ਵੱਸਣ ਸਿੰਘ ਅਸਿਸਟੈਂਟ ਡਰਾਈਵਰ..ਬੇਪਰਵਾਹ ਜਰੂਰ ਪਰ ਲਾਪਰਵਾਹ ਬਿਲਕੁਲ ਵੀ ਨਹੀਂ..ਕਦੀ ਰੇਲ ਗੱਡੀ ਲੇਟ ਨਾ ਹੋਣ ਦਿੰਦਾ..!
ਕਈ ਵੇਰ ਮੁਅੱਤਲੀ ਦੇ ਆਰਡਰ ਹੋ ਚੁਕੇ ਸਨ..ਜਿਆਦਾਤਰ ਕਾਰਨ ਇਹ ਹੁੰਦਾ ਕੇ ਇੱਕ ਵੇਰ ਤੋਰ ਲਈ ਅੱਗਿਓਂ ਭੱਜੀ ਆਉਂਦੀ ਸਵਾਰੀ ਵੇਖ ਦੋਬਾਰਾ ਫੇਰ ਰੋਕ ਲੈਣੀ ਤੇ ਸਵਾਰੀ ਨੂੰ ਚੜਾ ਲੈਣਾ..!ਫੇਰ ਸ਼ਿਕਾਇਤ ਹੋ ਜਾਣੀ ਤੇ ਕਾਰਵਾਈ ਪੈ ਜਾਂਦੀ!
ਇੱਕ ਵੇਰ ਬਾਪੂ ਹੁਰਾਂ ਪੁੱਛ ਲਿਆ ਵੱਸਣ ਸਿਆਂ ਏਦਾਂ ਕਿਓਂ ਕਰਦਾ..ਕਿਓਂ ਪਾਉਂਦਾ ਏਂ ਆਪਣੀ ਨੌਕਰੀ ਖਤਰੇ ਵਿਚ?
ਆਖਣ ਲੱਗਾ ਸਰਦਾਰ ਜੀ ਜਦੋਂ ਕਿਸੇ ਵਡੇਰੀ ਉਮਰ ਦੇ ਨੂੰ ਤੇ ਜਾਂ ਫੇਰ ਕਿਸੇ ਨਿਆਣਿਆਂ ਦੀ ਮਾਂ ਨੂੰ ਦੌੜੀ ਆਉਂਦੀ ਵੇਖ ਲੈਂਦਾ ਹਾਂ ਤਾਂ ਇੰਝ ਲੱਗਦਾ ਕੋਈ ਆਪਣੀ ਮਾਂ ਭੈਣ ਹੀ ਤੁਰੀ ਆ ਰਹੀ ਹੋਵੇ..ਫੇਰ ਆਪ-ਮੁਹਾਰੇ ਕਦੋਂ ਬ੍ਰੇਕ ਲੱਗ ਜਾਂਦੀ..ਮੈਨੂੰ ਨਹੀਂ ਪਤਾ ਲੱਗਦਾ!
ਫੇਰ ਇੱਕ ਤਾਜਾ ਜਾਰੀ ਹੋਇਆ ਦੋਸ਼ ਪੱਤਰ ਪਾੜਦਾ ਹੋਇਆ ਆਖਣ ਲੱਗਾ ਸਰਦਾਰ ਜੀ ਉਸ ਵਾਹਿਗੁਰੂ ਦੇ ਦਰਬਾਰ ਵਿਚੋਂ ਕੋਈ ਚਾਰਜ ਸ਼ੀਟ ਨਾ ਮਿਲ ਜਾਵੇ ਬਾਕੀ ਮਹਿਕਮੇਂ ਦੇ ਇੰਝ ਦੇ ਕਾਗਜਾਂ ਦੀ ਮੈਂ ਪ੍ਰਵਾਹ ਨਹੀਂ ਕਰਦਾ..!
ਅੱਠ ਸਾਲ ਪਹਿਲੋਂ ਬਾਪੂ ਹੂਰੀ ਚੜਾਈ ਕਰ ਗਏ..ਉਚੇਚਾ ਅਫਸੋਸ ਕਰਨ ਅਮ੍ਰਿਤਸਰ ਆਇਆ..ਕਿੰਨੀਆਂ ਗੱਲਾਂ ਦੱਸੀਆਂ..ਅਖ਼ੇ ਸਾਨ ਬੰਦਾ ਸੀ ਤੇਰਾ ਬਾਪੂ..ਇਨਸਾਫ ਖਾਤਿਰ ਕਿੰਨਿਆਂ ਨਾਲ ਕੱਲਾ ਹੀ ਭਿੜ ਜਾਇਆ ਕਰਦਾ ਸੀ..ਔਲਾਦ ਦੀ ਗੱਲ ਚੱਲੀ ਤਾਂ ਧੀ ਦੇ ਸਹੁਰਿਆਂ ਤੋਂ ਥੋੜਾ ਖਫਾ ਲੱਗਾ..ਅਖ਼ੇ ਇਹ ਰਿਸ਼ਤਾ ਹੀ ਏਦਾਂ ਦਾ ਹੈ ਕੇ ਬੰਦੇ ਨੂੰ ਸਹੀ ਹੁੰਦਿਆਂ ਹੋਇਆਂ ਵੀ ਨੱਕ ਨਾਲ ਲਕੀਰਾਂ ਕੱਢਣੀਆਂ ਪੈ ਜਾਂਦੀਆਂ!
ਪਿੱਛੇ ਜਿਹੇ ਪਤਾ ਲੱਗਾ ਖੁਦ ਵੀ ਤੁਰ ਗਿਆ..ਲੰਮੇ ਸਫ਼ਰ ਤੇ..ਸਾਰੀ ਜਿੰਦਗੀ ਕਈਆਂ ਨੂੰ ਮੰਜਿਲ ਤੇ ਪੁਚਾਉਂਦਾ ਵੱਸਣ ਸਿੰਘ ਪਤਾ ਨੀ ਆਪ ਕਿਹੜੀ ਗੱਡੀ ਚੜਿਆ ਹੋਣਾ..ਦੱਸਦੇ ਅਖੀਰੀ ਕੁਝ ਹਫਤੇ ਕਾਫੀ ਔਖਾ ਰਿਹਾ..ਇੰਝ ਲੱਗਿਆ ਮੇਰੇ ਵਜੂਦ ਦਾ ਇੱਕ ਹਿੱਸਾ ਟੁੱਟ ਗਿਆ ਹੋਵੇ..ਮਿਕਨਾਤੀਸੀ ਦਿੱਖ..ਭਰਵਾਂ ਦਾਹੜਾ..ਲੰਮਾ ਕਦ..ਬਟਾਲੇ ਟੇਸ਼ਨ ਤੇ ਕਈ ਵੇਰ ਮਾਹੌਲ ਤੇ ਗੱਲਾਂ ਚੱਲਦੀਆਂ..ਤੀਰ ਵਾਲੇ ਬਾਬੇ ਦਾ ਵੱਡਾ ਮੁਰੀਦ..ਸਿਫਤ ਵੀ ਖੁੱਲ ਕੇ ਕਰਿਆ ਕਰਨੀ..ਅਫਸਰਾਂ ਸਾਮਣੇ..ਪਰਾ ਵਿਚ ਬੈਠ..ਕਈਆਂ ਆਖਣਾ ਵੱਸਣ ਸਿਆਂ ਤੇਰੀ ਜੁਬਾਨ ਨੇ ਇੱਕ ਦਿਨ ਤੇਰੀ ਨੌਕਰੀ ਖਾ ਜਾਣੀ..ਅੱਗੋਂ ਆਖਣਾ ਮੇਰੀ ਤੇ ਨਿਗੂਣੀ ਜਿਹੀ ਨੌਕਰੀ ਹੀ ਖਾਦੀ ਜਾਵੇਗੀ..ਮੇਰੇ ਦਸਮ ਪਿਤਾ ਨੇ ਤਾਂ ਸਭ ਕੁਝ ਹੀ ਵਾਰ ਦਿੱਤਾ ਸੀ..ਕੋਲ ਕੁਝ ਵੀ ਨਹੀਂ ਰੱਖਿਆ..ਬਾਦਸ਼ਾਹ ਦਰਵੇਸ਼..ਤਾਂ ਵੀ ਅਖੀਰ ਤੱਕ ਚੜ੍ਹਦੀ ਕਲਾ ਵਿਚ ਰਿਹਾ..ਓਸੇ ਦੇ ਬੱਚੇ ਹਾਂ..ਸਾਨੂੰ ਕਾਹਦਾ ਫਿਕਰ!
ਸੋ ਦੋਸਤੋ ਕਈ ਲੋਕ ਨੌਕਰੀ ਵੀ ਕਿੰਨੀ ਨਿਡਰਤਾ ਨਾਲ ਕਰਦੇ ਨੇ..ਬੇਸ਼ੱਕ ਪ੍ਰੋਮੋਸ਼ਨ ਨਹੀਂ ਮਿਲਦੀ ਪਰ ਜਿਉਂਦੇ ਆਪਣੇ ਅਸੂਲਾਂ ਤੇ ਸ਼ਰਤਾਂ ਪੁਗਾ ਕੇ..ਧੌਣ ਉੱਚੀ ਕਰ ਕੇ..ਸ਼ਾਇਦ ਦਸਮ ਪਤਾ ਦਾ ਪੱਲੇ ਨਾਲ ਬੰਨਿਆਂ ਓਟ ਆਸਰਾ ਕਦੀ ਡੋਲਣ ਨਹੀਂ ਦਿੰਦਾ..!
ਇਰਾਨੀ ਲੇਖਕ ਖਲੀਲ ਜਿਬਰਾਨ ਆਖਦਾ ਏ ਕੇ ਇਨਸਾਨ ਕਦੇ ਵੀ ਇੱਕੋ ਵੇਰ ਵਿਚ ਨਹੀਂ ਮਰਦਾ..ਹਮੇਸ਼ਾ ਟੋਟਿਆਂ ਵਿਚ ਹੀ ਮਰਦਾ..ਜਦੋਂ ਕੋਈ ਮਿੱਤਰ ਪਿਆਰਾ ਧੋਖਾ ਫਰੇਬ ਦੇ ਜਾਵੇ ਤਾਂ ਵਜੂਦ ਦਾ ਇੱਕ ਹਿੱਸਾ ਟੁੱਟ ਭੋਏਂ ਤੇ ਜਾ ਡਿੱਗਦਾ..ਔਲਾਦ ਮਾੜੀ ਨਿੱਕਲ ਆਵੇ ਤਾਂ ਦੂਜਾ ਹਿੱਸਾ ਨਾਲੋਂ ਲੱਥ ਜਾਂਦਾ..ਇੰਝ ਟੋਟੇ ਖਿਲਰਦੇ ਜਾਂਦੇ ਪਰ ਸਫ਼ਰ ਜਾਰੀ ਰਹਿੰਦਾ..ਅਖੀਰ ਫੇਰ ਇੱਕ ਮਿੱਥੇ ਦਿਨ ਮੌਤ ਦਾ ਇੱਕ ਫਰਿਸ਼ਤਾ ਆਉਂਦਾ ਏ ਅਤੇ ਭੋਏਂ ਤੇ ਡਿੱਗੇ ਸਾਰੇ ਟੋਟੇ ਇੱਕਠੇ ਕਰ ਤੁਰਦਾ ਬਣਦਾ..ਤੇ ਮਗਰ ਰਹਿ ਗਏ ਬੇਜਾਨ ਕਲਬੂਤ ਨੂੰ ਵੇਖ ਦੁਨੀਆ ਆਖਣ ਲੱਗਦੀ ਕੇ ਫਲਾਣਾ ਇਨਸਾਨ ਪੂਰਾ ਹੋ ਗਿਆ!
ਹਰਪ੍ਰੀਤ ਸਿੰਘ