ਪਟਿਆਲਾ (ਮਾਲਕ ਸਿੰਘ ਘੁੰਮਣ) : ਠੰਢ ਘਟਦਿਆਂ ਹੀ ਤਾਪਮਾਨ ਵਿਚ ਅਚਾਨਕ ਵਾਧਾ ਹੋਣ ਨਾਲ ਪਾਵਰਕਾਮ ਦੀਆਂ ਮੁਸੀਬਤਾਂ ਵਧਣ ਲੱਗੀਆਂ ਹਨ। ਬਿਜਲੀ ਦੀ ਮੰਗ ਵਿਚ ਪਿਛਲੇ ਸਾਲ ਨਾਲੋਂ ਕਰੀਬ 36 ਫੀਸਦ ਵਾਧਾ ਦਰਜ ਕੀਤਾ ਗਿਆ ਹੈ। ਇਸ ਵਾਧੇ ਦੌਰਾਨਂ ਸੂੂਬੇ ਦੇ ਪੰਜ ਥਰਮਲਾਂ ਦੇ 6 ਯੂਨਿਟ ਬੰਦ ਹੋਣ ਨਾਲ ਬਿਜਲੀ ਉਤਪਾਦਨ ਵਿਚ 2710 ਮੈਗਾਵਾਟ ਦੀ ਘਾਟ ਆਈ ਹੈ। ਦੁਪਹਿਰ ਤਕ ਬਿਜਲੀ ਦੀ ਮੰਗ ਕਰੀਬ 8 ਹਜ਼ਾਰ ਤਕ ਰਹੀ ਤਾਂ ਪਾਵਰਕਾਮ ਨੇ ਕਰੀਬ 6500 ਮੈਗਵਾਟ ਬਿਜਲੀ ਸਪਲਾਈ ਕੀਤੀ ਹੈ। ਮੰਗ ਤੇ ਸਪਲਾਈ ਵਿਚ ਪਏ ਵੱਡੇ ਫਰਕ ਕਰ ਕੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ ਹੈ। ਬੁੱਧਵਾਰ ਨੂੰ ਦੁਪਹਿਰ ਚਾਰ ਵਜੇ ਤਕ ਪਾਵਰਕਾਮ ਕੋਲ ਬਿਜਲੀ ਬੰਦ ਸਬੰਧੀ 10 ਹਜ਼ਾਰ ਤੋਂ ਵੱਧ ਪੁੱਜੀਆਂ ਸ਼ਿਕਾਇਤਾਂ ਬਿਜਲੀ ਘਾਟ ਦੀ ਪੁਸ਼ਟੀ ਕਰਦੀਆਂ ਹਨ।
ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਚਾਰ ਵਜੇ ਤਕ ਪੰਜਾਬ ਵਿਚਲੇ ਦੋ ਸਰਕਾਰੀ ਥਰਮਲਾਂ ਦੇ ਦੋ ਯੂਨਿਟ ਤੇ ਤਿੰਨ ਨਿੱਜੀ ਥਰਮਲਾਂ ਦੇ 4 ਯੂਨਿਟ ਬੰਦ ਰਹੇ ਹਨ। ਭਾਵੇਂ ਕਿ 1120 ਮੈਗਾਵਾਟ ਦਾ ਉਤਪਾਦਨ ਪਹਿਲਾਂ ਤੋਂ ਤੈਅ ਸ਼ਡਿਊਲ ਅਨੁਸਾਰ ਹੈ ਪਰ ਤਕਨੀਕੀ ਕਾਰਨਾਂ ਕਰ ਕੇ ਬੰਦ ਹੋਏ ਯੂਨਿਟਾਂ ਕਰਕੇ ਬਿਜਲੀ ਉਤਪਾਦਨ ਵਿਚ ਵੱਡਾ ਫ਼ਰਕ ਪੈ ਗਿਆ ਹੈ। ਨਿੱਜੀ ਥਰਮਲਾਂ ਵਿਚੋਂ ਰਾਜਪੁਰਾ ਸਥਿਤ ਨਾਭਾ ਪਾਵਰ ਪਲਾਂਟ ਦਾ 700 ਮੈਗਾਵਾਟ ਸਮਰੱਥਾ ਵਾਲਾ ਦੋ ਨੰਬਰ ਯੂਨਿਟ 7 ਫਰਵਰੀ ਤੋਂ ਸਲਾਨਾ ਸਾਂਭ ਸੰਭਾਲ ਲਈ ਬੰਦ ਕੀਤਾ ਗਿਆ ਹੈ ਜੋ ਕਿ 26 ਫਰਵਰੀ ਤੱਕ ਚੱਲਣ ਦੀ ਸੰਭਾਵਨਾ ਹੈ।
ਤਲਵੰਡੀ ਸਾਬੋ ਪਲਾਂਟ ਦਾ 3 ਨੰਬਰ ਯੂਨਿਟ ਤਕਨੀਕੀ ਕਾਰਨ ਕਰ ਕੇ 13 ਫਰਵਰੀ ਤੋਂ ਬੰਦ ਹੈ ਤੇ ਕੁੱਲ 23 ਫਰਵਰੀ ਨੂੰ ਚੱਲਣ ਦੀ ਆਸ ਹੈ। ਇਸ ਦੇ ਪਲਾਂਟ ਦਾ 2 ਨੰਬਰ ਯੂਨਿਟ ਤਕਨੀਕੀ ਨੁਕਸ ਕਰ ਕੇ 20 ਫਰਵਰੀ ਤੋਂ ਬੰਦ ਹੈ ਤੇ 26 ਫਰਵਰੀ ਨੂੰ ਚੱਲਣਾ ਹੈ। ਜੀਵੀਕੇ ਪਲਾਂਟ ਦਾ ਇਕ ਨੰਬਰ ਯੂਨਿਟ ਤਕਨੀਕੀ ਨੁਕਸ ਕਰ ਕੇ 21 ਫਰਵਰੀ ਤੋਂ ਬੰਦ ਹੈ ਤੇ 25 ਫਰਵਰੀ ਨੂੰ ਚੱਲਣ ਦੀ ਸੰਭਾਵਨਾ ਹੈ। ਸਰਕਾਰੀ ਥਰਮਲਾਂ ਵਿੱਚੋਂ ਲਹਿਰਾ ਮੁਹੱਬਤ ਪਲਾਂਟ ਦਾ 2 ਨੰਬਰ ਯੂਨਿਟ ਪਿਛਲੇ ਸਾਲ 13 ਮਈ ਤੋਂ ਈਐਸਪੀ ਕਾਰਨ ਬੰਦ ਹੈ। ਇਸ ਦੇ ਮਲਬੇ ਨੂੰ ਹਟਾਉਣ ਲਈ ਟੈਂਡਰ ਜਾਰੀ ਕੀਤੇ ਹਨ ਪਰ ਯੂਨਿਟ ਅਗਲੇ ਸਾਲ ਜਨਵਰੀ ਤਕ ਚੱਲਣ ਦੀ ਆਸ ਹੈ। ਰੋਪੜ ਪਲਾਂਟ ਦਾ ਛੇ ਨੰਬਰ ਯੂਨਿਟ ਸਲਾਨਾ ਸਾਂਭ ਸੰਭਾਲ ਤੇ ਮੁਰੰਮਤ ਲਈ 7 ਫਰਵਰੀ ਤੋਂ ਬੰਦ ਹੈ ਤੇ ਛੇ ਮਾਰਚ ਤੱਕ ਚੱਲਣ ਦੀ ਆਸ ਹੈ।