ਐਸ.ਏ.ਐਸ.ਨਗਰ, 20 ਮਈ, 2024: ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ 1 ਜੂਨ, 2024 ਨੂੰ ਹੋਣ ਵਾਲੀਆਂ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਲੋਕ ਸਭਾ ਚੋਣਾਂ-2024 ਲਈ ਤਿਆਰੀਆਂ ਕਰਨ ਲਈ ਮਾਈਕਰੋ ਅਬਜ਼ਰਵਰਾਂ ਦੀ ਪਹਿਲੀ ਰੈਂਡਮਾਈਜ਼ੇਸ਼ਨ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਜਨਰਲ ਅਬਜ਼ਰਵਰ ਡਾ. ਹੀਰਾ ਲਾਲ, ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਸੋਮਵਾਰ ਨੂੰ ਕੀਤੀ ਗਈ। ਇਸ ਰੈਂਡਮਾਈਜੇਸ਼ਨ ਵਿੱਚ ਬੈਂਕਾਂ ਦੇ ਕਰਮਚਾਰੀਆਂ ਨੂੰ ਮਾਈਕਰੋ ਆਬਜ਼ਰਵਰ ਦੀ ਡਿਊਟੀ ਲਈ ਤਾਇਨਾਤ ਕੀਤਾ ਗਿਆ ਹੈ ਜਦੋਂ ਕਿ ਅਗਲੀ ਰੈਂਡਮਾਈਜ਼ੇਸ਼ਨ ਦੌਰਾਨ ਉਨ੍ਹਾਂ ਨੂੰ ਕੰਮ ਦੀ ਥਾਂ (ਪੋਲਿੰਗ ਲੋਕੇਸ਼ਨ) ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਮਾਈਕਰੋ-ਆਬਜ਼ਰਵਰਾਂ ਨੂੰ ਭਾਰਤ ਦੇ ਚੋਣ ਕਮਿਸ਼ਨ (ਈ.ਸੀ.ਆਈ.) ਦੇ ਅੱਖਾਂ ਅਤੇ ਕੰਨ ਦੱਸਦੇ ਹੋਏ, ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਦੱਸਿਆ ਕਿ ਮਾਈਕਰੋ-ਆਬਜ਼ਰਵਰ ਚੋਣਾਂ ਨੂੰ ਆਜ਼ਾਦ, ਨਿਰਪੱਖ, ਸ਼ਾਂਤੀਪੂਰਨ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਮਾਈਕਰੋ ਅਬਜ਼ਰਵਰਾਂ ਨੂੰ ਉਨ੍ਹਾਂ ਨੂੰ ਸੌਂਪੇ ਗਏ ਪੋਲਿੰਗ ਬੂਥਾਂ ਦੀ ਸਮੁੱਚੀ ਚੋਣ ਪ੍ਰਕਿਰਿਆ ‘ਤੇ ਤਿੱਖੀ ਨਜ਼ਰ ਰੱਖਣੀ ਪਵੇਗੀ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਮਾਈਕਰੋ ਅਬਜ਼ਰਵਰਾਂ ਦੀਆਂ ਡਿਊਟੀਆਂ ਲਗਾਉਂਦੇ ਹੋਏ ਕਿਹਾ ਕਿ ਉਹ ਪੋਲਿੰਗ ਸਟਾਫ਼ ਵੱਲੋਂ ਪੋਲਿੰਗ ਵਾਲੇ ਦਿਨ ਅਸਲ ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਮੌਕ ਪੋਲ ਕਰਵਾਉਣ ਦੇ ਨਾਲ-ਨਾਲ ਚੋਣ ਦੇ ਕੰਮ ਨੂੰ ਯਕੀਨੀ ਬਣਾਉਣਗੇ ਤਾਂ ਜੋ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਮਤਦਾਨ ਹੋ ਸਕੇ ਅਤੇ ਕਿਸੇ ਵੀ ਕਿਸਮ ਦੀ ਉਲੰਘਣਾ ਨਾ ਹੋਵੇ। ਮਾਈਕਰੋ-ਆਬਜ਼ਰਵਰਾਂ ਨੂੰ ਉਨ੍ਹਾਂ ਪੋਲਿੰਗ ਸਥਾਨਾਂ ‘ਤੇ ਤਾਇਨਾਤ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਕਮਜ਼ੋਰ/ਨਾਜ਼ੁਕ/ਇਕ ਇਮਾਰਤ ਵਿਚ ਚਾਰ ਬੂਥਾਂ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਕੁੱਲ 61 ਮਾਈਕਰੋ ਆਬਜ਼ਰਵਰ ਇਨ੍ਹਾਂ ਥਾਵਾਂ ‘ਤੇ ਆਪਣੀ ਡਿਊਟੀ ਨਿਭਾਉਣਗੇ। ਹਲਕਾ-ਵਾਰ ਵੰਡ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਖਰੜ ਵਿੱਚ 27 ਮਾਈਕਰੋ ਅਬਜ਼ਰਵਰ ਹੋਣਗੇ ਜਦੋਂ ਕਿ ਐਸ.ਏ.ਐਸ. ਨਗਰ ਵਿੱਚ 16 ਅਤੇ ਡੇਰਾਬੱਸੀ ਵਿੱਚ 18 ਹਨ। ਇਸ ਤੋਂ ਇਲਾਵਾ 100 ਫੀਸਦੀ ਕਰਮਚਾਰੀ ਰਾਖਵੇਂ ਰੱਖੇ ਗਏ ਹਨ। ਐਸ.ਏ.ਐਸ.ਨਗਰ ਅਤੇ ਖਰੜ ਲਈ ਸਿਖਲਾਈ 25 ਮਈ ਨੂੰ ਰੋਪੜ ਵਿਖੇ ਹੋਵੇਗੀ ਜਦਕਿ ਡੇਰਾਬੱਸੀ ਲਈ 23 ਮਈ ਨੂੰ ਪਟਿਆਲਾ ਵਿਖੇ ਹੋਵੇਗੀ। ਇਸ ਤੋਂ ਇਲਾਵਾ ਜਨਰਲ ਅਬਜ਼ਰਵਰ ਡਾ: ਹੀਰਾ ਲਾਲ ਅਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਮਾਈਕ੍ਰੋ ਅਬਜ਼ਰਵਰਾਂ ਨੂੰ ਪੋਲਿੰਗ ਸਟੇਸ਼ਨਾਂ ਵਿੱਚ ਯਕੀਨੀ ਤੌਰ ਤੇ ਉਪਲਬਧ ਸੁਵਿਧਾਵਾਂ, ਪੋਲਿੰਗ ਏਜੰਟਾਂ ਦੀ ਮੌਜੂਦਗੀ ਨੂੰ ਯਕੀਨੀ ਬਣਾਉਣ, ਚੋਣ ਕਮਿਸ਼ਨ ਦੁਆਰਾ ਵੋਟਰਾਂ ਦੀ ਸਹੀ ਪਛਾਣ, ਵੋਟਰਾਂ ਦੇ ਵੇਰਵੇ ਰਜਿਸਟਰ 17-ਏ, ਵਿੱਚ ਲਿਖਣ ਜਿਸ ਵਿੱਚ ਵੋਟਰ ਦੀ ਪਛਾਣ ਕਰਨ ਲਈ ਵਰਤੇ ਜਾਂਦੇ ਦਸਤਾਵੇਜ਼ਾਂ ਦਾ ਜ਼ਿਕਰ ਕਰਨਾ, ਉਂਗਲ ‘ਤੇ ਅਮਿੱਟ ਸਿਆਹੀ ਦਾ ਨਿਸ਼ਾਨ ਲਗਾਉਣਾ, ਵੋਟਿੰਗ ਦੀ ਗੁਪਤਤਾ, ਪੋਲਿੰਗ ਏਜੰਟਾਂ ਦਾ ਆਚਰਣ, ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਹੋਰ ਸ਼ਾਮਲ ਹਨ। ਰੈਂਡਮਾਈਜੇਸ਼ਨ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ ਤਿੜਕੇ, ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਜ਼ਿਲ੍ਹਾ ਸੂਚਨਾ ਅਫ਼ਸਰ ਸ੍ਰੀਮਤੀ ਅਨੂ ਗੁਪਤਾ ਵੀ ਹਾਜ਼ਰ ਸਨ।
ਐਸਏਐਸ ਨਗਰ ਵਿੱਚ 61 ਮਾਈਕਰੋ ਅਬਜ਼ਰਵਰ ਮਤਦਾਨ ਦਿਵਸ ਮੌਕੇ ਚੌਕਸੀ ਰੱਖਣਗੇ
Date: