ਚੰਡੀਗੜ੍ਹ, 25 ਅਗਸਤ:
ਨੇਤਰ ਦਾਨ ਦੀ ਮਹੱਤਤਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਟਰਾਂਸਪਲਾਂਟੇਸ਼ਨ ਲਈ ਕੌਰਨੀਆ ਦੀ ਗੰਭੀਰ ਘਾਟ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਲੋਕਾਂ ਨੂੂੰ ਮੌਤ ਉਪਰੰਤ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਐਤਵਾਰ ਨੂੰ 39ਵੇਂ ਰਾਸ਼ਟਰੀ ਨੇਤਰ ਦਾਨ ਪੰਦਰਵਾੜੇ ਦੀ ਸ਼ੁਰੂਆਤ ਕੀਤੀ।
ਸਿਹਤ ਮੰਤਰੀ ਨੇ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਖਾਂ ਦਾਨ ਇੱਕ ਨੇਕ ਕਾਰਜ ਹੈ ਕਿਉਂਕਿ ਇਹ ਅੱਖਾਂ ਤੋਂ ਵਾਂਝੇ ਕਿਸੇ ਵਿਅਕਤੀ ਦੇ ਹਨ੍ਹੇਰੇ ਜੀਵਨ ਨੂੰ ਚਾਨਣ ਦੀ ਸੌਗਾਤ ਦੇ ਸਕਦਾ ਹੈ।
39ਵਾਂ ਰਾਸ਼ਟਰੀ ਨੇਤਰ ਦਾਨ ਪੰਦਰਵਾੜਾ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਵੇਗਾ। ਸਿਹਤ ਵਿਭਾਗ ਵੱਲੋਂ ਇਸ ਪੰਦਰਵਾੜੇ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ’ਤੇ ਸੂਚਨਾ, ਸਿੱਖਿਆ ਅਤੇ ਸੰਚਾਰ (ਆਈ.ਈ.ਸੀ.) ਗਤੀਵਿਧੀਆਂ ਤੇਜ਼ ਕੀਤੀਆਂ ਜਾਣਗੀਆਂ।
ਡਾ: ਬਲਬੀਰ ਸਿੰਘ, ਜੋ ਕਿ ਖੁਦ ਆਈ ਸਰਜਨ(ਅੱਖਾਂ ਦੇ ਸਰਜਨ) ਹਨ, ਨੇ ਦੱਸਿਆ ਕਿ ਕੌਰਨੀਆ ਵਿੱਚ ਨੁਕਸ ਹੋਣ ਨਾਲ ਅੰਨ੍ਹਾਪਣ ਹੋ ਜਾਂਦਾ ਹੈ, ਜਿਸ ਨੂੰ ਕੌਰਨੀਅਲ ਬਲਾਈਂਡਨੈੱਸ ਕਿਹਾ ਜਾਂਦਾ ਹੈ। ਦਰਅਸਲ ਕੌਰਨੀਆ, ਪੁਤਲੀ (ਆਇਰਿਸ) ਦੇ ਸਾਹਮਣੇ ਇੱਕ ਪਾਰਦਰਸ਼ੀ ਪਰਤ ਹੁੰਦੀ ਹੈ। ਉਨ੍ਹਾਂ ਦੱਸਿਆ, “ ਦਾਨੀ ਸੱਜਣ ਦੀਆਂ ਅੱਖਾਂ ਚੋਂ ਕੌਰਨੀਆ ਲੈ ਲਿਆ ਜਾਂਦਾ ਹੈ ਅਤੇ ਇਸ ਨੂੰ ਲੋੜਵੰਦ ਵਿਅਕਤੀ ਦੀਆਂ ਅੱਖਾਂ ਵਿੱਚ ਟਰਾਂਸਪਲਾਂਟ ਕੀਤਾ ਜਾਂਦਾ ਹੈ, ਜਿਸ ਨਾਲ ਉਹ ਇਸ ਰੰਗ-ਬਰੰਗੇ ਸੰਸਾਰ ਨੂੰ ਦੇਖਣਯੋਗ ਬਣ ਜਾਂਦਾ ਹੈ,”। ਉਹਨਾਂ ਅੱਗੇ ਕਿਹਾ ਕਿ ਸਰਜਰੀ ਦੀ ਇਸ ਪ੍ਰਕਿਰਿਆ ਨੂੰ ਕੇਰਾਟੋਪਲਾਸਟੀ ਕਿਹਾ ਜਾਂਦਾ ਹੈ।
ਨੇਤਰ ਦਾਨ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਅੱਖਾਂ ਸਾਡੀਆਂ ਪ੍ਰਮੁੱਖ ਗਿਆਨ ਇੰਦਰੀ ਹਨ ਕਿਉਂਕਿ ਲਗਭਗ 80 ਫੀਸਦ ਸੰਵੇਦਨਾਤਮਕ ਪ੍ਰਭਾਵ ਅਸੀਂ ਆਪਣੀ ਨਜ਼ਰ ਰਾਹੀਂ ਮਹਿਸੂਸਦੇ ਹਾਂ। ਅੱਖਾਂ ਤੋਂ ਬਿਨਾਂ ਜੀਵਨ ਦੀ ਕਲਪਨਾ ਕਰਨਾ ਵੀ ਬਹੁਤ ਚੁਣੌਤੀਪੂਰਨ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੌਰਨੀਅਲ ਬਲਾਈਂਡਨੈਸ ਮੁੱਖ ਤੌਰ ’ਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਨ੍ਹਾਂ ਲਈ ਅੱਗੇ ਜਿੰਦਗੀ ਦਾ ਲੰਮੇਰਾ ਪੰਧ ਚੁਣੌਤੀ ਬਣ ਕੇ ਖੜ੍ਹਾ ਹੁੰਦਾ ਹੈ । ਉਨ੍ਹਾਂ ਦੱਸਿਆ ਕਿ ਇੱਕ ਅੱਖ ਦਾਨ ਕਰਨ ਨਾਲ ਦੋ ਕੌਰਨੀਅਲ ਬਲਾਈਂਡ ਵਿਅਕਤੀਆਂ ਨੂੰ ਨਜ਼ਰ ਦੀ ਸੌਗਾਤ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਲਗਭਗ 11 ਲੱਖ ਲੋਕ ਕੌਰਨੀਅਲ ਬਲਾਈਂਡਨੈਸ ਤੋਂ ਪੀੜਤ ਹਨ ਅਤੇ ਹਰ ਸਾਲ 25,000 ਨਵੇਂ ਕੇਸ ਸ਼ਾਮਲ ਹੋ ਰਹੇ ਹਨ। ਪਰ, ਭਾਰਤ ਵਿੱਚ ਹਰ ਸਾਲ ਸਿਰਫ 25000 ਕੌਰਨੀਅਲ ਟਰਾਂਸਪਲਾਂਟ ਹੀ ਕਰਵਾਏ ਜਾਂਦੇ ਹਨ। “ ਨੇਤਰ ਦਾਨੀਆਂ ਅਤੇ ਕੌਰਨੀਅਲ ਨੇਤਰਹੀਣ ਵਿਅਕਤੀਆਂ ਦੀ ਗਿਣਤੀ ਵਿੱਚ ਬਹੁਤ ਵੱਡਾ ਪਾੜਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਅੱਖਾਂ ਦਾਨ ਕਰਨ ਦਾ ਅਹਿਦ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਆਪਣੇ ਸੂਬੇ ਅਤੇ ਦੇਸ਼ ਨੂੰ ਕੌਰਨੀਆ ਬਲਾਈਂਡਨੈਸ ਤੋਂ ਮੁਕਤ ਕੀਤਾ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਹਾਲਾਂਕਿ ਸਾਡੇ ਕੋਲ ਟਰਾਂਸਪਲਾਂਟ ਕਰਨ ਲਈ ਸਿਖਲਾਈ ਪ੍ਰਾਪਤ, ਉੱਚ ਯੋਗਤਾ ਪ੍ਰਾਪਤ ਸਰਜਨ ਅਤੇ ਹਸਪਤਾਲ ਦੀਆਂ ਸਹੂਲਤਾਂ ਮੌਜੂਦ ਹਨ ਪਰ ਸਾਡੇ ਕੋਲ ਸਰਜਰੀ ਕਰਨ ਲਈ ਲੋੜੀਂਦੇ ਅੱਖਾਂ ਦੇ ਟਿਸ਼ੂ ਨਹੀਂ ਹਨ।
ਪੰਜਾਬ ਵਿੱਚ ਕੁੱਲ 10 ਰਜਿਸਟਰਡ ਅੱਖਾਂ ਦੇ ਬੈਂਕ ਅਤੇ 27 ਕੌਰਨੀਅਲ ਟਰਾਂਸਪਲਾਂਟੇਸ਼ਨ ਕੇਂਦਰ ਹਨ। ਪੰਜਾਬ ਵਿੱਚ 2023-24 ਵਿੱਚ ਕੁੱਲ 940 ਕੇਰਾਟੋਪਲਾਸਟੀ ਸਰਜਰੀਆਂ ਕੀਤੀਆਂ ਗਈਆਂ ਸਨ, ਜਦੋਂ ਕਿ ਜੁਲਾਈ-2024 ਤੱਕ ਅਜਿਹੀਆਂ 275 ਸਰਜਰੀਆਂ ਸਫਲਤਾਪੂਰਵਕ ਕੀਤੀਆਂ ਗਈਆਂ ਹਨ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸੂਬੇ ਭਰ ਵਿੱਚ ਵੱਖ-ਵੱਖ ਆਈ.ਈ.ਸੀ ਗਤੀਵਿਧੀਆਂ ਕੀਤੀਆਂ ਜਾਣੀਆਂ ਹਨ ਅਤੇ ਇਸ ਸਬੰਧੀ ਸਾਰੇ ਸਿਵਲ ਸਰਜਨਾਂ ਨੂੰ ਪਹਿਲਾਂ ਹੀ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਦੌਰਾਨ ਅੱਖਾਂ ਦਾਨ ਕਰਨ ਨਾਲ ਸਬੰਧਤ ਕਈ ਮਿੱਥਾਂ ਅਤੇ ਨਿਰਾਧਾਰ ਧਾਰਨਾਵਾਂ ਦਾ ਸੱਚ ਵੀ ਬੇਪਰਦ ਹੋ ਜਾਵੇਗਾ।
ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ਼ ਬਲਾਇੰਡਨੈੱਸ ਐਂਡ ਵਿਜ਼ੂਅਲ ਇੰਪੇਅਰਮੈਂਟ (ਐਨ.ਪੀ.ਸੀ.ਬੀ.ਵੀ.ਆਈ.) ਦੇ ਸਟੇਟ ਪ੍ਰੋਗਰਾਮ ਅਫਸਰ ਡਾ. ਨੀਤੀ ਸਿੰਗਲਾ ਨੇ ਦੱਸਿਆ ਕਿ ਨੇਤਰ ਦਾਨ ਕਰਨ ਸਬੰਧੀ ਰਜਿਸਟਰੇਸ਼ਨ ਫਾਰਮ ਸਾਰੇ ਜ਼ਿਲਾ ਹਸਪਤਾਲਾਂ, ਸਬ-ਡਵੀਜ਼ਨ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿਖੇ ਉਪਲਬਧ ਹਨ। ਅੱਖਾਂ ਦਾਨ ਕਰਨ ਸਬੰਧੀ ਰਜਿਸਟਰੇਸ਼ਨ ਵੈੱਬਸਾਈਟ www.nhm.punjab.gov.in/Eye_Donation/form1.php ’ਤੇ ਆਨਲਾਈਨ ਵੀ ਕੀਤੀ ਜਾ ਸਕਦੀ ਹੈ।