ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 47 ਕੈਡਿਟਾਂ ਨੇ ਐਨਡੀਏ ਦੀ ਲਿਖਤੀ ਪ੍ਰੀਖਿਆ ਵਿੱਚ ਸ਼ਾਨਦਾਰ ਨਤੀਜੇ ਹਾਸਲ ਕੀਤੇ

ਚੰਡੀਗੜ੍ਹ, 21 ਸਤੰਬਰ:

ਪੰਜਾਬ ਸਰਕਾਰ ਦੇ ਐਸ.ਏ.ਐਸ. ਨਗਰ (ਮੋਹਾਲੀ) ‘ਚ ਬਣੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਆਈ.) ਦੇ 47 ਕੈਡਿਟਾਂ ਨੇ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਵੱਲੋਂ ਲਈ ਗਈ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.-।।) ਦੀ ਲਿਖਤੀ ਪ੍ਰੀਖਿਆ ਨੂੰ ਸਫਲਤਾਪੂਰਵਕ ਪਾਸ ਕਰਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।

ਦੱਸਣਯੋਗ ਹੈ ਕਿ ਇਹ ਨਤੀਜੇ ਬੀਤੇ ਦਿਨ ਐਲਾਨੇ ਗਏ ਸਨ, ਜਿਸ ਵਿੱਚ 74.6 ਪ੍ਰਤੀਸ਼ਤ ਦੀ ਸਫ਼ਲਤਾ ਦਰ ਨਾਲ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇਸ਼ ਵਿੱਚੋਂ ਸਭ ਤੋਂ ਮੋਹਰੀ ਰਿਹਾ ਹੈ।

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਵਿਸ਼ਵ ਪੱਧਰ ‘ਤੇ ਭਾਰਤੀ ਰੱਖਿਆ ਬਲਾਂ ਦੇ ਮਾਣ-ਸਨਮਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪ੍ਰੀਖਿਆ ਪਾਸ ਕਰਨ ਵਾਲੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ  ਵਿਸ਼ਵ ਭਰ ਵਿੱਚ ਸੂਬੇ ਅਤੇ ਦੇਸ਼ ਲਈ ਵੱਧ ਤੋਂ ਵੱਧ ਨਾਮ ਕਮਾਉਣ ਲਈ ਪ੍ਰੇਰਿਤ ਕੀਤਾ।

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ.ਐਚ. ਚੌਹਾਨ (ਸੇਵਾਮੁਕਤ), ਵੀ.ਸੀ.ਐਮ. ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਐਨ.ਡੀ.ਏ. ਦੀਆਂ ਅਗਲੀਆਂ ਚੁਣੌਤੀਆਂ ਵਾਸਤੇ ਤਿਆਰ ਰਹਿਣ ਲਈ ਐਸ.ਐਸ.ਬੀ. ਸਿਖਲਾਈ ਨੂੰ ਗੰਭੀਰਤਾ ਨਾਲ ਲੈਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਉਨ੍ਹਾਂ ਅੱਗੇ ਦੱਸਿਆ ਕਿ ਸੰਸਥਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਸਦੇ ਕੁੱਲ 238 ਕੈਡਿਟ ਵੱਖ-ਵੱਖ ਸਰਵਿਸ ਟ੍ਰੇਨਿੰਗ ਅਕੈਡਮੀਆਂ ਵਿੱਚ ਦਾਖਲਾ ਲੈਣ ਵਿੱਚ ਸਫ਼ਲ ਹੋਏ ਹਨ ਅਤੇ 160 ਕੈਡਿਟ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਚੁਣੇ ਗਏ ਹਨ। ਮੌਜੂਦਾ ਸਮੇਂ ਇੰਸਟੀਚਿਊਟ ਦੇ 21 ਕੈਡਿਟ, ਜਿਨ੍ਹਾਂ ਨੇ ਆਪਣੀ ਐਸ.ਐਸ.ਬੀ. ਇੰਟਰਵਿਊ ਪਾਸ ਕਰ ਲਈ ਹੈ, ਮੈਰਿਟ ਸੂਚੀ ਦੀ ਉਡੀਕ ਕਰ ਰਹੇ ਹਨ।

[wpadcenter_ad id='4448' align='none']