ਗੂਜਰੀ ਮਹਲਾ ੫ ॥
ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥ ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥੧॥ ਗੁਰ ਹਰਿ ਬਿਨੁ ਕੋ ਨ ਬ੍ਰਿਥਾ ਦੁਖੁ ਕਾਟੈ ॥ ਪ੍ਰਭੁ ਤਜਿ ਅਵਰ ਸੇਵਕੁ ਜੇ ਹੋਈ ਹੈ ਤਿਤੁ ਮਾਨੁ ਮਹਤੁ ਜਸੁ ਘਾਟੈ ॥੧॥ ਰਹਾਉ ॥ ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ ॥ ਹਰਿ ਕਾ ਦਾਸੁ ਨੀਚ ਕੁਲੁ ਊਚਾ ਤਿਸੁ ਸੰਗਿ ਮਨ ਬਾਂਛਤ ਫਲ ਪਾਇਆ ॥੨॥ ਲਾਖ ਕੋਟਿ ਬਿਖਿਆ ਕੇ ਬਿੰਜਨ ਤਾ ਮਹਿ ਤ੍ਰਿਸਨ ਨ ਬੂਝੀ ॥ ਸਿਮਰਤ ਨਾਮੁ ਕੋਟਿ ਉਜੀਆਰਾ ਬਸਤੁ ਅਗੋਚਰ ਸੂਝੀ ॥੩॥ ਫਿਰਤ ਫਿਰਤ ਤੁਮੑਰੈ ਦੁਆਰਿ ਆਇਆ ਭੈ ਭੰਜਨ ਹਰਿ ਰਾਇਆ ॥ ਸਾਧ ਕੇ ਚਰਨ ਧੂਰਿ ਜਨੁ ਬਾਛੈ ਸੁਖੁ ਨਾਨਕ ਇਹੁ ਪਾਇਆ ॥੪॥੬॥੭॥
ਸ਼ੁੱਕਰਵਾਰ, ੯ ਭਾਦੋਂ (ਸੰਮਤ ੫੫੫ ਨਾਨਕਸ਼ਾਹੀ) (ਅੰਗ: ੪੯੭)
ਗੂਜਰੀ ਮਹਲਾ ੫ ॥
ਹੇ ਭਾਈ! ਮੈਂ ਜਿਸ ਭੀ ਮਨੁੱਖ ਕੋਲ ਆਪਣੇ ਦੁੱਖ ਦੀ ਗੱਲ ਕਰਦਾ ਹਾਂ, ਉਹ ਆਪਣੇ ਦੁੱਖ ਨਾਲ ਭਰਿਆ ਹੋਇਆ ਦਿੱਸਦਾ ਹੈ, ਉਹ ਮੇਰਾ ਦੁਖ ਕੀਹ ਨਿਵਿਰਤ ਕਰੇ? ਹੇ ਭਾਈ! ਜਿਸ ਮਨੁੱਖ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਆਰਾਧਿਆ ਹੈ, ਉਸ ਨੇ ਹੀ ਇਹ ਡਰ (ਭਰਿਆ ਸੰਸਾਰ) ਸਮੁੰਦਰ ਪਾਰ ਕੀਤਾ ਹੈ।੧।ਹੇ ਭਾਈ! ਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਕੋਈ ਹੋਰ ਧਿਰ ਕਿਸੇ ਦਾ ਦੁੱਖ ਪੀੜ ਕੱਟ ਨਹੀਂ ਸਕਦਾ। ਪਰਮਾਤਮਾ ਦਾ ਆਸਰਾ ਛੱਡ ਕੇ ਜੇ ਕਿਸੇ ਹੋਰ ਦਾ ਸੇਵਕ ਬਣੀਏ, ਤਾਂ ਇਸ ਕੰਮ ਵਿਚ ਇੱਜ਼ਤ ਵਡਿਆਈ ਸੋਭਾ ਘਟ ਜਾਂਦੀ ਹੈ।੧।ਰਹਾਉ।ਹੇ ਭਾਈ! ਮਾਇਆ ਦੇ ਕਾਰਨ ਬਣੇ ਹੋਏ ਇਹ ਸਾਕ ਸੱਜਣ ਰਿਸ਼ਤੇਦਾਰ ਦੁੱਖਾਂ ਦੀ ਨਿਵਿਰਤੀ ਵਾਸਤੇ ਕਿਸੇ ਭੀ ਕੰਮ ਨਹੀਂ ਆ ਸਕਦੇ। ਪਰਮਾਤਮਾ ਦਾ ਭਗਤ ਜੇ ਨੀਵੀਂ ਕੁਲ ਦਾ ਭੀ ਹੋਵੇ, ਉਸ ਨੂੰ ਸ੍ਰੇਸ਼ਟ ਜਾਣੋ, ਉਸ ਦੀ ਸੰਗਤਿ ਵਿਚ ਰਿਹਾਂ ਮਨ-ਇੱਛਤ ਫਲ ਹਾਸਲ ਕਰ ਲਈਦੇ ਹਨ।੨। ਹੇ ਭਾਈ! ਜੇ ਮਾਇਆ ਦੇ ਲੱਖਾਂ ਕ੍ਰੋੜਾਂ ਸੁਆਦਲੇ ਖਾਣੇ ਹੋਣ, ਉਹਨਾਂ ਵਿਚ ਲੱਗਿਆਂ ਖਾਣ ਦੀ ਤ੍ਰਿਸ਼ਨਾ ਨਹੀਂ ਮੁੱਕਦੀ। ਪਰਮਾਤਮਾ ਦਾ ਨਾਮ ਸਿਮਰਦਿਆਂ ਅੰਦਰ, ਮਾਨੋਂ ਕ੍ਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ, ਤੇ ਅੰਦਰ ਉਹ ਕੀਮਤੀ ਨਾਮ-ਪਦਾਰਥ ਦਿੱਸ ਪੈਂਦਾ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।੩। ਹੇ ਨਾਨਕ! ਆਖ- ਹੇ ਪ੍ਰਭੂ ਪਾਤਿਸ਼ਾਹ! ਹੇ ਜੀਵਾਂ ਦੇ ਸਾਰੇ ਡਰ ਨਾਸ ਕਰਨ ਵਾਲੇ ਹਰੀ! ਜੇਹੜਾ ਮਨੁੱਖ ਭਟਕਦਾ ਭਟਕਦਾ ਆਖ਼ਰ ਤੇਰੇ ਦਰ ਤੇ ਆ ਪਹੁੰਚਦਾ ਹੈ ਉਹ ਤੇਰੇ ਦਰ ਤੋਂ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਤੇ ਤੇਰੇ ਦਰ ਤੋਂ ਇਹ ਸੁਖ ਪ੍ਰਾਪਤ ਕਰਦਾ ਹੈ।੪।੬।੭।