ਸਟਾਫ ਜਾ ਚੁਕਾ ਸੀ..ਮੈਂ ਕੰਬਦੇ ਹੱਥਾਂ ਨਾਲ ਸਲਫਾਸ ਦੀਆਂ ਦੋ ਪੁੜੀਆਂ ਕੱਢ ਸਾਮਣੇ ਟੇਬਲ ਤੇ ਰੱਖ ਲਈਆਂ..ਰੋਜ ਵਾਂਙ ਅੱਜ ਫੇਰ ਘਰੇ ਪਿਆ ਕਲੇਸ਼ ਅਤੇ ਹੋਰ ਵੀ ਕਿੰਨਾ ਕੁਝ ਅੱਖਾਂ ਅੱਗੇ ਘੁੰਮ ਗਿਆ!

ਅਚਾਨਕ ਬਿੜਕ ਹੋਈ..ਚਪੜਾਸੀ ਸੀ..ਮਿਠਿਆਈ ਦਾ ਡੱਬਾ ਫੜੀ..”ਸਾਬ ਜੀ ਮੂੰਹ ਮਿੱਠਾ ਕਰੋ..ਧੀ ਅਠਾਰਾਂ ਵਰ੍ਹਿਆਂ ਦੀ ਹੋਈ”

ਅੱਧਾ ਲੱਡੂ ਚੁੱਕਿਆ..ਬੋਝੇ ਵਿਚੋਂ ਪੰਜ ਸੌ ਕੱਢਿਆ..ਅਖ਼ੇ ਆਹ ਲੈ ਮੇਰੇ ਵਲੋਂ ਧੀ ਨੂੰ ਸ਼ਗਨ!

ਨਾਂਹ ਨੁੱਕਰ ਕੀਤੀ ਫੇਰ ਮੱਥੇ ਨੂੰ ਲੈ ਕੇ ਬੋਝੇ ਵਿਚ ਪਾ ਲਏ..ਮੁੜਕੇ ਕੋਲ ਬਿਠਾ ਲਿਆ..ਪੁੱਛਿਆ ਹੋਰ ਕੌਣ ਕੌਣ ਏ ਘਰੇ?

ਜੀ ਦੋ ਧੀਆਂ ਵਹੁਟੀ ਅਤੇ ਬੁੱਢੀ ਮਾਂ..

ਪੁੱਛਿਆ ਕਦੇ ਲੜਾਈ ਝਗੜਾ ਨਹੀਂ ਹੋਇਆ?

ਕਹਿੰਦਾ ਸਾਬ ਜੀ ਜਿਥੇ ਦੋ ਭਾਂਡੇ ਹੁੰਦੇ ਤਾਂ ਖੜਕ ਹੀ ਪੈਂਦੇ..!

ਫੇਰ ਸੁਲਹ ਕਿੱਦਾਂ ਹੁੰਦੀ?

ਅਖ਼ੇ ਜਿਸਦੀ ਗਲਤੀ ਹੁੰਦੀ ਓਹੀ ਪਹਿਲ ਕਰਦਾ..ਘੜੀ ਜੂ ਕੱਢਣੀ ਹੋਈ..ਝੱਟ ਜੂ ਲੰਘਾਉਣਾ ਹੋਇਆ!

ਏਨੇ ਨੂੰ ਅਚਾਨਕ ਬਾਹਰ ਗੇਟ ਤੇ ਰੌਲਾ ਜਿਹਾ ਪੈਣ ਲੱਗਾ..ਇੱਕ ਔਰਤ ਅਤੇ ਦੋ ਨਿੱਕੇ ਨਿੱਕੇ ਬੱਚੇ ਖਲੋਤੇ ਸਨ..!

ਕੋਲ ਬੈਠਾ ਚਪੜਾਸੀ ਦੱਸਣ ਲੱਗਾ ਕੇ ਆਪਣੇ ਦਫਤਰ ਕੰਮ ਕਰਦਾ ਸ਼ੀਤਲ ਸਿੰਘ..ਜਿਸਨੇ ਦੋ ਮਹੀਨੇ ਪਹਿਲੋਂ ਘਰੇ ਕਿਸੇ ਨਾਲ ਲੜ ਗੱਡੀ ਥੱਲੇ ਸਿਰ ਦੇ ਦਿੱਤਾ ਸੀ..ਓਸੇ ਦੀ ਹੀ ਘਰ ਵਾਲੀ ਏ..ਸਦਮੇਂ ਨਾਲ ਕਮਲੀ ਹੋ ਗਈ ਅਕਸਰ ਹੀ ਦੋਵੇਂ ਨਿਆਣੇ ਲੈ ਕੇ ਗੇਟ ਤੇ ਆ ਜਾਂਦੀ..ਤੇ ਪੁੱਛਣ ਲੱਗਦੀ ਸ਼ੀਤਲ ਸਿੰਘ ਅਜੇ ਤੱਕ ਘਰੇ ਨਹੀਂ ਅੱਪੜਿਆ..ਦੋਵੇਂ ਮਾਸੂਮ ਨਿਆਣੇ ਵੀ ਮਾਂ ਦੇ ਨਾਲ ਨਾਲ..ਕਈ ਵੇਰ ਸਾਰੀ ਸਾਰੀ ਰਾਤ ਸੜਕਾਂ ਤੇ ਤੁਰੀ ਫਿਰਦੀ!

ਮੇਰਾ ਅੰਦਰ ਕੰਬ ਗਿਆ..ਪਰ ਸਾਮਣੇ ਪਈ ਸਲਫਾਸ ਦੀ ਪੁੜੀ ਇੰਝ ਆਖਦੀ ਪ੍ਰਤੀਤ ਹੋ ਰਹੀ ਸੀ ਕੇ ਹੁਣ ਆਪਣਾ ਮਨ ਨਾ ਬਦਲ ਲਵੀਂ!

ਫੇਰ ਮੈਂ ਇੱਕਦਮ ਕੁਰਸੀ ਤੋਂ ਉੱਠਿਆ..ਪੁੜੀਆਂ ਚੁਕੀਆਂ ਅਤੇ ਗੁਸਲਖਾਨੇ ਵੜ ਗਿਆ..ਕੁਝ ਸੋਚਿਆ ਤੇ ਫੇਰ ਦੋਵੇਂ ਪੁੜੀਆਂ ਪਾਣੀ ਵਿਚ ਰੋੜ ਦਿੱਤੀਆਂ!

ਕਾਹਲੀ ਨਾਲ ਘਰੇ ਅੱਪੜਿਆ..ਮੇਰੀ ਨਾਲਦੀ ਅਤੇ ਵੱਡੀ ਧੀ ਬਰੂਹਾਂ ਤੇ ਖਲੋਤੀਆਂ ਮੇਰਾ ਇੰਤਜਾਰ ਕਰ ਰਹੀਆਂ ਸਨ..ਮੈਂ ਭੱਜ ਕੇ ਦੋਹਾਂ ਨੂੰ ਗਲਵੱਕੜੀ ਵਿਚ ਲੈ ਲਿਆ..ਫੇਰ ਅੱਖੀਆਂ ਮੀਟ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ..ਉਸਨੇ ਮੇਰਾ ਕੋਈ ਆਪਣਾ ਅੱਜ ਕਮਲਾ ਹੋਣ ਤੋਂ ਜੂ ਬਚਾ ਲਿਆ ਸੀ!

ਸੋ ਦੋਸਤੋ ਇੱਕ ਘੜੀ ਮਾੜੀ ਹੋ ਸਕਦੀ ਪਰ ਪੂਰੀ ਜਿੰਦਗੀ ਕਦੇ ਵੀ ਨਹੀਂ..ਇੱਕ ਘੜੀ ਨੂੰ ਆਪਣੀ ਪੂਰੀ ਜਿੰਦਗੀ ਤੇ ਹਾਵੀ ਹੋਣ ਦੇਣਾ ਨਿਰੀ ਬੇਵਕੂਫੀ ਏ..ਜਿੰਦਗੀ ਜਿੰਦਾਬਾਦ!

ਹਰਪ੍ਰੀਤ ਸਿੰਘ

[wpadcenter_ad id='4448' align='none']