ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਭਾਰੀ ਬਾਰਿਸ਼ ਕਾਰਨ ਹੜ ਵਰਗੇ ਹਾਲਾਤ ਬਣੇ ਹੋਏ ਹਨ। ਲੋਕ ਭਾਰੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ ਪਰ ਜ਼ਿਲ੍ਹਾ ਗੁਰਦਾਸਪੁਰ ਅੰਦਰ ਕੌਮਾਂਤਰੀ ਸਰਹੱਦ ਨੇੜੇ ਮਕੌੜਾ ਪੱਤਣ ‘ਤੇ ਰਾਵੀ ਪਾਰਲੇ 7 ਪਿੰਡਾਂ ਦੇ ਲੋਕਾਂ ਦੇ ਸਿਰ ਤਾਂ ਜਿਵੇੰ ਦਿੱਕਤਾਂ ਦਾ ਪਹਾੜ ਡਿੱਗ ਪਿਆ ਹੋਵੇ। ਇਹਨਾਂ ਦੇ ਹਾਲਾਤ ਇਸ ਕਰਕੇ ਬਾਕੀਆਂ ਨਾਲੋਂ ਵੱਖਰੇ ਤੇ ਤਰਸਯੋਗ ਹਨ ਕਿਓਂਕਿ ਇਹਨਾਂ ਦਾ ਆਪਣੇ ਹੀ ਦੇਸ਼ ਨਾਲੋਂ ਸੰਪਰਕ ਟੁੱਟ ਜਾਂਦਾ ਹੈ।
ਐਤਵਾਰ ਸਵੇਰੇ ਉਝ ਦਰਿਆ ਵਿੱਚ ਕੋਈ 200 ਕਿਊਸਿਕ ਪਾਣੀ ਛੱਡੇ ਜਾਣ ਕਾਰਨ ਰਾਵੀ ਪਾਰਲੇ ਇਹ 7 ਪਿੰਡ ਮੁੜ ਇਕ ਟਾਪੂ ਬਣ ਕੇ ਰਹਿ ਗਏ। ਇਹਨਾਂ ਦੇ ਐਨ ਪਿੱਛੇ ਪਾਸੇ ਦੁਸ਼ਮਣ ਪਾਕਿਸਤਾਨ ਹੈ ਅਤੇ ਅੱਗੇ ਰਾਵੀ ਦਰਿਆ ਦੀਆਂ ਜਾਨਲੇਵਾ ਛੱਲਾਂ। ਅਰਥਾਤ ਅਜਿਹੇ ਹਾਲਾਤ ਵਿੱਚ ਇਹ ਚਾਹੁੰਦੇ ਹੋਏ ਵੀ ਦਰਿਆ ਪਾਰ ਨਹੀਂ ਕਰ ਸਕਦੇ ਕਿਓਂਕਿ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਉਹਨਾਂ ਦੀ ਆਵਾਜਾਈ ਲਈ ਇਕੋ ਇਕ ਸਾਧਨ ਬੇੜੀ ਨੂੰ ਪ੍ਰਸ਼ਾਸਨ ਵੱਲੋਂ ਬੰਦ ਕਰ ਗਿਆ।
ਨਤੀਜੇ ਵਜੋਂ 7 ਪਿੰਡਾਂ ਦੇ ਲੋਕ ਇਕ ਟਾਪੂ ਵਿੱਚ ਲਾਵਾਰਿਸ ਬਣ ਕੇ ਰਹਿ ਗਏ। ਉਹਨਾਂ ਦੀਆਂ ਸਮੱਸਿਆਵਾਂ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਪਿੰਡਾਂ ਵਿੱਚ ਮੋਬਾਇਲ ਨੈਟਵਰਕ ਤੱਕ ਨਹੀਂ ਹੈ ਨਾ ਹੀ ਟੈਲੀਫੋਨ ਸੇਵਾ ਉਪਲਬਧ ਹੈ। ਐਮਰਜੇਂਸੀ ਹਾਲਾਤ ਵਿੱਚ ਉਹਨਾਂ ਦੀ ਲਾਚਾਰਗੀ ਦਾ ਅਨੁਮਾਨ ਲਗਾਉਣਾ ਮੁਸ਼ਕਿਲ ਨਹੀਂ। ਖੁਸ਼ਕਿਸਮਤੀ ਨਾਲ਼ ਅੱਜ ਰਾਵੀ ਵਿੱਚ ਪਾਣੀ ਦਾ ਲੈਵਲ ਘੱਟ ਹੋਣ ਪਿੱਛੋਂ ਪ੍ਰਸ਼ਾਸਨ ਨੇ ਕਰੀਬ 3 ਵਜੇ ਬੇੜੀ ਨੂੰ ਮੁੜ ਚਲਾ ਦਿੱਤਾ ਪਰ ਉਕਤ ਲੋਕ ਕਰੀਬ 20 ਘੰਟੇ ਤੱਕ ਦੇਸ਼ ਨਾਲੋਂ ਟੁੱਟੇ ਰਹੇ।