ਅੰਮ੍ਰਿਤਸਰ 1 ਦਸੰਬਰ 2023–
ਦੇਸ਼ ਭਰ ਨਾਲੋਂ ਗੰਨੇ ਦਾ ਭਾਅ ਸੂਬੇ ਵਿੱਚ ਸਭ ਤੋਂ ਵੱਧ ਹੈ ਅਤੇ ਜਿਨਾਂ ਰਾਜਾਂ ਬੀ.ਜੇ.ਪੀ. ਦੀ ਸਰਕਾਰ ਹੈ ਅਤੇ ਉੱਥੇ ਕਮਾਦ ਵੀ ਜਿਆਦਾ ਹੁੰਦਾ ਹੈ ਪਰ ਸਭ ਤੋਂ ਵੱਧ 391 ਰੁਪਏ ਕਵਿੰਟਲ ਗੰਨੇ ਦਾ ਭਾਅ ਸਾਡੇ ਪੰਜਾਬ ਵਿੱਚ ਹੈ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਭਲ੍ਹਾ ਪਿੰਡ ਦੀ ਸ਼ੂਗਰ ਮਿੱਲ ਵਿਖੇ ਪਿੜਾਈ ਸੀਜਨ ਦੀਆਂ ਤਿਆਰੀਆਂ ਦਾ ਜਾਇਜਾ ਲੈਂਣ ਸਮੇਂ ਕੀਤਾ। ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਨੇ ਸਹਿਕਾਰੀ ਮਿੱਲਾਂ ਦੇ ਮੁਲਾਜ਼ਮਾਂ ਲਈ ਛੇਵਾਂ ਪੇ ਕਮਿਸ਼ਨ ਵੀ ਲਾਗੂ ਕਰ ਦਿੱਤਾ ਹੈ। ਜਿਸ ਨਾਲ ਉਨਾਂ ਦੀਆਂ ਤਨਖਾਹਾਂ ਵਿੱਚ ਭਾਰੀ ਵਾਧਾ ਹੋਵੇਗਾ। ਉਨਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕਦੇ ਵੀ ਸਮੇਂ ਸਿਰ ਅਦਾਇਗੀ ਨਹੀਂ ਦਿੱਤੀ ਪਰ ਅਸੀਂ ਡੇਢ ਸਾਲ ਦੇ ਕਾਰਜਕਾਲ ਦੌਰਾਨ ਹੀ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕੀਤੀ ਹੈ ਬਲਕਿ ਉਨਾਂ ਨੂੰ ਫਸਲਾਂ ਦੀ ਖ੍ਰੀਦ ਵਿੱਚ ਕੋਈ ਸਮੱਸਿਆ ਵੀ ਨਹੀਂ ਆਉਣ ਦਿੱਤੀ। ਸ: ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਨੇ ਅੱਜ ਗੰਨੇ ਦਾ ਭਾਅ ਵੀ ਵਧਾ ਦਿੱਤਾ ਹੈ ਅਤੇ ਮਿੱਲਾਂ ਚਲਣ ਦੀ ਮਿਤੀ ਵੀ ਘੋਸ਼ਿਤ ਕਰ ਦਿੱਤੀ ਹੈ।
ਉਨਾਂ ਕਿਹਾ ਕਿ ਭਲ੍ਹਾ ਸ਼ੂਗਰ ਮਿੱਲ ਵਿਖੇ 1 ਕਰੋੜ 42 ਲੱਖ ਰੁਪਏ ਦੀ ਲਾਗਤ ਨਾਲ ਵੱਡਾ ਯਾਰਡ ਬਣਾਇਆ ਗਿਆ ਹੈ। ਉਨਾਂ ਦੱਸਿਆ ਕਿ ਇਸ ਯਾਰਡ ਦੇ ਬਣਨ ਨਾਲ ਕਿਸਾਨਾਂ ਨੂੰ ਬਾਰਿਸ਼ ਤੋਂ ਵੀ ਕੋਈ ਸਮੱਸਿਆ ਨਹੀਂ ਹੋਵੇਗੀ। ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਿੱਲਾਂ ਤਿਆਰ ਹਨ। ਤੁਸੀਂ ਗੰਨਾ ਲੈ ਕੇ ਆਓ ਤਾਂ ਜੋ ਮਿੱਲਾਂ ਨੂੰ ਚਲਾਇਆ ਜਾ ਸਕੇ।
ਸ: ਧਾਲੀਵਾਲ ਨੇ ਕਿਹਾ ਕਿ ਕਿਸਾਨ ਸਾਡੇ ਦੇਸ਼ ਦੀ ਰੀਡ ਦੇ ਹੱਡੀ ਹਨ ਅਤੇ ਪੰਜਾਬ ਦੀ ਆਰਥਿਕਤਾ ਵਿੱਚ ਇਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਉਨਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਤੁਹਾਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸ: ਰਜਿੰਦਰ ਪ੍ਰਤਾਪ ਸਿੰਘ ਜਨਰਲ ਮੈਨੇਜਰ , ਸਤਿੰਦਰ ਸਿੰਘ ਮਜੀਠਾ ਜਨਰਲ ਸੈਕਟਰੀ, ਪਲਵਿੰਦਰ ਸਿੰਘ ਸੰਗਤਪੁਰਾ, ਗੁਰਨਾਮ ਸਿੰਘ ਐਕਸ ਚੇਅਰਮੈਨ, ਸ: ਪਰਮਜੀਤ ਸਿੰਘ ਸੋਹਲ, ਮੁਖਤਿਆਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।