ਪਟਿਆਲਾ ‘ਚ ਕੱਢਿਆ ਗਿਆ ਫਲੈਗ ਮਾਰਚ

ਪਟਿਆਲਾ (ਮਾਲਕ ਸਿੰਘ ਘੁੰਮਣ) – ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਵਿਚ ਹਾਈ ਅਲਰਟ ਜਾਰੀ ਹੈ। ਇਸੇ ਤਹਿਤ ਪਟਿਆਲਾ ਵਿਚ ਪੁਲਸ ਵੱਲੋਂ ਐੱਸ. ਪੀ. ਸਿਟੀ ਸਰਫਰਾਜ਼ ਆਲਮ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਪੁਲਸ ਲਾਈਨ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਘੁੰਮਿਆ। ਰਸਤੇ ਵਿਚ ਆਈ. ਜੀ. ਮੁਖਵਿੰਦਰ ਸਿੰਘ ਛੀਨਾ ਅਤੇ ਐੱਸ. ਐੱਸ. ਪੀ. ਵਰੁਣ ਸ਼ਰਮਾ ਵੀ ਇਸ ਮੌਕੇ ਸ਼ਾਮਲ ਹੋਏ ਅਤੇ ਸ਼ਹਿਰ ਵਿਚ ਅਮਨ ਕਾਨੂੰਨ ਵਿਵਸਥਾ ਦਾ ਜਾਇਜ਼ਾ ਲਿਆ।  ਪਟਿਆਲਾ ਵਿਚ ਅਮਨ ਸ਼ਾਂਤੀ ਬਣੀ ਹੋਈ ਹੈ। ਸ਼ਹਿਰ ਵਿਚ ਵੱਖ-ਵੱਖ ਚੌਂਕਾਂ ’ਤੇ ਪੁਲਸ ਦਾ ਪਹਿਰਾ ਹੈ। ਕੁਝ ਥਾਵਾਂ ’ਤੇ ਨੀਮ ਫ਼ੌਜੀ ਦਸਤੇ ਤਾਇਨਾਤ ਹਨ। ਸ਼ਾਂਤੀ ਬਣੀ ਹੋਈ ਹੈ ਤੇ ਲੋਕ ਆਪੋ ਆਪਣੇ ਕੰਮਕਾਜਕਰ ਰਹੇ ਹਨ।

ਕਈ ਜ਼ਿਲ੍ਹਿਆਂ ਵਿਚ ਲੱਗ ਚੁੱਕੀ ਹੈ ਧਾਰਾ 144

ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ ਕਾਰਵਾਈ ਕਰਨ ਲਈ 8 ਜ਼ਿਲ੍ਹਿਆਂ ਦੇ ਪੁਲਸ ਅਧਿਕਾਰੀ, ਬੁਲਟ ਪਰੂਫ ਗੱਡੀਆਂ ਤੇ ਦੰਗਾ ਵਿਰੋਧੀ ਟੀਮਾਂ ਆਧੁਨਿਕ ਹਥਿਆਰਾਂ ਸਮੇਤ ਪਹੁੰਚੀਆਂ। ਪੁਲਸ ਅਧਿਕਾਰੀਆਂ ਨੇ ਗੁਪਤ ਤਰੀਕੇ ਨਾਲ ਕਾਰਵਾਈ ਚਲਾਉਂਦੇ ਹੋਏ ਗ੍ਰਿਫਤਾਰੀਆਂ ਕੀਤੀਆਂ। ਸੁਰੱਖਿਆ ਦੇ ਮੱਦੇਨਜ਼ਰ ਸ਼ਾਹਕੋਟ ਥਾਣੇ ਦੇ ਗੇਟਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਆਪਰੇਸ਼ਨ ਦੌਰਾਨ ਪੂਰੇ ਪੰਜਾਬ ਵਿਚ ਮੋਬਾਈਲ ਇੰਟਰਨੈਟ ਤੋਂ ਬਾਅਦ ਐੱਸ. ਐੱਮ. ਐੱਸ. ਸੇਵਾ ਅਤੇ ਡੋਂਗਲ ਸੇਵਾ ਬੰਦ ਕਰ ਦਿੱਤੀ ਗਈ। ਇਨ੍ਹਾਂ ਸੇਵਾਵਾਂ ਨੂੰ ਪਹਿਲਾਂ 19 ਮਾਰਚ ਦੁਪਹਿਰ 12 ਵਜੇ ਤੱਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਬਾਅਦ ਇਨ੍ਹਾਂ ਦੀ ਮਿਆਦ 20 ਮਾਰਚ ਦੁਪਹਿਰ 12 ਵਜੇ ਤਕ ਵਧਾ ਦਿੱਤੀ ਗਈ। ਇਸ ਤੋਂ ਇਲਾਵਾ ਸ਼੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।

[wpadcenter_ad id='4448' align='none']