Flood tragedy ਹੜ੍ਹ ਤੇ ਸੋਕਾ, ਦੋ ਭਿਅੰਕਰ ਕੁਦਰਤੀ ਆਫ਼ਤਾਂ ਹਨ; ਦੋਵੇਂ ਇਕ ਦੂਜੇ ਤੋਂ ਵੱਧ ਮਾਰੂ। ਭੁੱਖਮਰੀ ਤੇ ਅਕਾਲ ਦੀ ਤਸਵੀਰ ਸੋਕੇ ਨਾਲ ਜੁੜੀ ਹੋਈ ਦਿਖਾਈ ਜਾਂਦੀ ਹੈ। ਕਲਾਕਾਰ ਅਸਮਾਨ ਵੱਲ ਮੂੰਹ ਚੁੱਕ ਕੇ ਦੇਖਦਾ ਕਿਸਾਨ ਤੇ ਸੁੱਕੀ ਧਰਤੀ ਵਿਚ ਪਈਆਂ ਤ੍ਰੇੜਾਂ ਦਿਖਾਈਆਂ ਜਾਂਦੀਆਂ ਹਨ; ਬੰਜਰ ਧਰਤੀ ਉਪਰ ਪਸ਼ੂਆਂ ਦੇ ਪਿੰਜਰ ਵੀ ਦਿਖਾਏ ਜਾਂਦੇ ਹਨ। ਹੜ੍ਹਾਂ ਦੀਆਂ ਅਜਿਹੀਆਂ ਦਰਦਨਾਕ ਤਸਵੀਰਾਂ ਘੱਟ ਬਣਾਈਆਂ ਜਾਂਦੀਆਂ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਹੜ੍ਹ ਥੋੜ੍ਹਚਿਰਾ ਹੁੰਦੇ ਹਨ। ਕਿਹਾ ਜਾਂਦਾ ਹੈ ਕਿ ਹੜ੍ਹ ਤਾਂ ਬੰਦੇ ਤੇ ਹੋਰ ਜੀਵਾਂ ਦੀ ਜਿ਼ੰਦਗੀ ਇਕ ਝਟਕੇ ਨਾਲ ਹੀ ਤਮਾਮ ਕਰ ਦਿੰਦਾ ਹੈ ਪਰ ਸੋਕਾ ਤਰਸਾ ਤਰਸਾ ਕੇ ਮਾਰਦਾ ਹੈ। ਹੜ੍ਹ ਕਿਸੇ ਦਰਖਤ ਨੂੰ ਜੜ੍ਹੋਂ ਪੁੱਟ ਕੇ ਸੁੱਟ ਦਿੰਦਾ ਹੈ ਪਰ ਸੋਕਾ ਉਸ ਦੇ ਇਕ ਇਕ ਪੱਤੇ ਨੂੰ ਝੁਲਸਦਾ ਹੈ ਤੇ ਫਿਰ ਬਾਲਣ ਬਣਾ ਦਿੰਦਾ ਹੈ। ਸੋਕਾ ਤਾਂ ਕਿਸੇ ਖੇਤ ਦੀ ਇਕ ਫ਼ਸਲ ਤਬਾਹ ਕਰਦਾ ਹੈ ਪਰ ਹੜ੍ਹ ਤਾਂ ਖੇਤ ਹੀ ਪੁੱਟ ਕੇ ਲੈ ਜਾਂਦਾ ਹੈ। ਇਸ ਵਾਸਤੇ ਇਹ ਕਹਿਣਾ ਔਖਾ ਹੈ ਕਿ ਹੜ੍ਹ ਵੱਧ ਹਾਨੀਕਾਰਕ ਹਨ ਜਾਂ ਸੋਕਾ।
ਭਾਰਤ ਅਤੇ ਸਾਡਾ ਪੂਰਾ ਉਪ ਮਹਾਂਦੀਪ ਭਾਵ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਕੁੱਲ ਮਿਲਾ ਕੇ ਪਾਣੀ ਦੀ ਕਮੀ ਵਾਲਾ ਖੇਤਰ ਨਹੀਂ। ਕੁਦਰਤ ਇਸ ਖੇਤਰ ਨੂੰ ਹਰ ਸਾਲ ਪਾਣੀ ਦਾ ਅਥਾਹ ਭੰਡਾਰ ਬਖ਼ਸ਼ਦੀ ਹੈ ਪਰ ਸਾਡੇ ਕੋਲ ਇਸ ਦਾਤ ਨੂੰ ਸੰਭਾਲਣ ਵਾਸਤੇ ਬਰਤਨ ਨਹੀਂ ਤਾਂ ਕਿ ਅਸੀਂ ਇਸ ਵਿਚੋਂ ਸਾਰਾ ਸਾਲ ਥੋੜ੍ਹਾ ਥੋੜ੍ਹਾ ਵੰਡ ਵਰਤ ਕੇ ਹਾਸਿਲ ਕਰਦੇ ਰਹੀਏ। ਅੱਜ ਅਖ਼ਬਾਰਾਂ ਵਿਚ ਅਸੀਂ ਪਾਣੀ ਵਿਚ ਡੁੱਬੇ ਘਰ ਤੇ ਕਿਸ਼ਤੀਆਂ ਨਾਲ ਕੱਢੇ ਜਾ ਰਹੇ ਲੋਕਾਂ ਦੀਆਂ ਦਰਦਨਾਕ ਤਸਵੀਰਾਂ ਦੇਖ ਰਹੇ ਹਾਂ ਪਰ ਜਲਦੀ ਹੀ ਅਸੀਂ ਪੀਣ ਵਾਲੇ ਪਾਣੀ ਦੇ ਇਕ ਇਕ ਗਲਾਸ ਨੂੰ ਤਰਸਦੇ ਲੋਕਾਂ ਦੀਆਂ ਦਰਦਨਾਕ ਤਸਵੀਰਾਂ ਦੇਖਾਂਗੇ। ਸਮੁੰਦਰ ਬਣੇ ਖੇਤਾਂ ਦੀਆਂ ਦਰਦਨਾਕ ਤਸਵੀਰਾਂ ਤੋਂ ਬਾਅਦ ਸੋਕੇ ਨਾਲ ਤਰੇੜਾਂ ਪਏ ਖੇਤਾਂ ਦੀਆਂ ਇਤਨੀਆਂ ਹੀ ਦਰਦਨਾਕ ਤਸਵੀਰਾ ਦੇਖਣ ਨੂੰ ਮਿਲਣਗੀਆਂ।Flood tragedy
ਦਰਅਸਲ ਪਾਣੀ ਦਾ ਫ਼ਿਕਰ ਸਾਨੂੰ ਇਸ ਦੀ ਤਕਸੀਮ ਵੇਲੇ ਹੀ ਹੁੰਦਾ ਹੈ। ਇਕ ਦੂਜੇ ਤੋਂ ਵੱਧ ਕੇ ਨਾਅਰੇ ਲਾਏ ਜਾਂਦੇ ਹਨ ਕਿ ਸਾਡੇ ਕੋਲ ਪਾਣੀ ਦੀ ਇਕ ਬੂੰਦ ਵੀ ਫਾਲਤੂ ਨਹੀਂ। ਇਹ ਗੱਲ ਉਹ ਵੀ ਕਹਿਣੋਂ ਨਹੀਂ ਰੁਕਦੇ ਜਿਨ੍ਹਾਂ ਖੁਦ ਦੂਜੇ ਰਾਜਾਂ ਨਾਲ ਸਮਝੌਤੇ ਕੀਤੇ ਤੇ ਪੈਸਾ ਵੀ ਵਸੂਲਿਆ। ਹੁਣ ਬੂੰਦਾਂ ਹੀ ਬੂੰਦਾਂ ਵਾਧੂ ਹਨ, ਭਰ ਲਵੋ ਝੋਲੀਆਂ। ਸਾਡਾ ਇਕ ਐੱਮਐੱਲਏ ਹਰੀਕੇ ਦੇ ਪੁਲ ਉਪਰ ਖੜ੍ਹਾ ਹੋ ਕੇ ਲੰਮੀ ਬਾਂਹ ਕਰ ਕੇ ਵੀਡੀਓ ਬਣਾਉਂਦਾ ਹੈ ਕਿ ਦੇਖੋ ਜ਼ੁਲਮ, ਇੰਨਾ ਪਾਣੀ ਪਾਕਿਸਤਾਨ ਜਾ ਰਿਹਾ ਹੈ। ਹੁਣ ਉਸ ਨੂੰ ਵੀਡੀਓ ਬਣਾਉਣੀ ਚਾਹੀਦੀ ਹੈ ਕਿ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਪਾਣੀ ਪਾਕਿਸਤਾਨ ਵੱਲ ਜਾ ਰਿਹਾ ਹੈ।ALSO READ:ਅੱਜ ਫਿਰ ਵਧੀਆਂ ਸੋਨੇ ਦੀਆਂ ਕੀਮਤਾਂ, ਦੇਖੋ ਤੁਹਾਡੇ ਸ਼ਹਿਰ ‘ਚ ਸੋਨੇ ਦਾ ਕੀ ਹੈ ਰੇਟ
ਹੜ੍ਹ ਰੋਕੂ ਸਕੀਮਾਂ ਦਾ ਨਾਮ ਪਾਣੀ ਦੀ ਸੰਭਾਲ ਰੱਖਿਆ ਜਾਵੇ।ਕੁਝ ਮੈਗਾ ਪ੍ਰਾਜੈਕਟਾਂ ਦਾ ਬਹੁਤ ਪ੍ਰਚਾਰ ਹੋ ਰਿਹਾ ਹੈ। ਇਹ ਸਭ ਸੜਕਾਂ ਦੇ ਹਾਈਵੇਜ਼ ਦੇ ਹਨ, ਕੋਈ ਵੀ ਪ੍ਰਾਜੈਕਟ ਨਵੀਆਂ ਨਹਿਰਾਂ, ਡੈਮਾਂ, ਝੀਲਾਂ ਜਾਂ ਕੁੰਡਾਂ ਦਾ ਨਹੀਂ। ਹਾਈਵੇ ਦੇ ਕੰਮ ਤਾਂ ਕੰਪਨੀਆਂ ਲੈ ਲੈਂਦੀਆਂ ਹਨ ਤੇ ਟੋਲ ਟੈਕਸ ਲਗਾ ਕੇ ਕਮਾਈਆਂ ਕਰ ਲੈਣਗੀਆਂ, ਸਵਾਲ ਹੈ ਕਿ ਨਹਿਰਾਂ ਤੇ ਝੀਲਾਂ ਦਾ ਕੰਮ ਕਿਹੜੀਆਂ ਕੰਪਨੀਆਂ ਲੈਣਗੀਆਂ? ਹਾਈਵੇ ਅਹਿਮ ਹੋਣਗੇ ਪਰ ਪਾਣੀ ਦੀ ਸੰਭਲ ਦੇ ਇੰਤਜ਼ਾਮ ਦਾ ਕੰਮ ਉਸ ਤੋਂ ਪਹਿਲਾ ਸਾਡੇ ਸਾਹਮਣੇ ਆ ਗਿਆ ਹੈ। Flood tragedy