣ ਦੀ ਪੇਸ਼ਨਗੋਈ ਪਹਿਲਾਂ ਹੀ ਆਪਣੀ ਇੱਕ ਕਵਿਤਾ ਵਿੱਚ ਕਰ ਦਿੱਤੀ ਸੀ। ਜਿਵੇਂ :-
ਚਾਨਣੇ ਬੇਚਾਨਣੇ ਕਤਲ ਹੋ ਸਕਦਾ ਹਾਂ ਮੈਂ …
ਪਰ ਘਾਹ ਕਵਿਤਾ “ਪਾਸ਼” ਨੂੰ ਸਾਡੇ ਸਾਹਮਣੇ ਦੁਬਾਰਾ ਜ਼ਿੰਦਾ ਕਰ ਦਿੰਦੀ ਹੈ ।
ਮੈਂ ਘਾਹ ਹਾਂ
ਮੈਂ ਤੁਹਾਡੇ ਹਰ ਕੀਤੇ ਕਰਾਏ ’ਤੇ ਉੱਗ ਆਵਾਂਗਾ|
ਬੰਬ ਸੁੱਟ ਦਿਉ ਭਾਵੇਂ ਵਿਸ਼ਵ ਵਿਦਿਆਲੇ ’ਤੇ
ਬਣਾ ਦਿਉ ਹਰ ਹੋਸਟਲ ਮਲਬੇ ਦੇ ਢੇਰ
ਸੁਹਾਗਾ ਫੇਰ ਦਿਉ ਬੇਸ਼ੱਕ ਸਾਡੀਆਂ ਝੁੱਗੀਆਂ ’ਤੇ
ਮੈਨੂੰ ਕੀ ਕਰੋਗੇ ?
ਮੈਂ ਤਾਂ ਘਾਹ ਹਾਂ, ਹਰ ਚੀਜ਼ ਢਕ ਲਵਾਂਗਾ
ਹਰ ਢੇਰ ’ਤੇ ਉੱਗ ਆਵਾਂਗਾ|
ਬੰਗੇ ਨੂੰ ਢੇਰੀ ਕਰ ਦਿਓ
ਸੰਗਰੂਰ ਨੂੰ ਮਿਟਾ ਦਿਓ
ਧੁੜ ’ਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ
ਮੇਰੀ ਹਰਿਆਲੀ ਆਪਣਾ ਕੰਮ ਕਰੇਗੀ….
ਦੋ ਸਾਲ, ਦਸ ਸਾਲ ਬਾਦ
ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ
”ਇਹ ਕਿਹੜੀ ਥਾਂ ਹੈ ?
ਮੈਨੂੰ ਬਰਨਾਲੇ ਉਤਾਰ ਦੇਣਾ
ਜਿੱਥੇ ਹਰੇ ਘਾਹ ਦਾ ਜੰਗਲ ਹੈ|”
ਮੈਂ ਘਾਹ ਹਾਂ, ਮੈਂ ਆਪਣਾ ਕੰਮ ਕਰਾਂਗਾ
ਮੈਂ ਤੁਹਾਡੇ ਹਰ ਕੀਤੇ ਕਰਾਏ ’ਤੇ ਉੱਗ ਆਵਾਂਗਾ|
ਪਾਸ਼
Avtar Singh Pash: