ਪਟਿਆਲਾ ਸ਼ਹਿਰ ਦੇ ਓਹ ਇਲਾਕੇ ਜਿੱਥੇ ਹੜ੍ਹ ਆਉਣ ਕਾਰਨ ਬਿਜਲੀ ਦੀ ਸਪਲਾਈ ਬੰਦ ਹੈ। ਲੋਕ ਘਰਾਂ ਵਿੱਚ ਹਨ। ਪੀਣ ਵਾਲਾ਼ ਪਾਣੀ ਚਲੋ ਮਿਲਦਾ ਹੋਣਾ, ਪਰ ਆਮ ਵਰਤੋਂ ਲਈ ਪਾਣੀ ਦੀ ਭਾਰੀ ਕਿੱਲਤ ਹੈ। ਓਹਨਾਂ ਇਲਾਕਿਆਂ ਵਿੱਚ ਇੱਕ ਇਕੱਲਾ ਬੰਦਾ, ਟ੍ਰੈਕਟਰ ਪਿੱਛੇ ਸਿੰਗਲ ਫੇਸ ਦਾ ਜਰਨੇਟਰ ਲੱਦ, ਲੰਮੀ ਕੇਬਲ ਤਾਰ, ਪੇਚਕਸ, ਪਲਾਸ, ਟੇਪ ਰੋਲ ਆਦਿ ਲੈ ਗਲ਼ੀਆਂ ਵਿੱਚ ਫਿਰਦੈ। ਹਰ ਘਰ ਦਾ ਬੂਹਾ ਖੜਕਾਉਂਦੈ ਤੇ ਆਖਦੈ,”ਜੇ ਥੋਡੇ ਘਰ ਸਬਮਰਸੀਬਲ ਮੋਟਰ ਲੱਗੀ ਹੈ ਤਾਂ ਮੈਂ ਜਰਨੇਟਰ ਰਾਹੀਂ ਸਪਲਾਈ ਦੇ ਕੇ, ਥੋਡੀ ਪਾਣੀ ਦੀ ਟੈਂਕੀ ਭਰ ਦਿੰਦਾ ਹਾਂ। ਫਰੀ ਸੇਵਾ ਹੈ ਜੀ।”
ਘਰ ਵਾਲ਼ਿਆਂ ਦਾ ਚਿਹਰਾ ਸ਼ੁਕਰਾਨੇ ਨਾਲ਼ ਭਰ ਜਾਂਦੈ।
“ਹੱਥ ਬੰਨ੍ਹ ਕੇ ਇਕ ਬੇਨਤੀ ਐ ਜੀ, ਮੇਰੀ ਕੋਈ ਫੋਟੋ-ਫੂਟੋ ਨਾ ਖਿੱਚਿਓ।” ਸੇਵਾ ਕਰਨ ਵਾਲ਼ੇ ਦੇ ਹੱਥ ਸੱਚੀਂਓ ਜੁੜੇ ਹੁੰਦੇ ਨੇ। ਵੇਖਣ ਵਾਲ਼ਿਆਂ ਭਾਈ ਘਨੱਈਏ ਨੂੰ ਸਿਰਫ਼ ਤਸਵੀਰਾਂ ਵਿੱਚ ਮਸ਼ਕ ਚੁੱਕੀਂ ਵੇਖਿਆ ਹੋਣਾ, ਪਰ ਅੱਜ ਓਹਨਾਂ ਦੇ ਦਰਾਂ ਅੱਗੇ ਭਾਈ ਘਨੱਈਏ ਦਾ ਇੱਕ ਵਾਰਸ ਖੜ੍ਹਾ ਹੈ ਅਤੇ ਪੰਜਾਬ ਵਿੱਚ ਅਜਿਹੇ ਹੋਰ ਵੀ ਬਹੁਤ ਨੇ….ਭਾਈ ਘਨੱਈਏ ਦੇ ਵਾਰਸ।
ਸਲਾਮ ਪੰਜਾਬ ਸਿਆਂ,
ਤੇਰੀ ਅਨਮੋਲ ਮਿੱਟੀ ਨੂੰ🙏🙏