ਫ਼ਰੀਦਕੋਟ 15 ਮਾਰਚ,2024
32 ਭਾਸ਼ਾਵਾਂ ਦੇ ਗਿਆਤਾ ਅਤੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਨਾਂ ਹੇਠ ਉਸਾਰਿਆ ਗਿਆ ਫਰੀਦਕੋਟ ਦਾ ਅੰਬੇਡਕਰ ਭਵਨ ਹੁਣ ਜਲਦ ਹੀ ਆਪਣੀ ਗੁਆਚੀ ਹੋਈ ਦਿੱਖ ਵਾਪਸ ਪਾਏਗਾ। ਇਹਨਾਂ ਉਕਤ ਗੱਲਾਂ ਦਾ ਪ੍ਰਗਟਾਵਾ ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਕੀਤਾ।
ਉਹਨਾਂ ਦੱਸਿਆ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਆਪਣੀ ਸਾਰੀ ਜ਼ਿੰਦਗੀ ਭਾਰਤ ਦੇ ਦੱਬੇ ਕੁਚਲੇ, ਪਛੜੇ, ਆਰਥਿਕ ਅਤੇ ਮਾਨਸਿਕ ਤੌਰ ਤੇ ਕੰਗਾਲ ਲੋਕਾਂ ਲਈ ਦਿਨ ਰਾਤ ਇੱਕ ਕੀਤਾ ਅਤੇ ਭਾਰਤ ਦੇ ਅਜਿਹੇ ਲੋਕਾਂ ਨੂੰ ਦਲਦਲ ਵਿੱਚੋਂ ਕੱਢਣ ਦਾ ਕੰਮ ਜਿਸ ਇਨਸਾਨ ਨੇ ਕੀਤਾ ਉਸ ਦੇ ਨਾਮ ਤੇ ਉਸਾਰਿਆ ਗਿਆ ਅੰਬੇਦਕਰ ਭਵਨ ਕਿਸੇ ਵੀ ਹਾਲਤ ਵਿੱਚ ਜਰਜਰ ਨਹੀਂ ਹੋਣ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਅਜਿਹੇ ਮਹਾਂਪੁਰਸ਼ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਆਪਣੇ ਛੋਟੇ ਜਿਹੇ ਜੀਵਨ ਕਾਲ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਇੰਨੀਆਂ ਕੁ ਪ੍ਰਾਪਤੀਆਂ ਕੀਤੀਆਂ ਜੋ ਸੰਸਾਰ ਦੇ ਪਿਛਲੇ 100 ਸਾਲਾਂ ਵਿੱਚ ਬਹੁਤ ਥੋੜੇ ਇਨਸਾਨਾਂ ਦੇ ਹਿੱਸੇ ਵਿੱਚ ਆਈਆਂ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਕੁਝ ਦੂਰੀ ਤੇ ਸਥਿਤ ਇਹ ਇਹ ਇਮਾਰਤ ਅਣਗੋਲਿਆਂ ਹੋ ਰਹੀ ਸੀ ਜਿਸ ਦੀ ਪਿਛਲੀਆਂ ਸਰਕਾਰਾਂ ਨੇ ਸਾਰ ਨਹੀਂ ਲਈ। ਉਹਨਾਂ ਦੱਸਿਆ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ 9 ਲੱਖ ਰੁਪਏ ਖਰਚ ਕੇ ਇਸ ਦੀ ਸਪੈਸ਼ਲ ਮੁਰੰਮਤ ਕਰਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਮੈਨੂੰ ਅਸੀਮ ਖੁਸ਼ੀ ਅਤੇ ਤਸੱਲੀ ਹੋ ਰਹੀ ਹੈ ਕਿ ਜਨਤਾ ਦੇ ਇਸ ਪੈਸੇ ਦਾ ਪੂਰਨ ਤੌਰ ਤੇ ਸਦਉਪਯੋਗ ਹੋਇਆ ਹੈ। ਜਿਸ ਦੇ ਸਦਕਾ ਇਸ ਦਾ 60% ਕੰਮ ਮੁਕੰਮਲ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਾਕੀ ਦਾ ਕੰਮ ਵੀ ਮੁਕੰਮਲ ਕਰਵਾ ਲਿਆ ਜਾਵੇਗਾ। ਜਿਸ ਨਾਲ ਇਸ ਭਵਨ ਦੀ ਗੁਆਚੀ ਹੋਈ ਸ਼ਾਨ ਨੂੰ ਮੁੜ ਪ੍ਰਾਪਤ ਕੀਤਾ ਜਾ ਸਕੇਗਾ।