ਆਖਰ ਸਜ਼ਾ ਦੇਣ ਦੇ ਫੈਸਲੇ ਦਾ ਦਿਨ ਨਿਸ਼ਚਿਤ ਕਰ ਦਿੱਤਾ ਜਾਂਦਾ ਹੈ

23 march 1931 Shaheed

23 march 1931 Shaheedਆਖਰ ਸਜ਼ਾ ਦੇਣ ਦੇ ਫੈਸਲੇ ਦਾ ਦਿਨ ਨਿਸ਼ਚਿਤ ਕਰ ਦਿੱਤਾ ਜਾਂਦਾ ਹੈ।

ਇਸ ਭੇਦ ਨੂੰ ਪੂਰਾ ਗੁਪਤ ਰੱਖਿਆ ਜਾਂਦਾ ਹੈ।

ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਇਕ ਤਾਰ ਰਾਹੀਂ ਸੂਚਿਤ ਕੀਤਾ ਜਾਂਦਾ ਹੈ

‘ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 23 ਮਾਰਚ ਨੂੰ ਸ਼ਾਮ ਦੇ ਸੱਤ ਵਜੇ ਫਾਂਸੀ ਦਿੱਤੀ ਜਾਵੇਗੀ। ਇਹ ਖਬਰ ਲਾਹੌਰ ਵਿੱਚ ਕੇਵਲ 24 ਮਾਰਚ ਨੂੰ ਸਵੇਰੇ ਹੀ ਮਿਲੇਗੀ।

ਗੁਪਤ ਸੂਚਨਾ ਮਿਲਦਿਆਂ ਹੀ ਜੇਲ੍ਹ ਅੰਦਰ ਹਫੜਾ-ਦਫੜੀ ਪੈ ਜਾਂਦੀ ਹੈ।

ਖਾਨ ਬਹਾਦਰ ਘਬਰਇਆ ਹੋਇਆ, ਭਗਤ ਸਿੰਘ ਕੋਲ ਆਉਂਦਾ ਹੈ…

‘ਬਰਖੁਰਦਾਰ! ਆਖਰੀ ਘੜੀ ਸ਼ਾਇਦ ਨੇੜੇ ਆ ਗਈ ਹੈ।’

-ਅਸੀਂ ਤਿਆਰ ਹਾਂ, ਖਾਨ ਸਾਹਬ। ਜਦੋਂ ਵੀ ਹੁਕਮ ਆਇਆ , ਆਪ ਨੂੰ ਕਿਸੇ ਮੁਸ਼ਕਲ ਵਿੱਚ ਨਹੀਂ ਪਾਵਾਂਗੇ।’ ਭਗਤ ਸਿੰਘ , ਜੋਸ਼ ਅਤੇ ਦਲੇਰੀ ਨਾਲ ਕਹਿੰਦਾ ਹੈ। ਫਿਰ ਹੱਸ ਕੇ ਪੁੱਛਦਾ ਹੈ:

-ਖਾਨ ਸਾਹਬ! ਫਾਂਸੀ ਤਾਂ ਸਾਨੂੰ ਲੱਗਣੀ ਹੈ, ਘਬਰਾਏ ਆਪ ਫਿਰਦੇ ਹੋ ?’

-ਤੂੰ ਨਹੀਂ ਸਮਝੇਂਗਾ ਬਰਖੁਰਦਾਰ!…’ ਭਰੀਆਂ ਅੱਖਾਂ ਛੁਪਾਉਂਦਾ ਖਾਨ ਮੁੜ ਜਾਂਦਾ ਹੈ।

ਕੁਝ ਦੇਰ ਬਾਅਦ ਜੇਲ੍ਹ ਵਾਰਡਨ ਚੜ੍ਹਤ ਸਿੰਘ ਰਾਹੀਂ ਇਕ ਚਿੱਟ ਭਗਤ ਸਿੰਘ ਨੂੰ ਮਿਲਦੀ ਹੈ। ਉਹ ਪੜ੍ਹਦਾ ਹੈ, ‘ਸਰਦਾਰ ਜੀ, ਜੇ ਫਾਂਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਦੱਸੋ, ਇਹਨਾਂ ਘੜੀਆਂ ਵਿੱਚ ਸ਼ਾਇਦ ਕੁਝ ਹੋ ਸਕੇ।’

-ਕਿਸਨੇ ਭੇਜੀ ਹੈ? ਭਗਤ ਸਿੰਘ ਪੁੱਛਦਾ ਹੈ।

-14 ਨੰਬਰ ਵਾਰਡ ਦੇ ਕੈਦੀਆਂ ਨੇ।’ ਚੜ੍ਹਤ ਸਿੰਘ ਦੱਸਦਾ ਹੈ।

-ਠੀਕ ਹੈ, ਥੋੜਾ ਠਹਿਰ ਕੇ ਆਉਣਾ , ਮੈਂ ਇਸ ਦਾ ਉਤਰ ਲਿਖ ਦਿਆਂਗਾ।’

ਤੇ ਉਹ ਲਿਖਣ ਬੈਠ ਜਾਂਦਾ ਹੈ।

-ਜਿਉਂਦਿਆਂ ਰਹਿਣ ਦੀ ਖਾਹਸ਼, ਕੁਦਰਤੀ ਤੌਰ ‘ਤੇ ਮੇਰੀ ਵੀ ਹੋਣੀ ਚਾਹੀਦੀ ਹੈ। ਮੈਂ ਇਸ ਨੂੰ ਲੁਕਾਉਣਾ ਨਹੀਂ ਚਾਹੁੰਦਾ। ਪਰ ਮੇਰਾ ਜਿਉਂਦਿਆਂ ਰਹਿਣਾ ਇਕ ਸ਼ਰਤ ‘ਤੇ ਹੈ। ਮੈ ਕੈਦ ਹੋ ਕੇ ਜਾਂ ਪਾਬੰਦ ਹੋ ਕੇ ਜਿਉਂਦਾ ਨਹੀਂ ਰਹਿਣਾ ਚਾਹੁੰਦਾ।…

ਮੇਰਾ ਨਾਮ ਹਿੰਦੁਸਤਾਨੀ ਇਨਕਲਾਬ ਦਾ ਨਿਸ਼ਾਨ ਬਣ ਚੁੱਕਿਆ ਹੈ। ਇਨਕਲਾਬ ਪਸੰਦ ਪਾਰਟੀ ਦੇ ਆਦਰਸ਼ਾਂ ਅਤੇ ਕੁਰਬਾਨੀਆਂ ਨੇ ਮੈਨੂੰ ਬਹੁਤ ਉੱਚਿਆਂ ਕਰ ਦਿੱਤਾ ਹੈ। ਇਨਾਂ ਉੱਚਾ ਕਿ ਜਿਉਂਦਿਆਂ ਰਹਿਣ ਦੀ ਸੂਰਤ ਵਿੱਚ , ਇਸ ਨਾਲੋਂ ਉੱਚਾ ਮੈਂ ਕਦੇ ਵੀ ਨਹੀਂ ਹੋ ਸਕਦਾ ।

ਅੱਜ ਮੇਰੀਆਂ ਕਮਜ਼ੋਰੀਆਂ ਲੋਕਾਂ ਸਾਹਮਣੇ ਨਹੀਂ ਹਨ। ਜੇ ਫਾਂਸੀ ਤੋਂ ਬਚ ਗਿਆ ਤਾਂ ਉਹ ਜ਼ਾਹਰ ਹੋ ਜਾਣਗੀਆਂ ਤੇ ਇਨਕਲਾਬ ਦਾ ਨਿਸ਼ਾਨ ਮੱਧਮ ਪੈ ਜਾਏਗਾ। ਜਾਂ ਸ਼ਾਇਦ ਮਿਟ ਜਾਵੇ। ਪਰ, ਮੇਰੇ ਦਲੇਰੀ ਭਰੇ ਢੰਗ ਨਾਲ ਹੱਸਦਿਆਂ ਹੱਸਦਿਆਂ, ਫਾਂਸੀ ਚੜ੍ਹਨ ਦੀ ਸੂਰਤ ਵਿੱਚ, ਹਿੰਦੁਸਤਾਨੀ ਮਾਵਾਂ, ਆਪਣੇ ਬੱਚਿਆਂ ਦੇ ਭਗਤ ਸਿੰਘ ਬਣਨ ਦੀ ਆਰਜ਼ੂ ਕਰਿਆ ਕਰਨਗੀਆਂ।

ਮੈਥੋਂ ਵੱਧ ਖੁਸ਼ ਕਿਸਮਤ ਕੌਣ ਹੋਏਗਾ। ਮੈਨੂੰ ਅੱਜਕੱਲ੍ਹ ਆਪਣੇ ਆਪ ਉੱਤੇ ਬਹੁਤ ਨਾਜ਼ ਹੈ। ਹੁਣ ਤਾਂ ਬੜੀ ਬੇਤਾਬੀ ਨਾਲ ਆਖਰੀ ਇਮਤਿਹਾਨ ਦੀ ਉਡੀਕ ਹੈ। ਆਰਜ਼ੂ ਹੈ ਕਿ ਹੋਰ ਨੇੜੇ ਹੋ ਜਾਏ।…

ਹੇਠਾਂ ਆਪਣੇ ਦਸਤਖਤ ਕਰਕੇ, ਕਾਪੀ ਇਕ ਪਾਸੇ ਰੱਖ ਕੇ ਉਹ ਚੜ੍ਹਤ ਸਿੰਘ ਦੀ ਉਡੀਕ ਕਰਨ ਲੱਗਦਾ ਹੈ।

ਦੂਸਰੇ ਦਿਨ, ਪ੍ਰਣ ਨਾਥ ਮਹਿਤਾ ਨੂੰ ਭਗਤ ਸਿੰਘ ਦਾ ਇਕ ਗੁਪਤ ਸੰਦੇਸ਼ ਮਿਲਦਾ ਹੈ:

‘ਅੰਤਿਮ ਵਸੀਅਤ ਦੇ ਬਹਾਨੇ ਮੈਨੂੰ ਤੁਰੰਤ ਮਿਲੋ। ਪਰ ਲੈਨਿਨ ਦਾ ਜੀਵਨ ਚਰਿੱਤਰ ਲਿਅਉਣਾ ਨਾ ਭੁੱਲਣਾ।’

…ਸ਼ਾਇਦ ਅੰਤਮ ਘੜੀ, ਭਗਤ ਸਿੰਘ ਨੇ ਆਪਣੀ ਹਠ-ਧਰਮੀ ਛੱਡਣ ਦਾ ਇਰਾਦਾ ਕਰ ਲਿਆ ਹੋਵੇ…, ਮਹਿਤਾ ਸੋਚਦਾ ਹੈ ਤੇ ਇਸ ਆਸ ਨਾਲ ਪੁਸਤਕ ‘ਕ੍ਰਾਤੀਕਾਰੀ ਲੈਨਿਨ’ ਲੱਭ ਕੇ, ਭਗਤ ਸਿੰਘ ਹੋਰਾਂ ਨਾਲ ਨਾਲ ਮਿਲਣ ਦੀ ਆਗਿਆ ਪ੍ਰਾਪਤ ਕਰ ਲੈਂਦਾ ਹੈ।

-ਪੁਸਤਕ ਲਿਆਏ ਹੋ ?’ ਭਗਤ ਸਿੰਘ ਮਿਲਦਿਆਂ ਹੀ ਪੁੱਛਦਾ ਹੈ।

ਪ੍ਰਣ ਨਾਥ ਮਹਿਤਾ ਉਸਨੂੰ ਪੁਸਤਕ ਦਿੰਦਾ ਹੈ, ਭਗਤ ਸਿੰਘ ਨੂੰ ਚਾਅ ਚੜ੍ਹ ਜਾਂਦਾ ਹੈ।

-ਮੈਂ ਅੱਜ ਹੀ ਟ੍ਰਿਬਿਊਨ ਵਿੱਚ ਇਸ ਕਿਤਾਬ ਦਾ ਰੀਵਿਊ ਪੜ੍ਹਿਆ ਸੀ।’… ਤੇ ਉਹ ਪੁਸਤਕ ਦੇ ਪੱਨੇ ਪਲਟਣ ਲੱਗਦਾ ਹੈ।

ਮਹਿਤਾ ਸੋਚ ਰਿਹਾ ਹੈ , ਕਮਾਲ ਦਾ ਬੰਦਾ ਹੈ ਇਹ ? ਏਨਾ ਲਾਪਰਵਾਹ ?

ਘੜੀ ਦੀਆਂ ਸੂਈਆਂ ਫਾਂਸੀ ਦੇ ਵਕਤ ਵੱਲ ਤੇਜੀ ਨਾਲ ਵਧ ਰਹੀਆਂ ਹਨ, ਤੇ ਇਹ ਘੜੀ ਲੈਨਿਨ ਪੜ੍ਹਨ ਨੂੰ ਉਤਾਵਲਾ ਹੈ…ਫਾਂਸੀ ਦਾ ਫਿਕਰ ਹੀ ਨਹੀਂ ਹੈ।…ਇਹ ਤਾਂ ਕਾਲ ਕੋਠੜੀ ਵਿੱਚ ਇੰਝ ਟਹਿਲ ਰਿਹਾ ਹੈ,… ਜਿਵੇਂ ਕਿਸੇ ਨਾਟਕ ਵਿੱਚ ਅਭਿਨੈ ਦੀ ਤਿਆਰੀ ਕਰ ਰਿਹਾ ਹੋਵੇ।

ਕਿਵੇਂ ਹੋ ? ਮਹਿਤਾ ਪੁੱਛਦਾ ਹੈ।

-ਦੇਖ ਰਹੇ ਹੋ ਸਦਾ ਵਾਂਗ ਖੁਸ਼ ਹਾਂ।’ ਭਗਤ ਸਿੰਘ ਮੁਸਕਰਾ ਕੇ ਕਹਿੰਦਾ ਹੈ।

-ਕਿਸੇ ਚੀਜ ਦੀ ਇੱਛਾ ਹੈ ?’

-ਹਾਂ , ਇਸ ਮੁਲਕ ਵਿੱਚ , ਫਿਰ ਪੈਦਾ ਹੋਣਾ ਚਾਹੁੰਦਾ ਹਾਂ, ਤਾਂ ਜੋ ਮੈਂ ਇਸ ਦੀ ਸੇਵਾ ਕਰ ਸਕਾਂ।’ ਭਗਤ ਸਿੰਘ ਆਖਦਾ ਹੈ।

-ਆਪਣੇ ਦੇਸ਼ ਲਈ ਜਾਂ ਕੌਮ ਲਈ ਕੋਈ ਸੰਦੇਸ਼ ਦੇਚਾ ਚਾਹੋਗੇ?’ ਪ੍ਰਾਣ ਨਾਥ ਪੁੱਛਦਾ ਹੈ।

-ਇਨਕਲਾਬ ਜਿੰਦਾਬਾਦ , ਸਾਮਰਾਜਵਾਦ ਮੁਰਦਾਵਾਦ।’ ਭਗਤ ਸਿੰਘ ਮੁੱਕਾ ਵੱਟ ਕੇ ਤੇ ਬਾਂਹ ਤਾਣ ਕੇ ਨਾਅਰਾ ਲਾਉਂਦਾ ਹੈ। ਫਿਰ ਆਖਦਾ ਹੈ, ‘ਮੇਰਾ ਇਹ ਸੰਦੇਸ਼ ਭਾਰਤ ਦੇ ਲੋਕਾਂ ਤੱਕ ਪਹੁੰਚਾ ਦੇਣਾ।’

-ਕੁਝ ਹੋਰ ਕਹਿਣਾ ਚਾਹੁੰਦੇ ਹੋ?’

ਪੰਡਤ ਨਹਿਰੂ ਅਤੇ ਸੁਭਾਸ਼ ਚੰਦਰ ਬੋਸ ਨੂੰ ਮੇਰੇ ਵੱਲੋਂ ਸ਼ੁਕਰੀਆ ਕਹਿਣਾ, ਉਹਨਾਂ ਨੇ ਸਾਡੇ ਮੁਕੱਦਮੇ ਵਿੱਚ ਬਹੁਤ ਦਿਲਚਸਪੀ ਲਈ ਸੀ।’

-ਸੁਖਦੇਵ, ਰਾਜਗੁਰੂ ਦਾ ਕੀ ਹਾਲ ਹੈ ?’ ਮਹਿਤਾ ਪੁੱਛਦਾ ਹੈ।

ਜਾਂਦੇ ਜਾਂਦੇ ਮਿਲ ਜਾਣਾ , ਚੜ੍ਹਦੀ ਕਲਾ ਵਿੱਚ ਨੇ।

ਮਹਿਤਾ ਹੱਥ ਮਿਲਾਉਂਦਾ ਹੈ। ਤੁਰਨ ਲੱਗੇ ਨੂੰ ਭਗਤ ਸਿੰਘ ਕਹਿੰਦਾ ਹੈ- ‘ਇਹ ਕਿਤਾਬ ਜੇਲ੍ਹਰ ਪਾਸੋ ਮਿਲ ਜਾਵੇਗੀ, ਲੈ ਜਾਣਾ।’…

ਤੇ ਉਹ ਕਿਤਾਬ ਵਿੱਚ ਰੁੱਝ ਜਾਂਦਾ ਹੈ।

ਤਿੰਨਾਂ ਕੈਦੀਆਂ ਦੇ ਰਿਸ਼ਤੇਦਾਰਾਂ ਨੂੰ ਮੁਲਾਕਾਤ ਕਰਨ ਲਈ ਸੂਚਨਾਵਾਂ ਭੇਜ ਦਿੱਤੀਆਂ ਹਨ।

ਅੱਜ 23 ਮਾਰਚ ਹੈ।

ਜੇਲ੍ਹਰ ਖਾਨ ਭਗਤ ਸਿੰਘ ਕੋਲ ਆਉਦਾ ਹੈ,… ਉਹ ਲੈਨਿਨ ਦੀ ਜੀਵਨੀ ਪੜ੍ਹਨ ਵਿੱਚ ਮਸ਼ਰੂਫ ਹੈ। ਮੋਹ ਨਾਲ ਉਸਦੇ ਕੰਧੇ ਉੱਪਰ ਹੱਥ ਰੱਖ ਕੇ ਪੁੱਛਦਾ ਹੈ… ‘ ਕੀ ਹੋ ਰਿਹਾ ਹੈ ਬਰਖੁਦਾਰ?’

-ਦੇਖ ਰਹੇ ਓ ਖਾਨ ਬਹਾਦਰ । ਭਗਤ ਸਿੰਘ ਹੱਸਦਾ ਹੈ।

-ਸਰਕਾਰ ਨੇ ਕੱਲ ਸਵੇਰੇ ਛੇ ਵਜੇ ਦੀ ਥਾਂ , ਅੱਜ ਸ਼ਾਮ ਦੇ ਸੱਤ ਵਜੇ ਫਾਂਸੀ ਦਿੱਤੇ ਜਾਣ ਦਾ ਫੈਸਲਾ ਕੀਤਾ ਹੈ।’ … ਖਾਨ ਹੌਲੀ ਜਿਹੀ ਦੱਸਦਾ ਹੈ।

-ਤਾਂ ਮੈਨੂੰ ਇਹ ਕਿਤਾਬ ਖਤਮ ਕਰਨ ਦੀ ਆਗਿਆ ਨਹੀਂ ਮਿਲੇਗੀ?’ ਭਗਤ ਸਿੰਘ ਉਸੇ ਲਹਿਜੇ ਵਿੱਚ ਪੁੱਛਦਾ ਹੈ। ਖਾਨ ਬਹਾਦਰ ਚੁੱਪ ਹੈ। ਬੇਬਸੀ ਵਿੱਚ ਉਸ ਵੱਲ ਤੱਕਦਾ ਰਹਿੰਦਾ ਹੈ।ਫਿਰ ਕਹਿੰਦਾ ਹੈ… ਤਿਆਰ ਰਹਿਣਾ ਬਰਖੁਰਦਾਰ।’

-ਅਸੀਂ ਤਿਆਰ ਹਾਂ ਖਾਨ ਸਾਹਬ। ਭਗਤ ਸਿੰਘ ਕਿਤਾਬ ਉਪਰੋਂ ਨਜ਼ਰਾਂ ਉਠਾਏ ਬਿਨਾਂ ਹੀ ਕਹਿੰਦਾ ਹੈ।

ਹਾਉਕਾ ਲੈ ਕਿ, ਜੇਲ੍ਹਰ, ਸੁਖਦੇਵ ਅਤੇ ਰਾਜਗੁਰੂ ਨੂੰ ਮਿਲਣ ਤੁਰ ਜਾਂਦਾ ਹੈ।

***

ਜੇਲ੍ਹ ਦੇ ਬਾਹਰ , ਰਿਸ਼ਤੇਦਾਰਾਂ , ਸਕੇ-ਸਬੰਧੀਆਂ, ਦੋਸਤਾਂ ਮਿੱਤਰਾਂ ਅਤੇ ਵਿਦਿਆਰਥੀਆਂ ਦੀ ਭੀੜ ਟਿੱਡੀ-ਦਲ ਵਾਂਗ ਉਮੜ ਆਈ ਹੈ। ਕਿਸ਼ਨ ਸਿੰਘ ਮੁਲਾਕਾਤ ਦੀ ਆਗਿਆ ਲੈਣ ਲਈ ਪਾਗਲਾਂ ਵਾਂਗ ਇਧਰ ਉਧਰ ਭਟਕ ਰਿਹਾ ਹੈ।

– ਏਨੇ ਲੋਕਾਂ ਦੀ ਮੁਲਾਕਾਤ ਨਹੀਂ ਹੋ ਸਕਦੀ।’ ਰੁੱਖਾ ਜਵਾਬ ਮਿਲਦਾ ਹੈ।

-ਉਪਰੋਂ ਹੁਕਮ ਆਇਆ ਹੈ।

– ਕਿਥੋਂ ਉਪਰੋਂ ? ਰੱਬ ਤੋਂ/ ਕਿਸ਼ਨ ਸਿੰਘ ਖਿੱਝ ਕੇ ਉਪਰ ਬਾਂਹ ਖੜ੍ਹੀ ਕਰਕੇ ਪੁੱਛਦਾ ਹੈ।

-ਇਹ ਕਾਨੂੰਨ ਦੀ ਗੱਲ ਹੈ ਸਰਦਾਰ ਜੀ, ਸਾਡੇ ਨਾਲ ਗੁੱਸਾ ਕਿਓ ਹੁੰਦੇ ਹੋ।…

ਅਸੀਂ ਤਾਂ ਨੌਕਰ ਹਾਂ। ਕੋਈ ਛੋਟਾ ਅਧਿਕਾਰੀ ਉਸਦੀ ਮਨੋ-ਅਵਸਥਾ ਸਮਝਦਾ ਨਿਮਰਤਾ ਨਾਲ ਆਖਦਾ ਹੈ।

ਕਿਸ਼ਨ ਸਿੰਘ ਮੁੜ ਆਉਂਦਾ ਹੈ।

ਕਿਸ਼ਨ ਸਿੰਘ ਨੀਵੀਂ ਪਾ ਲੈਂਦਾ ਹੈ। ਸਾਰੇ ਰੋਣ ਲੱਗਦੇ ਹਨ।

ਰਾਜਗੁਰੂ ਦੀ ਭੈਣ ਅਤੇ ਮਾਂ ਮਹਾਂਰਾਸ਼ਟਰ ਤੋਂ ਆਏ ਹੋਏ ਹਨ। ਸੁਖਦੇਵ ਦੀ ਮਾਂ ਵੀ ਹੈ। ਸਾਰੇ ਇਕੱਠੇ ਬੈਠੇ ਇਕ ਪਰਵਾਰ ਵਾਂਗ ਰੋ ਰਹੇ ਹਨ।

ਫਿਰ ਪਤਾ ਲੱਗਦਾ ਹੈ, ਸਰਕਾਰ ਕੇਵਲ ਮਾਤਾ ਪਿਤਾ ਨੂੰ ਹੀ ਮਿਲਣ ਦੀ ਆਗਿਆ ਦੇ ਸਕਦੇ ਹਨ… ਭੈਣਾਂ , ਚਾਚੀਆਂ, ਤਾਈਆਂ ਦਾਦੀਆਂ ਨੂੰ ਨਹੀਂ।…

-ਠੀਕ ਹੈ ਅਸੀਂ ਕੋਈ ਮੁਲਾਕਤ ਕਰਨ ਨਹੀਂ ਜਾਵਾਂਗੇ। …ਕਿਸ਼ਨ ਸਿੰਘ ਰੋਸ ਅਤੇ ਦੁੱਖ ਨਾਲ ਐਲਾਨ ਕਰਦਾ ਹੈ।

-ਅਸੀਂ ਵੀ ਆਪਣੇ ਪੁੱਤਰਾਂ ਨੂੰ ਨਹੀਂ ਮਿਲਾਂਗੀਆਂ। ਰਾਜਗੁਰੂ ਅਤੇ ਸੁਖਦੇਵ ਦੀਆਂ ਮਾਵਾਂ ਵੀ, ਰੋਂਦੀਆਂ ਰੋਂਦੀਆਂ ਆਖਦੀਆਂ ਹਨ।

…ਜੇਲ੍ਹ ਅਧਿਕਾਰੀ, ਮੁਲਾਕਾਤ ਦੀ ਆਗਿਆ ਨਹੀਂ ਦਿੰਦੇ… ਇਹ ਗੱਲ ਬਾਹਰ ਜੁੜੇ ਲੋਕਾਂ ਵਿੱਚ ਫੈਲ ਜਾਂਦੀ ਹੈ। ਹਰ ਪਾਸੇ ਹਾਹਾਕਾਰ ਮੱਚ ਜਾਂਦੀ ਹੈ।… ਲੋਕ ‘ਬਰਤਾਨਵੀ ਸਾਮਰਾਜ ਮੁਰਦਾਬਾਦ’ ਦੇ ਨਾਅਰੇ ਲਾਉਣ ਲੱਗਦੇ ਹਨ। ਖਬਰਾਂ ਜੇਲ ਦੇ ਅੰਦਰਵੀ ਪਹੁੰਚ ਜਾਂਦੀਆਂ ਹਨ। ਭਗਤ ਸਿੰਘ ਤਰੁੰਤ ਆਪਣਾ ਰੋਸ ਜੇਲ੍ਹ ਅਧਿਕਾਰੀਆਂ ਕੋਲ ਭੇਜਦਾ ਹੈ- ‘ ਜੇ ਸਭ ਅੲ ਰਿਸ਼ਤੇਦਾਰਾਂ ਅਤੇ ਮਾਂ ਬਾਪ ਨੂੰ ਮਿਲਣ ਦੀ ਆਗਿਆ ਨਹੀਂ ਮਿਲੇਗੀ ਤਾਂ ਅਸੀਂ ਆਪਣੇ ਮਾਂ ਬਾਪ ਨੂੰ ਵੀ ਨਹੀਂ ਮਿਲਾਂਗੇ’।

ਜੇਲ੍ਹ ਵਾਰਡਨ ਚੜ੍ਹਤ ਸਿੰਘ ਅੱਜ ਬਹੁਤ ਉਦਾਸ ਹੈ। ਏਨੇ ਵਰ੍ਹੇ ਉਸਨੇ ਇਸੇ ਜੇਲ੍ਹ ਵਿੱਚ ਗੁਜ਼ਾਰੇ ਹਨ। ਫਾਂਸੀ ਦੇਣ ਦਾ ਇਹ ਕੇਹਾ ਸਮਾਂ ਹੈ, ਉਸਨੇ ਤਾਂ ਕਦੀ ਨਹੀਂ ਵੇਖਿਆ । ਫਾਂਸੀ ਸਦਾ ਸਵੇਰੇ ਦਿੱਤੀ ਜਾਂਦੀ ਰਹੀ ਹੈ। ਕੀ ਇਹ ਅੰਗਰੇਜ਼ੀ ਸਰਕਾਰ ਇਹਨਾਂ ਤੋਂ ਏਨਾ ਡਰ ਗਈ ਹੈ?… ਉਹ ਭਗਤ ਸਿੰਘ ਕੋਲ ਜਾ ਖੜ੍ਹਦਾ ਹੈ।

-ਪੁੱਤਰ, ਹੁਣ ਆਖਰੀ ਵੇਲਾ ਆ ਪਹੁੰਚਿਆ ਹੈ। ਮੈਂ ਤੇਰੇ ਪਿਤਾ ਸਮਾਨ ਹਾਂ। ਮੇਰੀ ਆਖਰੀ ਗੱਲ ਮੰਨ ਲੈ।’

– ਕਹੋ, ਚੜ੍ਹਤ ਸਿੰਘ ਜੀ, ਕੀ ਹੁਕਮ ਹੈ ?’ ਭਗਤ ਸਿੰਘ ਕਿਤਾਬ ਦੇ ਪੰਨਿਆਂ ਵਿੱਚ ਉਂਗਲੀ ਫਸਾ ਕੇ ਬੰਦ ਕਰਦਿਆਂ ਪੁੱਛਦਾ ਹੈ।

-ਮੇਰੀ ਇਕ ਪ੍ਰਾਰਥਨਾ ਹੈ, ਹੁਣ ਆਖਰੀ ਸਮੇਂ ਤਾਂ ਵਾਹਿਗੁਰੂ ਦਾ ਨਾਮ ਜਪ ਲੇ ਤੇ ਗੁਰਬਾਣੀ ਦਾ ਪਾਠ ਕਰ ਲੈ। ਮੈਂ ਤੇਰੇ ਲਈ ਗੁਟਕਾ ਲਿਆਇਆ ਹਾਂ।’

-ਚੜ੍ਹਤ ਸਿੰਘ, ਆਪਦੀ ਇੱਛਾ ਪੂਰੀ ਕਰਨ ਵਿੱਚ ਮੈਨੂੰ ਕੋਈ ਅੜਚਨ ਨਹੀਂ ਸੀ ਆਉਣੀ ਜੇ ਆਪ ਕੁਝ ਸਮਾਂ ਪਹਿਲਾ ਕਿਹਾ ਹੁੰਦਾ । ਹੁਣ , ਜਦੋਂ ਆਖਰੀ ਵੇਲਾ ਆ ਗਿਆ ਹੈ ਤਾਂ ਤੇਰਾ ਪਰਮਾਤਮਾ ਕਹੇਗਾ…ਭਗਤ ਸਿੰਘ ਬੁਜ਼ਦਿਲ ਹੈ, ਸਾਰੀ ਉਮਰ ਤਾਂ ਮੈਨੂੰ ਯਾਦ ਨਹੀਂ ਕੀਤਾ, ਹੁਣ ਮੌਤ ਸਾਹਮਣੇ ਦਿਸਦੀ ਹੈ ਤਾਂ ਮੈਨੂੰ ਯਾਦ ਕਰਨ ਲੱਗਾ ਹੈ। ਮੈਂ ਨਾਸਤਿਕ ਤਾਂ ਅਖਵਾ ਸਕਦਾ ਹਾਂ ਚੜ੍ਹਤ ਸਿੰਘ, ਬੁਜ਼ਦਿਲ ਨਹੀਂ।’

ਚੜ੍ਹਤ ਸਿੰਘ ਅੱਖਾਂ ਵਿੱਚ ਹੱਝੂ ਭਰਕੇ ਉਸ ਵਲ ਤੱਕਣ ਲੱਗਦਾ ਹੈ।

***

ਸਮੇਂ ਤੋਂ ਪਹਿਲਾ ਹੀ ਚੜ੍ਹਤ ਸਿੰਘ , ਜਦੋਂ ਕੈਦੀਆਂ ਨੂੰ ਆਪਣੀਆਂ ਆਪਣੀਆਂ ਬੈਰਕਾਂ ਅਤੇ ਕੋਠੜੀਆਂ ਵਿੱਚ ਜਾਣ ਲਈ ਹੋਕਾ ਦਿੰਦਾ ਹੈ, ਤਾਂ ਕੈਦੀ ਇਤਰਾਜ਼ ਕਰਦੇ ਹਨ।

-ਇਹ ਸਮਾਂ ਕੋਠੜੀਆਂ ਅੰਦਰ ਬੰਦ ਹੋਣ ਦਾ ਨਹੀਂ ਹੈ।’ ਉਦੋਂ ਜੁਲ੍ਹਰ ਖਾਨ ਬਹਾਦਰ ਉਥੇ ਹਾਜ਼ਰ ਹੁੰਦਾ ਹੈ- ‘ਇਹ ਹੁਕਮ ਉੱਪਰੋਂ ਆਇਆ ਹੈ, ਬਰਖੁਰਦਾਰੋ! ਅਸੀਂ ਮਜ਼ਬੂਰ ਹਾਂ। ਮੈਂ ਅਰਜ਼ ਕਰਦਾ ਹਾਂ… ਆਪਣੀ ਆਪਣੀ ਜਗਾਹ ਵਾਪਸ ਚਲੇ ਜਾਉ।’…

ਸਾਰੇ ਕੈਦੀ ਖਾਨ ਬਹਾਦਰ ਅਤੇ ਚੜ੍ਹਤ ਸਿੰਘ ਦਾ ਸਤਿਕਾਰ ਕਰਦੇ ਹਨ। ਉਹ ਚੁੱਪ ਚਾਪ ਬੰਦ ਹੋਣ ਚਲੇ ਗਏ ਹਨ।

ਭਗਤ ਸਿੰਘ…ਕੋਠੜੀ ਵਿੱਚ ਕਿਤਾਬ ਪੜ੍ਹਨ ਲੱਗਿਆ ਹੋਇਆ ਹੈ।

ਜੇਲ੍ਹ ਅੰਦਰ ਸਨਾਟ ਹੈ। ਅੰਦਰ ਗਸ਼ਤ ਹੋਰ ਵਧਾ ਦਿੱਤੀ ਗਈ ਹੈ। ਸਮਾਂ ਦੌੜਦਾ ਜਾ ਰਿਹਾ ਹੈ। ਸ਼ਾਮ ਦੇ ਚਾਰ ਵੱਜ ਗਏ… ਪੰਜ ਵੱਜ ਗਏ…

ਕੋਈ ਵੀ ਜੇਲ੍ਹ ਅਧਿਕਾਰੀ ਨਿਗਰਾਨੀ ਵਜੋਂ…ਬੈਰਕਾਂ ਜਾਂ ਕੋਠੜੀਆਂ ਵੱਲ ਨਹੀਂ ਆ ਰਿਹਾ । ਅੱਜ ਤਾਂ ਵਾਰਡਨ ਵੀ ਜਿੰਦਰੇ ਚੈੱਕ ਕਰਨ ਨਹੀਂ ਆਇਆ।…ਕੀ ਹੋ ਰਿਹਾ ਹੈ…? ਹੈਰਾਨ ਹੋੲ ਕੈਦੀਆਂ ਨੂੰ ਕੁਝ ਸਮਝ ਨਹੀਂ ਆ ਰਹੀ।

ਤਿੰਨਾਂ ਫਾਂਸੀ ਦੇ ਕੈਦੀਆਂ ਨੂੰ ਅਚਾਨਕ ਹੁਕਮ ਮਿਲਦਾ ਹੈ।

‘ਇਸ਼ਨਾਨ ਕਰਕੇ ਝੱਟਪਟ ਤਿਆਰ ਹੋ ਜਾਵੋ।’

***

ਜੇਲ੍ਹ ਤੋਂ ਬਾਹਰ ਇਕੱਠੀ ਹੋਈ ਭੀੜ ਦਾ ਰੌਲਾ , ਜੇਲ੍ਹ ਦੀਆਂ ਉੱਚੀਆਂ ਕੰਧਾਂ ਉਲੰਘ ਕੇ ਅੰਦਰ ਸੁਣਾਈ ਦੇ ਰਿਹਾ ਹੈ।

ਕੁਝ ਦੇਰ ਬਾਅਦ ਵਾਰਡਨ ਉਹਨਾਂ ਨੂੰ ਕੋਠੜੀਆਂ ਅੰਦਰ ਹੀ ਜੇਲ੍ਹ ਨਿਯਮ ਅਨੁਸਾਰ ਕਾਲੇ ਕੱਪੜੇ ਪਹਿਨਣ ਲਈ ਦੇ ਜਾਂਦਾ ਹੈ।

ਭਗਤ ਸਿੰਘ ਪੁਸਤਕ ਪੜ੍ਹਨ ਵਿੱਚ ਮਸਤ ਹੈ।

ਜਦੋਂ ਜੇਲ੍ਹ ਅਧਿਕਾਰੀ ਕੋਠੜੀ ਦੇ ਸਾਹਮਣੇ ਆਣ ਕੇ ਤਾਲਾ ਖੁਲ੍ਹਵਾ ਕੇ ਕਹਿੰਦਾ ਹੈ:

-ਸਰਦਾਰ ਜੀ, ਫਾਂਸੀ ਲੱਗਣ ਦਾ ਹੁਕਮ ਆਇਆ ਹੈ, ਤਿਆਰ ਹੋ ਜਾਓ…।

-ਠਹਿਰੋ!’…ਅੱਖਾਂ ਪੁਸਤਕ ਉੱਪਰ ਹੀ ਗੱਡੀ , ਭਗਤ ਸਿੰਘ ਇਕ ਹੱਥ ਖੜ੍ਹਾ ਕਰਕੇ ਉਸ ਨੂੰ ਉੱਚੀ ਆਵਾਜ਼ ਵਿੱਚ ਰੋਕਦਾ ਹੈ।… ‘ਇਕ ਇਨਕਲਾਬੀ ਦੂਸਰੇ ਇਨਕਲਾਬੀ ਨੂੰ ਮਿਲ ਰਿਹਾ ਹੈ।’ ਤੇ ਉਹ ਫਿਰ ਪੁਸਤਕ ਪੜ੍ਹਨ ਲੱਗਦਾ ਹੈ।

ਜੇਲ੍ਹਰ ਹੈਰਾਨ ਹੈ, ਗਿਆਨ ਪਰਾਪਤ ਕਰਨ ਦੀ ਇਹ ਕੇਹੀ ਲਾਲਸਾ ਹੈ, ਨਾ ਇਸਨੂੰ ਮੌਤ ਦਾ ਡਰ ਹੈ , ਨਾ ਆਪਣਿਆਂ ਤੋਂ ਵਿਛੜਨ ਦੀ ਉਦਾਸੀ ਹੈ, ਇਹ ਕੇਹਾ ਜਨੂੰਨ ਹੈ, ਮੈਂ ਤਾਂ ਅਜਿਹੇ ਨੌਜਵਾਨ ਕਦੀ ਨਹੀਂ ਦੇਖੇ।’ …

ਕਾਂਢ ਖਤਮ ਕਰਕੇ , ਭਗਤ ਸਿੰਘ ਕਿਤਾਬ ਇਕ ਪਾਸੇ ਰੱਖ ਕਿ ਕਹਿੰਦਾ ਹੈ, ‘ਚਲੋ, ਮੈਂ ਤਿਆਰ ਹਾਂ।’… ਤੇ ਉਠ ਖੜ੍ਹਦਾ ਹੈ।

-ਸਰਦਾਰ ਜੀ, ਜੇਲ੍ਹ ਪਰੰਪਰਾ ਅਤੇ ਨਿਯਮ ਅਨੁਸਾਰ ਤੁਹਾਨੂੰ ਕਾਲੇ ਕੱਪੜੇ ਪਹਿਨਣੇ ਹੋਣਗੇ।’ ਜੇਲ੍ਹ ਅਧਿਕਾਰੀ ਨਿਮਰਤਾ ਨਾਲ ਆਖਦਾ ਹੈ।

-ਜਨਾਬ, ਨਾਂ ਤਾਂ ਅਸੀਂ ਡਾਕੂ ਹਾਂ, ਨਾ ਹੀ ਆਮ ਅਪਰਾਧੀ ਹਾਂ। ਅਸੀਂ ਰਾਜਸੀ ਕੈਦੀ ਤੇ ਇਨਕਲਾਬੀ ਹਾਂ। ਸਰਕਾਰ ਵਿਰੁੱਧ ਲੜੇ ਹਾਂ। ਅਸੀਂ ਕਾਲੇ ਕੱਪੜੇ ਨਹੀਂ ਪਹਿਨਾਂਗੇ।’ ਭਗਤ ਸਿੰਘ ਸਖਤ ਬੋਲਾਂ ਨਾਲ ਇਤਰਾਜ਼ ਕਰਦਾ ਹੈ।

ਸਮਾਂ ਤੇਜ਼ੀ ਨਾਲ ਗੁਜ਼ਰ ਰਿਹਾ ਹੈ। ਜੇਲ੍ਹ ਅਧਿਕਾਰੀ ਖਾਨ ਬਹਾਦਰ ਅਕਬਰ ਖਾਨ ਕੋਲ ਦੌੜਦਾ ਜਾਂਦਾ ਹੈ । ਸਭ ਜਾਣਦੇ ਹਨ, ਭਗਤ ਸਿੰਘ ਤੇ ਉਸਦੇ ਸਾਥੀ, ਖਾਨ ਬਹਾਦਰ ਦੀ ਗੱਲ ਮੰਨ ਲੈਂਦੇ ਹਨ।

ਖਾਨ ਬਹਾਦਰ ਲਈ ਇਹ ਬੜੇ ਸੰਕਟ ਦੀ ਘੜੀ ਹੈ।… ਉਹ ਨਹੀਂ ਸੀ ਚਾਹੁੰਦਾ ਹੁਣ ਮੈਂ ਉਹਨਾਂ ਸਾਹਮਣੇ ਜਾਵਾਂ। ਉਸ ਕੋਲੋਂ ਇਹਨਾਂ ਮੁੰਡਿਆਂ ਦੀਆ ਅੱਖਾਂ ਵਿੱਚ ਨਹੀਂ ਵੇਖਿਆ ਜਾਣਾ। ਪਰ ਸਥਿਤੀ ਅਜਿਹੀ ਆ ਬਣੀ।… ਉਹ ਡੋਲਦੇ ਮਨ ਅਤੇ ਦੁਖੀ ਹਿਰਦੇ ਨਾਲ ਪਾਸ ਆਉਂਦਾ ਹੈ।… ‘ਛੇੜਕਲੇ ਸਮੇਂ, ਮੇਰੀ ਸਥਿਤੀ ਨੂੰ ਹੋਰ ਤਰਸਯੋਗ ਨਾ ਬਣਾਓ…ਬਰਖੁਰਦਾਰੋ।

-ਠੀਕ ਹੈ , ਖਾਨ ਬਹਾਦਰ, ਆਪ ਦੇ ਕਹਿਣ ਤੇ ਅਸੀਂ ਕਾਲੇ ਕੱਪੜੇ ਪਹਿਨ ਲਵਾਂਗੇ, ਪਰ ਆਪਣੇ ਮੂੰਹ ਉਪਰ ਕਾਲੇ ਟੋਪ ਨਹੀਂ ਪਾਵਾਂਗੇ।’… ਭਗਤ ਸਿੰਘ ਸ਼ਰਤ ਰਖਦਾ ਹੈ।

ਉਹਨਾਂ ਦੀ ਇਹ ਸ਼ਰਤ ਜੇਲ ਅਧਿਕਾਰੀ ਮੰਨ ਲੈਦੇ ਹਨ।

also read : ਦਾਜ ਪ੍ਰਥਾ ਦੇ ਪਿੱਛੇ ਕਿਸਦਾ ਹੱਥ ?

ਪੌਣੇ ਸੱਤ ਵੱਜ ਗਏ ਹਨ।

ਸੁਪਰਡੈਂਟ ਜੇਲ੍ਹ, ਮਿਸਟਰ ਚਪੋੜਾ, ਆਈ ਜੀ. ਪੁਲਿਸ ,ਡੀ.ਸੌ. ਲਾਹੌਰ, ਤੇ ਆਈ.ਜੀ ਸਭ ਫਾਂਸੀ ਦੀ ਥਾਂ ਉੱਪਰ ਪਹੁੰਚ ਗਏ ਗਏ ਹਨ।

ਉਧਰ ਸੁਖਦੇਵ , ਰਾਜਗੁਰੂ ਅਤੇ ਭਗਤ ਸਿੰਘ ਨੂੰ ਕੋਠੜੀਆਂ ਤੋਂ ਬਾਹਰ ਲੈ ਆਂਦਾ ਹੈ।

ਤਿੰਨਾਂ ਨੇ ਇਕ ਦੂਜੇ ਬਾਹਾਂ ਵਿੱਚ ਬਾਹਾਂ ਪਾ ਲਈਆਂ ਹਨ।

ਸ਼ਾਮ ਦੇ ਇਸ ਘੁਸਮੁਸੇ ਵਿੱਚ, ਜੇਲ੍ਹ ਦੇ ਸਾਰੇ ਕੈਦੀ , ਸਾਹ ਰੋਕ ਕੇ, ਕਿਸੇ ਹੋਣੀ ਦੀ ਉਡੀਕ ਕਰ ਰਹੇ ਹਨ। ਹੁਣ ਅਚਾਨਕ ਉਹਨਾਂ ਨੂੰ ਪੈੜ ਚਾਲ ਸੁਣਦੀ ਹੈ, ਫੇਜ ਜੇਲ੍ਹ ਦੀ ਫਿਜ਼ਾ ਵਿੱਚ ਤਿੰਨਾਂ ਦੀ ਗਾਉਣ ਦੀ ਆਵਾਜ਼ ਤੈਰਨ ਲੱਗਦੀ ਹੈ।

ਕਭੀ ਵੁਹ ਦਿਨ ਭੀ ਆਏਂਗੇ, ਜਦ ਆਜ਼ਾਦ ਹਮ ਹੋਂਗੇ,

ਯਹ ਅਪਨੀ ਹੀ ਜ਼ਮੀ ਹੋਗੀ, ਯਹ ਅਪਨਾ ਆਸਮਾਂ ਹੋਗਾ

ਸ਼ਹੀਦੋ ਕੀ ਤਿਚਾਓਂ ਪਰ ਲਗੇਂਗੇ ਹਰ ਬਰਸ ਮੇਲੇ

ਵਤਨ ਪਰ ਮਿਟਨੇ ਵਾਲੋਂ ਕਾ, ਯਹੀ ਬਾਕੀ ਨਿਸ਼ਾਂ ਹੋਗਾ।

ਤਿੰਨੋਂ ਨਾਅਰੇ ਲਾਉਣ ਲੱਗਦੇ ਹਨ।… ਇਨਕਲਾਬ ਜ਼ਿੰਦਾਬਾਦ , ਡਾਊਨ ਡਾਊਨ ਯੂਨੀਅਨ ਜੈਕ,… ਬਰਤਾਨਵੀ ਸਮਾਰਾਜ ਮੁਰਦਾਬਾਦ…।…

ਨਾਅਰਿਆਂ ਦੀ ਆਵਾਜ਼… ਇਕ ਕੋਠੜੀ ਤੋਂ ਦੂਜੀ ਕੋਠਵੀ , ਕੋਠੜੀ ਤੋਂ ਬੈਰਕਾਂ ਤੇ ਫਿਰ ਅਗਾਂਹ… ਪੂਰੀ ਜੇਲ੍ਹ ਵਿੱਚ ਫੈਲ ਜਾਂਦੀ ਹੈ।… ਕੈਦੀ ਨਾਅਰਿਆਂ ਦਾ ਜਵਾਬ ਦਿੰਦੇ ਹਨ।… ਬੈਰਕਾਂ ਗੂੰਜ ਉਠਦੀਆਂ ਹਨ।.. ਅਵਾਜ਼ ਜੇਲ੍ਹ ਦੀਆਂ ਕੰਧਾਂ ਤੋਂ ਬਾਹਰ ਖੜੇ ਹਜ਼ਾਰਾਂ ਲੋਕਾਂ ਤੱਕ ਪਹੁੰਚਦੀ ਹੈ।… ਤੇ ਫਿਰ… ਸਾਰਾ ਲਾਹੌਰ ਕੰਬਣ ਲੱਗਦਾ ਹੈ।

ਉਹ ਫਿਰ ਗਾਉਣ ਲੱਗਦੇ ਹਨ:

ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ

ਦੇਖਨਾ ਹੈ ਜ਼ੋਰ ਕਿਤਾਨ ਬਾਜ਼ੂਏ ਕਾਤਲ ਮੇਂ ਹੈ

ਭਗਤ ਸਿੰਘ ਗਾਉਣ ਲੱਗਦਾ ਹੈ … ਮੇਰਾ ਰੰਗਦੇ ਬਸੰਤੀ ਚੋਲਾ… ਮਾਏ ਰੰਗ ਦੇ…

ਬੈਰਕਾਂ ਅੰਦਰ ਕੈਦੀ ਗਾਉਣ ਲਗਦੇ ਹਨ। ਆਪਣੇ ਮਨਾਂ ਅਮਦਰ ਤਾਂ ਕੁਝ ਸਿਪਾਹੀ ਵੀ, ਉਹਨਾਂ ਦੇ ਨਾਲ ਨਾਲ ਗਾ ਰਹੇ ਹਨ। ਅਧਿਕਾਰੀ ਮੂਕ ਬਣੇ ਖੜ੍ਹੇ ਤਿੰਨਾਂ ਵੱਲ ਤੱਕਦੇ ਰਹਿੰਦੇ ਹਨ। ਹੈਰਾਨ ਹਨ, ਮੌਤ ਦਾ ਏਹ ਕੇਹਾ ਸਰੂਰ ਤਿੰਨਾਂ ਦੇ ਚਿਹਰਿਆਂ ਉਪਰ ਚਮਕਣ ਲੱਗਾ ਹੈ।

ਗਾਉਂਦੇ ਤੇ ਨਾਹਰੇ ਮਾਰਦੇ ਤਿੰਨੋ..ਲਕੜੀ ਦੇ ਫੱਟਿਆਂ ਉੱਪਰ ਜਾ ਖੜ੍ਹਦੇ ਹਨ। ਭਗਤ ਸਿੰਘ ਵਿਚਾਕਰ ਹੈ। ਸੱਜੇ ਪਾਸੇ ਰਾਜਗੁਰੂ ਤੇ ਖੱਬੇ ਪਾਸੇ ਸੁਖਦੇਵ ਖੜ੍ਹਾ ਹੈ। ਪਹਿਲਾਂ ਤਿੰਨੋਂ ਇਕ ਦੂਸਰੇ ਨੂੰ ਗਲੇ ਮਿਲਦੇ ਹਨ। ਫਿਰ ਨਾਅਰੇ ਲਾਉਣ ਲੱਗਦੇ ਹਨ।…

ਬੈਰਕਾਂ ਵਿੱਚੋਂ ਨਾਅਰਿਆਂ ਦਾ ਜਵਾਬ ਸੁਣਦਾ ਹੈ।

ਭਗਤ ਸਿੰਘ ਜੇਲ੍ਹ ਅਧਿਕਾਰੀਆਂ ਦੀਆਂ ਅੱਖਾਂ ਵਿੱਚ ਤੱਕਦਾ ਗਾਉਣ ਲੱਗਦਾ ਹੈ।

ਤੇਗੋਂ ਕੇ ਸਾਏ ਮੇਂ, ਹਮ ਪਲ ਜਵਾਂ ਹੁਏ ਹੈਂ,

ਇਕ ਖੇਲ ਜਾਨਤੇ ਹੈਂ, ਫਾਂਸੀ ਪੇ ਝੂਲ ਜਾਨਾ।

ਸੁਖਦੇਵ ਅਤੇ ਰਾਜਗੁਰੂ ਵੀ ਭਗਤ ਸਿੰਘ ਨਾਲ ਗਾਉਣ ਲੱਗਦੇ ਹਨ। ਲਾਹੌਰ ਦਾ ਡਿਪਟੀ ਕਮਿਸ਼ਨਰ ਘਬਰਾ ਰਿਹਾ ਹੈ ਤੇ ਜੇਲ੍ਹਰ ਨੂੰ ਇਹਨਾਂ ਦੇ ਹੱਥ ਬੰਨ੍ਹਣ ਲਈ ਕਹਿੰਦਾ ਹੈ। ਇਹ ਸਭ ਭਗਤ ਸਿੰਘ ਵੇਖ ਰਿਹਾ ਹੈ। ਉਸਦੇ ਚਿਹਰੇ ਉਪਰ ਅਚਾਨਕ ਗੰਭੀਰਤਾ ਆ ਜਾਂਦੀ ਹੈ। ਉਹ ਬੁਲੰਦ ਆਵਾਜ਼ ਵਿੱਚ ਕਹਿੰਦਾ ਹੈ।:

ਮੈਜਿਸਟਰੇਟ ਸਾਹਬ, ਆਪ ਕਿਸਮਤ ਵਾਲੇ ਹੋ , ਕਿ ਅੱਜ ਆਪ ਨੂੰ ਆਪਣੀਆਂ ਅੱਖਾਂ ਨਾਲ, ਇਹ ਦੇਖਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ, ਕਿ ਭਾਰਤ ਦੇ ਇਨਕਲਾਬੀ ਕਿਸ ਤਰ੍ਹਾਂ ਖੁਸ਼ੀ ਖੁਸ਼ੀ ਆਪਣੇ ਉੱਚੇ ਆਦਰਸ਼ ਲਈ, ਮੌਤ ਨੂੰ ਵੀ ਗਲਵੱਕੜੀ ਪਾ ਸਕਦੇ ਹਨ।’

ਮੈਜਿਸਟਰੇਟ ਸ਼ਰਮ ਮਹਿਸੂਰ ਕਰਦਾ ਹੈ ਤੇ ਨੀਵੀਂ ਪਾ ਲੈਦਾ ਹੈ।

ਤਿੰਨਾਂ ਦੇ ਸਿਰਾਂ ਉੱਪਰ ਫਾਂਸੀ ਦੇ ਫੰਦੇ ਲਟਕ ਰਹੇ ਹਨ। ਇਸ਼ਾਰਾ ਪਾ ਕੇ ਜੱਲਾਦ ਕੋਲ ਆਉਂਦਾ ਹੈ ਤਾਂ ਭਗਤ ਸਿੰਘ ਉਸ ਨੂੰ ਰੋਕ ਦਿੰਦਾ ਹੈ। ਫਿਰ ਤਿੰਨੋਂ , ਪਹਿਲਾਂ ਆਪਣਾ ਆਪਣਾ ਫੰਦਾ ਚੁੰਮਦੇ ਹਨ, ਫਿਰ ਗਲਾਂ ਵਿੱਚ ਪਾ ਲੈਂਦੇ ਹਨ, ਤਿੰਨੋਂ ਇਕੱਠੇ ਗਰਜ਼ਦੇ ਹਨ , ਇਨਕਾਲਬ ਜ਼ਿੰਦਾਬਾਦ … ਸਮਾਰਾਜਵਾਦ ਮੁਰਦਾਬਾਦ ।’

ਫਿਰ ਭਗਤ ਸਿੰਘ …ਸਤੰਭ ਹੋਏ ਖੜ੍ਹੇ ਜੱਲਾਦ ਨੂੰ ਕਹਿੰਦਾ ਹੈ- ‘ਮੇਹਰਬਾਨੀ ਕਰਕੇ, ਹੁਣ ਇਹਨਾਂ ਫੰਦਿਆਂ ਨੂੰ ਆਪ ਹੀ ਠੀਕ ਕਰ ਲੈ ।’

ਮੁਰਦਾ ਜਿਹੇ ਹੋਏ, ਮਣ ਮਣ ਦੇ ਭਾਰੇ ਹੋਏ ਪੈਰਾਂ ਨਾਲ ਜੱਲਾਦ ਅਗਾਂਹ ਵਧਦਾ ਹੈ ਤੇ ਕੰਬਦੇ ਹੱਥਾਂ ਨਾਲ ਜਦੋਂ ਫੰਦਾ ਠੀਕ ਤਰ੍ਹਾਂ ਕੱਸਣ ਲੱਗਦਾ ਹੈ ਤਾਂ ਉਸਦੀਆਂ ਅੱਖਾਂ ਭਰ ਆਉਦੀਆਂ ਹਨ। ਫਿਰ ਹੇਠਾਂ ਆਣ ਕੇ ਉਹ ਮੈਜਿਸਟਰੇਟ ਦੇ ਇਸ਼ਾਰੇ ਦੀ ਉਡੀਕ ਕਰਨ ਲੱਗਦਾ ਹੈ। 23 march 1931 Shaheed

ਮੈਜਿਸਟਰੇਟ ਦੀਆਂ ਅੱਖਾਂ ਆਪਣੀ ਘੜੀ ਦੀਆਂ ਸੂਈਆਂ ਉਪਰ ਹੈ। ਚੁਫੇਰੇ ਖਾਮੋਸ਼ ਹੈ। ਸਾਹਾਂ ਤੱਕ ਦੀ ਆਵਾਜ਼ ਸੁਣਦੀ ਹੈ। ਦਿਲ ਧੜਕ ਰਹੇ ਹਨ। ਗਮਗੀਨ ਮੁਦਰਾ ਵਿੱਚ ਪਾਸੇ ਖੜ੍ਹੇ ਸਿਪਾਹੀ ਆਖਰੀ ਇਸ਼ਾਰੇ ਦੀ ਉਡੀਕ ਕਰ ਰਹੇ ਹਨ।

ਮੈਜਿਸਟਰੇਟ ਅਚਾਨਕ ਇਸ਼ਾਰਾ ਕਰਦਾ ਹੈ।… ਜੱਲਾਦ ਡੋਲਦੇ ਮਨ ਨਾਲ ਆਪਣਾ ਫਰਜ਼ ਪੂਰਾ ਕਰਦਾ ਹੈ। ਪੈਰਾਂ ਹੇਠਲੇ ਫੱਟੇ ਭਿਆਨਕ ਅਵਾਜ਼ ਕਰਦੇ ਖਿਸਕ ਜਾਂਦੇ ਹਨ। ਤਿੰਨ ਜ਼ਿੰਦਗੀਆਂ ਰੱਸਿਆ ਦੇ ਆਸਰੇ ਲਟਕਣ ਲੱਗਦੀਆਂ ਹਨ।

ਠੀਕ ਉਸੇ ਸਮੇਂ ਜੇਲ੍ਹ ਦੀ ਬੇਰਕ ਵਿੱਚ ਰੋਸ਼ਨਦਾਨਾਂ ਵਿੱਚ ਬੈਠੇ ਤਿੰਨ ਪੰਛੀ ਘਬਰਾਕੇ ਫੜਫੜਭਾਉਂਦੇ ਉੱਡ ਪੈਦੇ ਹਨ ਤੇ ਆ ਰਹੀ ਰਾਤ ਦੇ ਹਨੇਰੇ ਵਿੱਚ , ਸੁਰਜ ਦੀ ਬਾਲ ਕਰਨ ਲਈ…ਅਨੰਤ ਗਗਨਾਂ ਵਿੱਚ ਅਲੋਪ ਜੋ ਜਾਂਦੇ ਹਨ।

ਜੇਲ੍ਹ ਅੰਦਰ ਕਬਰਾਂ ਜਿਹੀ ਚੁੱਪ ਹੈ। ਬੈਰਕਾਂ ਵਿੱਚ ਰੋਣ ਦੀਆਂ ਆਵਾਜ਼ਾਂ ਸੁਣਦੀਆਂਹਨ। ਫਾਂਸੀ ਲੱਹਣ ਤੋਂ ਬਾਅਦ ਚੜ੍ਹਤ ਸਿੰਘ ਇਕੱਲਾ ਬੈਠ ਕੇ , ਫੁੱਟ ਫੁੱਟ ਰੋਣ ਲਗਦਾ ਹੈ।

***

ਜੇਲ੍ਹਰ ਅਤੇ ਮੈਜਿਸਟਰੇਟ ਪੂਰੇ ਘਬਰਾਏ ਹੋਏ ਹਨ। ਸਮਝ ਨਹੀਂ ਆਉਂਦੀ , ਤਿੰਨ ਲਾਸ਼ਾਂ ਨੂੰ ਕਿਵੇਂ ਟਿਕਾਣੇ ਲਗਾਇਆ ਜਾਵੇ। ਜੇਲ੍ਹ ਦੇ ਬਾਹਰ ਹਜ਼ਾਰਾਂ ਲੋਕੀ ਜਮ੍ਹਾਂ ਹੋ ਗਏ ਹਨ। ਸਾਰਾ ਲਾਹੌਰ ਸ਼ਹਿਰ… ਜਿਵੇਂ ਹੜ੍ਹ ਦੇ ਪਾਣੀ ਵਾਂਗ ਇਧਰ ਵਹਿ ਆਇਆ ਹੈ। ਲੋਕ ਭੜਕ ਰਹੇ ਹਨ। ਬਜ਼ਾਰ ਬੰਦ ਹੋ ਗਏ ਹਨ।

ਲਾਸ਼ਾਂ ਦੀ ਅੰਤਮ ਕਿਰਿਆ ਏਥੇ ਜੇਲ੍ਹ ਵਿੱਚ ਹੀ ਕਰ ਦੇਨੇਂ ਆਂ।’ ਮੈਜਿਸਟਰੇਟ ਸੁਝਾਅ ਦਿੰਦਾ ਹੈ।

-ਕੀ ਆਖਦੇ ਓ, ਸਰ। ਧੂੰਆਂ ਉੱਠੇਗਾ। ਹਨੇਰਾ ਵਿੱਚ ਅਗਨੀ ਦੀਆਂ ਲਾਟਾਂ ਵੀ ਨਜ਼ਰ ਆ ਸਕਦੀਆਂ ਨੇ। ਜੇ, ਬੇਕਾਬੂ ਹੋ ਕੇ ਭੀੜ ਨੇ ਹਮਲਾ ਕਰ ਦਿੱਤਾ, ਇੰਨੀ ਤਾਂ ਸਾਡੇ ਪਾਸ ਪੁਲਿਸ ਫੋਰਸ ਨਹੀਂ ਹੈ।’…

-ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦੇਈਏ?’ ਇਕ ਹੋਰ ਅਧਿਕਾਰੀ ਪੁੱਛਦਾ ਹੈ।

-ਜਾਣਦਾ ਨਹੀਂ , ਇਸ ਤਰ੍ਹਾਂ ਲੋਕ ਭੜਕ ਸਕਦੇ ਨੇ।… ਉਹ ਤਾਂ ਪੂਰੇ ਲਾਹੌਰ ਨੂੰ ਅੱਗਾਂ ਲਾ ਦੇਣਗੇ।’

-ਜੇਲ੍ਹ ਦੇ ਪਿਛਲੇ ਪਾਸੇ ਦੀ ਕੰਧ ਤੋੜ ਕੇ ਨਿਕਲ ਸਕਦੇ ਹਾਂ। ਰਾਵੀ ਕੰਢੇ ਚੁੱਪ ਚਾਪ ਸਸਕਾਰ ਹੋ ਜਾਏਗਾ।’

-ਸਰ, ਲਾਸ਼ਾਂ ਵਾਰਸਾਂ ਨੂੰ ਸੌਂਪ ਦੇਣੀਆਂ ਚਾਹੀਦੀਆਂ ਨੇ। ਜੇਲ੍ਹ ਕਾਨੂੰਨ ਵੀ ਇਹੀ ਕਹਿੰਦਾ ਹੈ।’ਖਾਨ ਬਹਾਦਰ ਹਮਦਰਦੀ ਵਜੋਂ ਆਖਦਾ ਹੈ।

-ਕੀ ਪਹਿਲਾ ਸਭ ਜੇਲ੍ਹ ਕਾਨੂੰਨ ਨਾਲ ਹੋਇਆ ਹੈ? ਫਾਂਸੀ ਸਦਾ ਸਵੇਰੇ ਦਿੱਤੀ ਜਾਂਦੀ ਰਹੀ ਹੈ। ਤੇ ਏਥੇ?… ਅਗਲੀ ਅਗਲੀ ਕਾਰਵਾਈ ਵੀ ਉਵੇਂ ਹੀ ਹੋਏਗੀ। ਤੁਰੰਤ ਜੇਲ੍ਹ ਦੀ ਪਿਛਲੀ ਕੰਧ ਤੋੜਨ ਲਈ ਕਹੋ।’

ਕੁਝ ਦੇਰ ਬਾਅਦ ਇਕ ਟਰੱਕ ਜੇਲ੍ਹ ਅੰਦਰ ਆਉਂਦਾ ਹੈ। ਨਾਲ ਗੋਰੇ ਸਿਪਾਹੀ ਹਨ।

ਜੇਲ੍ਹ ਦੀ ਪਿਛਲੀ ਕੰਧ ਤੋੜ ਦਿੱਤੀ ਗਈ। ਲਾਸਾਂ ਨੂੰ ਉਠਾ ਕੇ ਝੱਟ ਟਰੱਕ ਵਿੱਚ ਸੁੱਟ ਦਿੱਤਾ ਜਾਂਦਾ ਹੈ ਤੇ ਉਹ ਰਾਵੀ ਦੇ ਕਿਨਾਰੇ ਤੁਰ ਪੈਂਦੇ ਹਨ।

***

ਜੇਲ੍ਹ ਦੇ ਬਾਹਰ , ਭਗਤ ਸਿੰਘ , ਸੁਖਦੇਵ ਅਤੇ ਰਾਜਗੁਰੂ ਦੇ ਰਿਸ਼ਤੇਦਾਰ ਅਜੇ ਵੀ ਖੜ੍ਹੇ ਉਡੀਕ ਰਹੇ ਹਨ। ਦੇਰ ਹੋ ਰਹੀ ਹੈ। ਲੋਕ ਭੜਕ ਰਹੇ ਹਨ। ਹੁਣ ਤਾਂ , ਕਿਸ਼ਨ ਸਿੰਘ ਦਾ ਸਬਰ ਵੀ ਟੁੱਟਣ ਲੱਗਦਾ ਹੈ।

ਫੋਟੋਗਰਾਫਰਾਂ, ਅਖਬਾਰਾਂ ਵਾਲਿਆਂ ਅਤੇ ਵਿਦਿਆਰਥੀਆਂ ਦੀ ਭੀੜ ਵੇਖਕੇ ਕਿਸ਼ਨ ਸਿੰਘ ਸੋਚਦਾ ਹੈ… ਇਹ ਲੋਕ ਏਨੇ ਜੋਸ਼ ਵਿੱਚ ਹਨ, ਜੇ ਕਾਬੂ ਨਾ ਰਹੇ । ਭੜਕੇ ਲੋਕਾਂ ਉੱਪਰ ਜੇ ਪੁਲਿਸ ਨੇ ਗੋਲੀ ਚਲਾ ਦਿੱਤੀ।…

-ਆਪਾਂ ਨੂੰ ਏਥੋਂ ਜਾਣਾ ਚਾਹਿਦਾ ਹੈ।… ਉਹ ਵਿਦਿਆਵਤੀ ਨੂੰ ਸਮਝਾਉਂਦਾ ਹੈ।

-ਕਿਥੇ?… ਵਿਦਿਆਵਤੀ ਦੀ ਤਾਂ ਜਿਵੇਂ ਲੇਰ ਹੀ ਨਿੱਕਲ ਗਈ ।

-ਅਸੀਂ ਇਥੋਂ ਦੂਰ ਜਾਵਾਂਗੇ, ਮੋਰੀ ਦਰਵਾਜੇ ਤੱਕ। ਆਪਾਂ ਏਥੋਂ ਜਾਵਾਂਗੇ ਤਾਂ ਲੋਕ ਆਪਣੇ ਆਪ ਪਿੱਛੇ ਚਲੇ ਆਉਣਗੇ। ਏਥੇ ਖਤਰਾ ਹੋ ਸਕਦਾ ਹੈ। ਜੇ ਲਾਠੀਚਾਰਜ ਹੋਇਆ ਜਾਂ ਗੋਲੀ ਚੱਲੀ ਤਾਂ ਬਹੁਤ ਬੇਕਸੂਰ ਲੋਕ ਮਾਰੇ ਜਾਣਗੇ।’

ਤੇ ਇਕ ਸੋਗੀ ਕਾਫਲਾ , ਗੁੱਸੇ ਦਾ ਭਰਿਆ ਹੋਇਆ , ਬੇਬਸ, ਨਾਅਰੇ ਮਾਰਦਾ, ਲਾਹੌਰ ਦੇ ਬਜ਼ਾਰਾਂ ਵਿਚੋਂ ਦੀ ਲੰਘਦਾ ਮੋਰੀ ਦਰਵਾਜ਼ੇ ਕੋਲ ਪਹੁੰਚ ਕੇ ਰੁਕ ਜਾਂਦਾ ਹੈ। ਲੋਕਾਂ ਦਾ ਹੜ ਆਇਆ ਹੋਇਆ ਹੈ। ਕਿਸ਼ਨ ਸਿੰਘ…ਭਾਸ਼ਨ ਦੇਣ ਲਗਦਾ ਹੈ। ਸ਼ਾਂਤ ਰਹਿਣ ਦੀ ਅਪੀਲ ਕਰਦਾ ਹੈ। ਇਸ ਵੇਲੇ ਡਿਪਟੀ ਜੇਲ੍ਹਰ ਆਣ ਕੇ ਕਿਸ਼ਨ ਸਿੰਘ ਨੂੰ ਹੌਲੀ ਜਿਹੀ ਦਸਦਾ ਹੈ, ‘ਤਿੰਨਾਂ ਨੂੰ ਫਾਂਸੀ ਲੱਗ ਗਈ ਹੈ।’

ਕਿਸ਼ਨ ਸਿੰਘ ਅੰਦਰੋਂ ਉਠਦੀ ਬੇਬਸੀ ਭਰੇ ਗੁੱਸੇ ਦੀ ਦਹਾੜ ਨੂੰ ਜ਼ਬਤ ਨਾਲ ਰੋਕਦਾ ਹੈ, ਫਿਰ ਉੱਚੀ ਆਵਾਜ਼ ਵਿੱਚ ਕਹਿੰਦਾ ਹੈ- ‘ਖਬਰ ਮਿਲੀ ਹੈ ਤਿੰਨਾਂ ਨੂੰ ਫਾਂਸੀ ਦੇ ਦਿੱਤੀ ਗਈ ਹੈ। ਮੈਂ ਭਗਤ ਸਿੰਘ ਦੀ ਲਾਸ਼ ਲੈਣ ਜੇਲ੍ਹ ਵਿੱਚ ਜਾ ਰਿਹਾ ਹਾਂ, ਆਪ ਸਭ ਆਪਣੀ ਆਪਣੀ ਥਾਂ ’ਤੇ ਬੈਠੇ ਰਹਿਣਾ, ਕੋਈ ਜੇਲ੍ਹ ਵੱਲ ਨਾ ਜਾਵੇ। ਐਸਾ ਨਾ ਹੋਵੇ, ਅਸੀਂ ਇਕ ਭਗਤ ਸਿੰਘ ਨੂੰ ਲੈਣ ਜਾਈਏ, ਤੇ ਸੈਂਕੜੇ ਭਗਤ ਸਿੰਘ ਗਵਾ ਆਈਏ।’

ਭੀੜ ਵਿੱਚੋਂ ਚੀਕਾਂ ਤੇ ਰੋਣ ਦੀਆਂ ਆਵਾਜ਼ਾਂ ਸੁਣਦੀਆਂ ਹਨ। ਮਨ੍ਹਾਂ ਕਰਦਿਆ ਵੀ ਕਿਸ਼ਨ ਸਿੰਘ ਦੇ ਪਿੱਛੇ , ਸੈਂਕੜੇ ਰੋਂਦੇ ਲੋਕ ਤੁਰ ਪੈਂਦੇ ਹਨ।

***

ਸੰਘਣੀ ਬਦਲਵਾਈ ਹੈ। ਕੋਈ ਕੋਈ ਕਣੀ ਡਿੱਗ ਰਹੀ ਹੈ। ਮੌਸਮ ਬੇਹੱਦ ਡਰਾਉਣਾ ਹੈ। ਤੇਜ਼ ਹਵਾ ਵਗ ਰਹੀ ਹੈ। ਜੇਲ੍ਹ ਅਧਿਕਾਰੀ ਦੇਖਦੇ ਹਨ… ਰਾਵੀ ਵਿੱਚ ਤਾਂ ਪਾਣੀ ਬਹੁਤ ਘੱਟ ਹੈ… ਏਥੇ ਲਾਸ਼ਾਂ ਖੁਰਦ-ਬੁਰਦ ਨਹੀਂ ਹੋਣੀਆਂ?…ਸ਼ਹਿਰ ਵੀ ਲਾਗੇ ਹੈ,.. ਜੇ ਪਤਾ ਲੱਗ ਗਿਆ ਤਾਂ…? ਤੇ ਉਹ ਸਤਲੁਜ ਦਰਿਆ ਵੱਲ ਤੁਰ ਪੈਂਦੇ ਹਨ। ਫੀਰੋਜ਼ਪੁਰ ਲਾਗੇ, ਸੁੰਨਸਾਨ ਜਿਹਾ ਥਾਂ ਉਹਨਾਂ ਨੂੰ ਬੜਾ ਢੁਕਵਾਂ ਜਾਪਦਾ ਹੈ। ਟਰੱਕ ਰੁਕਦਾ ਹੈ । ਨਾਲ ਲਿਆਂਦੀਆਂ ਲੱਕੜਾਂ, ਮਿੱਟੀ ਦਾ ਤੇਲ ਅਤੇ ਲਾਸ਼ਾਂ ਹੇਠਾਂ ਸੁੱਟਦੇ ਹਨ।… ਹਨੇਰਾ ਹੈ… ਕਾਹਲ ਹੈ, ਕਿਸੇ ਨਾ ਕਿਸੇ ਪਾਸਿਓਂ ਲੋਕਾਂ ਦੇ ਆ ਜਾਣ ਦਾ ਭੈਅ ਹੈ।

ਚਿਤਾ ਜਲਾਈ ਜਾਂਦੀ ਹੈ।…

ਕੁਝ ਦੇਰ ਬਾਅਦ , ਦੂਰੋਂ ਕਿਸੇ ਪਿੰਡੋਂ ਲੋਕਾਂ ਦੀਆਂ ਆਵਾਜ਼ਾਂ ਸੁਣਦੀਆਂ ਹਨ।… ਸਾਰੇ ਡਰਦੇ ਹੋਏ, ਸੜੀਆਂ ਲਾਸ਼ਾਂ…ਸਤਲੁਜ ਦੇ ਸਪੁਰਦ ਕਰਕੇ, ਜਲਦੀ ਚਿਤਾ ਛੱਡ ਕੇ, ਉਥੋਂ ਖਿਸਕ ਆਉਂਦੇ ਹਨ।

***

ਜੇਲ੍ਹ ਲਾਗੇ ਸਖਤ ਪਹਿਰਾ ਦੇਖ ਕੇ ਕਿਸ਼ਨ ਸਿੰਘ ਸਮਝ ਜਾਂਦਾ ਹੈ… ਇਹ ਅੰਦਰ ਨਹੀਂ ਜਾਣ ਦੇਣਗੇ। ਉਦੋਂ ਹੀ ਇਕ ਹਮਦਰਦ ਆਣ ਕਿ ਦਸਦਾ ਹੈ, ‘ਜੇਲ੍ਹ ਦੀ ਪਿਛਲੀ ਦੀਵਾਰ ਤੋੜ ਕੇ ਲਾਸ਼ਾਂ ਫੀਰੋਜਪੁਰ ਵਲ ਲੈ ਗਏ ਹਨ।’

-ਭਾਈਆ ਜੀ, ਤੁਸੀਂ ਲੋਕਾਂ ਨੂੰ ਸੰਭਾਲੋ, ਵੀਰਿਆਂ ਨੂੰ ਅਸੀਂ ਲੱਭਾਂਗੀਆਂ।’ ਅਮਰ ਕੌਰ ਰੋਣਾ ਭੁੱਲ ਕੇ ਅੱਖਾਂ ਵਿੱਚ ਰੋਹ ਅਤੇ ਗੁੱਸਾ ਭਰ ਕੇ ਆਖਦੀ ਹੈ।

ਏਨੇ ਵਿੱਚ ਲਾਲਾ ਲਾਜਪਤ ਰਾਏ ਦੀ ਸਪੁਤਰੀ ਪ੍ਰਕਾਸ਼ ਆਪਣੇ ਸਕੂਲ ਦੀ ਬੱਸ ਲੈ ਕੇ ਆ ਜਾਂਦੀ ਹੈ। ਫਿਰ ਅਮਰ ਕੌਰ ਤੇ ਕੁਝ ਹੋਰ ਇਸਤਰੀਆਂ ਭਗਤ ਸਿੰਘ , ਸੁਖਦੇਵ ਅਤੇ ਰਾਜਗੁਰੂ ਦੀਆਂ ਮ੍ਰਿਤਕ ਦੇਹਾਂ ਲੱਭਣ ਤੁਰ ਪੈਂਦੇ ਹਨ। ਫੀਰੋਜ਼ਪੁਰ ਲਾਗੇ ਗੰਡਾ ਸਿੰਘ ਵਾਲਾ ਦੇ ਲੋਕਾਂ ਨੇ, ਰਾਤ ਨੂੰ ਸਤਲੁਜ ਕੰਢੇ ਅੱਗ ਬਲਦੀ ਵੇਖੀ ਸੀ। ਕਿਸੇ ਟਰੱਕ ਦੀ ਆਵਾਜ਼ ਵੀ ਸੁਣੀ ਸੀ।…

ਔਰਤਾਂ ਦਾ ਹਜੂਮ ਉਧਰ ਤੁਰ ਪੈਦਾਂ ਹੈ। ਹੋਰ ਲੋਕ ਵੀ ਨਾਲ ਜੋ ਲੈਂਦੇ ਹਨ। ਰਾਤ ਦੇ ਦੋ ਵੱਜ ਗਏ ਹਨ। ਦਰਿਆ ਦੇ ਕਿਨਾਰੇ ਤੋਂ ਸਰੀਰ ਦੇ ਕੁਝ ਹਿੱਸੇ ਮਿਲ ਜਾਂਦੇ ਹਨ। ਇਹ ਥਾਂ ਅਜੇ ਵੀ ਗਰਮ ਪਈ ਹੈ।

-ਪਾਪੀਓ! ਇਹਨਾਂ ਦੀ ਇਸ ਤਰ੍ਹਾਂ ਦੁਰਗਤੀ ਤਾਂ ਨਾ ਕਰਦੇ।’ ਲੋਕ ਹੱਝੂ ਕੇਰਦੇ ਹਨ, ਹਾਉਕੇ ਭਰਦੇ ਹਨ।…23 march 1931 Shaheed

(ਨਾਵਲ : ਸਤਲੁਜ ਵਹਿੰਦਾ ਰਿਹਾ : ਲੇਖਕ ਬਲਵੰਤ ਸਿੰਘ )

also read : ਦਾਜ ਪ੍ਰਥਾ ਦੇ ਪਿੱਛੇ ਕਿਸਦਾ ਹੱਥ ?

[wpadcenter_ad id='4448' align='none']