ਪੱਲਸ ਪੋਲੀਓ ਦੌਰਾਨ 103254 ਬੱਚਿਆਂ ਨੂੰ ਪਿਆਈਆਂ ਜਾਣਗੀਆ ਪੋਲੀਓ ਬੂੰਦਾ – ਏ.ਡੀ.ਸੀ.

ਫ਼ਿਰੋਜ਼ਪੁਰ, 28 ਫਰਵਰੀ 2024:

ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹੇ ਅੰਦਰ ਪਲਸ ਪੋਲੀਓ ਮੁਹਿੰਮ ਅਧੀਨ 100 ਫੀਸਦੀ ਕਵਰੇਜ਼ ਯਕੀਨੀ ਬਣਾਉਣ ਲਈ 0-5 ਸਾਲ ਦੇ ਬੱਚਿਆਂ ਨੂੰ 3 ਮਾਰਚ ਤੋਂ 5 ਮਾਰਚ 2024 ਤੱਕ ਪੋਲੀਓ ਦੀਆਂ ਬੂੰਦਾਂ ਪਿਆਉਣ ਲਈ ਮੁਹਿੰਮ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮੁਦ ਬਾਮਬਾ ਦੀ ਪ੍ਰਧਾਨਗੀ ਹੇਠ ਹੋਈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨ ਨੇ ਵੱਖ-ਵੱਖ ਵਿਭਾਗਾਂ ਨੂੰ ਜ਼ਿਲ੍ਹੇ ਵਿੱਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਇਸ ਵਿਸ਼ੇਸ਼ ਪਲਸ ਪੋਲੀਓ ਰਾਊਂਡ ਵਿੱਚ ਪੋਲੀਓ ਰੋਕੂ ਵੈਕਸੀਨ ਪਿਲਾਏ ਜਾਣ ਸਬੰਧੀ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ ਯਕੀਨੀ ਬਨਾਉਣ ਦੀ ਹਦਾਇਤ ਕੀਤੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਇਸ ਮੁਹਿੰਮ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਪੋਲੀਓ ਉੱਤੇ ਬਣੀ ਜਿੱਤ ਬਰਕਰਾਰ ਰੱਖੀ ਜਾ ਸਕੇ।

ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਸੁਸ਼ਮਾ ਠੱਕਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਲੀਓ ਰੋਗ ਨੂੰ ਲੈ ਕੇ ਚਲਾਈ ਜਾ ਰਹੀ ਪਲਸ ਪੋਲੀਓ ਮੁਹਿੰਮ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿਚ ਤਿੰਨ ਦਿਨਾਂ ਦੌਰਾਨ 103254 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਆਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੌਰਾਨ ਵੱਖ-ਵੱਖ ਥਾਵਾਂ ‘ਤੇ ਬੱਚਿਆਂ ਨੂੰ ਪੋਲੀਓ ਬੂੰਦਾ ਪਿਆਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਪਹਿਲੇ ਦਿਨ 3 ਮਾਰਚ ਨੂੰ ਵੱਖ-ਵੱਖ ਬੂਥਾਂ ’ਤੇ, 4 ਅਤੇ 5 ਮਾਰਚ 2024 ਨੂੰ ਘਰਾਂ, ਭੱਠਿਆਂ, ਝੁੱਗੀਆ, ਝੋਪੜੀਆਂ, ਸਲੱਮ ਏਰੀਏ, ਕੰਨਸਟਰਸ਼ਨ ਸਾਈਟ ਤੇ ਰਹਿੰਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਆਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ 1039280 ਵਸੋਂ, 177359 ਘਰ ਅਤੇ 0-5 ਸਾਲ ਤੱਕ ਦੇ 103254 ਬੱਚਿਆਂ ਨੂੰ ਸੇਵਾਵਾਂ ਦੇਣ ਦਾ ਟੀਚਾ ਰੱਖਿਆ ਗਿਆ ਹੈ। ਜ਼ਿਲ੍ਹਾ ਪੱਧਰ ’ਤੇ ਘਰ-ਘਰ 1122 ਟੀਮਾਂ ਬਣਾਈਆਂ ਗਈਆਂ ਅਤੇ ਦੂਰ ਦੁਰਾਡੇ ਦੀਆਂ ਇਲਾਕਿਆਂ ਨੂੰ ਕਵਰ ਕਰਨ ਲਈ 18 ਮੋਬਾਇਲ ਟੀਮਾਂ ਬਣਾਈਆਂ ਗਈਆਂ ਹਨ ਅਤੇ ਇਸ ਰਾਊਂਡ ਦੌਰਾਨ 23 ਟਰਾਂਜ਼ਿਟ ਬੂਥ ਵੀ ਬਣਾਈਆ ਗਈਆਂ ਹਨ, ਜੋ ਸਵੇਰੇ ਅਤੇ ਸ਼ਾਮ ਨੂੰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ’ਤੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਉਣਗੀਆਂ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਮਿੱਥੇ ਟੀਚੇ ਨੂੰ ਪੂਰਾ ਕਰਨ ਲਈ 112 ਸੁਪਰਵਾਈਜਰ ਡਿਉੂਟੀ ਤੇ ਤੈਨਾਤ ਹਨ ਅਤੇ ਸਬੰਧਤ ਟੀਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਇਸ ਰਾਉੂਂਡ ਦੌਰਾਨ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।

ਇਸ ਮੌਕੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ।

[wpadcenter_ad id='4448' align='none']