ਵਿਜੀਲੈਂਸ ਬਿਊਰੋ ਵੱਲੋਂ 20 ਲੱਖ ਰਿਸ਼ਵਤ ਦੇ ਮਾਮਲੇ ‘ਚ ਫਰਾਰ ਇੰਸਪੈਕਟਰ ਗ੍ਰਿਫ਼ਤਾਰ

Punjab's AIG Gets Bail
  • ਮਹੰਤ ਦਿਆਲ ਦਾਸ ਕਤਲ ਕੇਸ ਨਾਲ ਸਬੰਧਤ ਰਿਸ਼ਵਤ ਕੇਸ ਵਿੱਚ ਦੂਜੀ ਗ੍ਰਿਫ਼ਤਾਰੀ
  •  ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ

ਚੰਡੀਗੜ੍ਹ, 24 ਅਗਸਤ:

ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 2019 ਵਿੱਚ ਹੋਏ ਮਹੰਤ ਦਿਆਲ ਦਾਸ ਦੇ ਕਤਲ ਕੇਸ ਇਕ ਵਿਅਕਤੀ, ਜਿਸ ਨੂੰ ਕਲੀਨ ਚਿੱਟ ਦਿੱਤੀ ਗਈ ਸੀ, ਨੂੰ ਮੁੜ-ਨਾਮਜ਼ਦ ਕਰਨ ਬਦਲੇ 20 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਫਰਾਰ ਇੰਸਪੈਕਟਰ ਖੇਮ ਚੰਦ ਪਰਾਸ਼ਰ ਨੂੰ ਅੱਜ ਫਿਰੋਜ਼ਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 7 ਨਵੰਬਰ, 2019 ਨੂੰ ਕੋਟਕਪੂਰਾ ਦੇ ਪਿੰਡ ਕੋਟਸੁਖੀਆ ਸਥਿਤ ਡੇਰਾ ਬਾਬਾ ਹਰਕਾ ਦਾਸ ਵਿਖੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਮਹੰਤ ਦਿਆਲ ਦਾਸ ਦੀ ਹੱਤਿਆ ਕਰ ਦਿੱਤੀ ਗਈ ਸੀ।

ਇਸ ਤੋਂ ਬਾਅਦ ਸੰਤ ਬਾਬਾ ਹਰੀਦਾਸ ਜੀ ਦੇ ਚੇਲੇ ਸੰਤ ਗਗਨ ਦਾਸ ਦੀ ਸ਼ਿਕਾਇਤ ‘ਤੇ ਦੋ ਅਣਪਛਾਤੇ ਵਿਅਕਤੀਆਂ ਅਤੇ ਸੰਤ ਜਰਨੈਲ ਦਾਸ ਕਪੂਰੇਵਾਲਿਆਂ ਅਤੇ ਹੋਰਾਂ ਖ਼ਿਲਾਫ਼ ਥਾਣਾ ਸਦਰ ਕੋਟਕਪੂਰਾ ਵਿਖੇ ਕਤਲ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਡੀਐਸਪੀ ਹੈੱਡਕੁਆਰਟਰ ਮੋਗਾ ਰਵਿੰਦਰ ਸਿੰਘ ਵੱਲੋਂ ਮੁਲਜ਼ਮ ਸੰਤ ਜਰਨੈਲ ਦਾਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਇਸ ਕੇਸ ਦੇ ਸਬੰਧ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਆਈਜੀਪੀ ਫਰੀਦਕੋਟ ਰੇਂਜ ਪਰਦੀਪ ਕੁਮਾਰ ਯਾਦਵ ਨੂੰ ਹਲਫ਼ਨਾਮਾ ਦਾਇਰ ਕਰਨ ਲਈ ਤਲਬ ਕੀਤਾ ਗਿਆ ਸੀ। ਇਸ ਤੋਂ ਬਾਅਦ ਆਈਜੀਪੀ ਨੇ ਐਸਪੀ (ਡੀ) ਫਰੀਦਕੋਟ ਗਗਨੇਸ਼ ਕੁਮਾਰ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਸੀ, ਜਿਸ ਵਿੱਚ ਡੀਐਸਪੀ ਫਰੀਦਕੋਟ ਸੁਸ਼ੀਲ ਕੁਮਾਰ, ਡੀਐਸਪੀ ਬਾਘਾਪੁਰਾਣਾ ਜਸਜੋਤ ਸਿੰਘ ਅਤੇ ਇੰਸਪੈਕਟਰ ਖੇਮ ਚੰਦ ਪਰਾਸ਼ਰ ਮੈਂਬਰ ਵਜੋਂ ਸ਼ਾਮਲ ਸਨ।

ਇਹ ਵੀ ਪੜ੍ਹੋ: ਚੰਦਰਯਾਨ-3 ਦੀ ਚੰਦ ‘ਤੇ ਸਫਲ ਲੈਂਡਿੰਗ ਨਾਲ ਦੁਨੀਆ ‘ਚ ਭਾਰਤ ਦਾ ਮਾਣ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਨਵੰਬਰ 2022 ਵਿੱਚ ਐਸਪੀ ਗਗਨੇਸ਼ ਕੁਮਾਰ, ਡੀਐਸਪੀ ਸੁਸ਼ੀਲ ਕੁਮਾਰ ਅਤੇ ਇੰਸਪੈਕਟਰ ਖੇਮ ਚੰਦ ਨੇ ਸੰਤ ਗਗਨ ਦਾਸ ਤੋਂ ਸੰਤ ਜਰਨੈਲ ਦਾਸ ਕਪੂਰੇਵਾਲਿਆਂ ਨੂੰ ਇਸ ਕੇਸ ਵਿੱਚ ਮੁੜ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰਨ ਅਤੇ ਉਸ (ਸੰਤ ਗਗਨ ਦਾਸ) ਦੀ ਮਦਦ ਕਰਨ ਬਦਲੇ 50 ਲੱਖ ਰੁਪਏ ਰਿਸ਼ਵਤ ਮੰਗੀ ਸੀ। ਉਨ‌੍ਹਾਂ ਨੇ ਸੌਦਾ 35 ਲੱਖ ਰੁਪਏ ਵਿੱਚ ਤੈਅ ਕਰ ਲਿਆ ਅਤੇ ਉਕਤ ਅਧਿਕਾਰੀਆਂ ਨੇ ਦੋ ਕਿਸ਼ਤਾਂ ਵਿੱਚ 20 ਲੱਖ ਰੁਪਏ (15 ਲੱਖ ਰੁਪਏ 9 ਨਵੰਬਰ, 2022 ਅਤੇ 5 ਲੱਖ ਰੁਪਏ 11 ਨਵੰਬਰ, 2022 ਨੂੰ) ਲਏ ਸਨ।

ਇਸ ਸਬੰਧੀ ਡੀਆਈਜੀ ਫਿਰੋਜ਼ਪੁਰ ਦੀ ਪੜਤਾਲ ਦੇ ਆਧਾਰ ਉਤੇ ਐਸ.ਪੀ ਗਗਨੇਸ਼ ਕੁਮਾਰ, ਡੀ.ਐਸ.ਪੀ ਸੁਸ਼ੀਲ ਕੁਮਾਰ, ਇੰਸਪੈਕਟਰ ਖੇਮ ਚੰਦ ਪਰਾਸ਼ਰ, ਸੰਤ ਮਲਕੀਤ ਦਾਸ ਬੀੜ ਸਿੱਖਾਂ ਵਾਲਾ ਅਤੇ ਠੇਕੇਦਾਰ ਜਸਵਿੰਦਰ ਸਿੰਘ ਜੱਸੀ ਖ਼ਿਲਾਫ਼ ਥਾਣਾ ਸਦਰ ਕੋਟਕਪੂਰਾ ਵਿਖੇ ਮਿਤੀ 02.06.2023 ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ 07, 07-ਏ, 08, 13-1 (ਬੀ) ਅਤੇ ਆਈ.ਪੀ.ਸੀ. ਦੀ ਧਾਰਾ 120-ਬੀ ਤਹਿਤ ਐਫ.ਆਈ.ਆਰ. ਨੰ. 64 ਦਰਜ ਕੀਤੀ ਗਈ ਸੀ। 

ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਦੀਆਂ ਪੁਲਿਸ ਟੀਮਾਂ ਪਹਿਲਾਂ ਹੀ ਡੀਐਸਪੀ ਸੁਸ਼ੀਲ ਕੁਮਾਰ ਨੂੰ ਗ੍ਰਿਫਤਾਰ ਕਰ ਚੁੱਕੀਆਂ ਹਨ ਅਤੇ ਹੁਣ ਉਹ ਨਿਆਂਇਕ ਹਿਰਾਸਤ ਅਧੀਨ ਹੈ। ਬਾਬਾ ਮਲਕੀਅਤ ਦਾਸ ਨੇ 23-08-2023 ਨੂੰ ਵਧੀਕ ਜ਼ਿਲ੍ਹਾ ਜੱਜ, ਫਰੀਦਕੋਟ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਅੱਜ ਵਿਜੀਲੈਂਸ ਨੇ ਇੰਸਪੈਕਟਰ ਖੇਮ ਚੰਦ ਪਰਾਸ਼ਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਇਸ ਮਾਮਲੇ ਵਿੱਚ ਨਾਮਜ਼ਦ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।

———–

[wpadcenter_ad id='4448' align='none']