ਅੰਮ੍ਰਿਤਸਰ, 7 ਦਸੰਬਰ ( )-ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ ਅੱਜ ਅਜਨਾਲਾ ਹਲਕੇ ਵਿਚ 65 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਦੋ ਮੁੱਖ ਸੜਕਾਂ ਦੇ ਨੀਂਹ ਪੱਥਰ ਰੱਖੇ। ਇੰਨਾ ਵਿਚੋਂ ਇਕ ਸੜਕ ਅਜਨਾਲਾ ਤੋਂ ਫਤਿਹਗੜ ਚੂੜੀਆਂ ਤੋਂ ਬਾਬਾ ਬੁੱਢਾ ਸਾਹਿਬ ਦੇ ਨਗਰ ਰਮਦਾਸ ਨੂੰ ਜਾਂਦੀ ਹੈ ਅਤੇ ਦੂਸਰੀ ਸੜਕ ਸੂਫੀ ਸੰਤ ਤੇ ਪੰਜਾਬੀ ਸ਼ਾਇਰ ਹਾਸ਼ਮ ਸ਼ਾਹ ਦੇ ਨਗਰ ਜਗਦੇਵ ਕਲਾਂ ਨੂੰ ਜਾਂਦੀ ਹੈ। ਇਸ ਮੌਕੇ ਸੰਬੋਧਨ ਕਰਦੇ ਸ. ਹਰਭਜਨ ਸਿੰਘ ਨੇ ਕਿਹਾ ਕਿ ਤੁਹਾਡੇ ਹਲਕੇ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਮੈਨੂੰ ਇੰਨਾਂ ਸੜਕਾਂ ਦੀ ਹਾਲਤ ਤੋਂ ਜਾਣੂੰ ਕਰਵਾਇਆ ਤਾਂ ਮੈਂ ਅਧਿਕਾਰੀਆਂ ਨੂੰ ਇਨਾਂ ਸੜਕਾਂ ਦੀ ਲੋੜ ਅਨੁਸਾਰ ਨਵੀਂ ਉਸਾਰੀ ਕਰਨ ਲਈ ਪ੍ਰੋਜੈਕਟ ਤਿਆਰ ਕਰਨ ਦੀ ਹਦਾਇਤ ਕੀਤੀ। ਹੁਣ ਲੋਕਾਂ ਦੀਆਂ ਲੋੜਾਂ ਅਨੁਸਾਰ ਅਜਨਾਲਾ ਤੋਂ ਫਤਿਹਗੜ ਚੂੜੀਆਂ ਤੋਂ ਰਮਦਾਸ ਸੜਕ ਜੋ ਕਿ ਕਰੀਬ 35 ਕਿਲੋਮੀਟਰ ਹੈ, ਨੂੰ ਅਜਨਾਲਾ ਸ਼ਹਿਰ ਵਿਚ 18 ਫੁੱਟ ਤੋਂ 33 ਫੁੱਟ ਚੌੜਾ ਕੀਤਾ ਜਾਵੇਗਾ ਜਦਕਿ ਬਾਕੀ ਸੜਕ ਨੂੰ 18 ਫੁੱਟ ਤੋਂ 23 ਫੁੱਟ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਸੜਕ ਉਤੇ 41 ਕਰੋੜ ਰੁਪਏ ਖਰਚ ਆਉਣਗੇ ਅਤੇ ਸੜਕ ਨੂੰ 11 ਮਹੀਨਿਆਂ ਵਿਚ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੂਸਰੀ ਸੜਕ ਜੋ ਕਿ ਸੂਫੀ ਸੰਤ ਹਾਸ਼ਮ ਸ਼ਾਹ ਦੇ ਪਿੰਡ ਜਗਦੇਵ ਕਲਾਂ ਨੂੰ ਵਾਇਆ ਲੁਹਾਰਕਾ ਜਾਂਦੀ ਹੈ, ਨੂੰ ਅੰਮ੍ਰਿਤਸਰ ਸ਼ਹਿਰ ਵਿਚਲੇ ਹਿੱਸੇ ਨੂੰ 18 ਫੁੱਟ ਸੜਕ ਦੇ ਨਾਲ-ਨਾਲ ਇੰਟਰਲਾਕ ਟਾਇਲ ਲਗਾ ਕੇ ਦੋਵੇਂ ਪਾਸੇ 20-20 ਫੁੱਟ ਵਾਧਾ ਕੀਤਾ ਜਾਵੇਗਾ, ਜਦਕਿ ਸ਼ਹਿਰ ਤੋਂ ਬਾਹਰਲੇ ਹਿੱਸੇ ਨੂੰ 18 ਤੋਂ 23 ਫੁੱਟ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਸੜਕ ਉਤੇ ਪੈਂਦੀ ਲਾਹੌਰ ਬਰਾਂਚ ਨਹਿਰ ਦੇ ਪੁੱਲ ਨੂੰ ਵੀ ਸਾਢੇ ਸੱਤ ਮੀਟਰ ਤੱਕ ਚੌੜਾ ਕੀਤਾ ਜਾਵੇਗਾ, ਜਿਸ ਨਾਲ ਸੜਕ ਉਤੇ ਆਵਾਜਾਈ ਅਸਾਨ ਹੋ ਜਾਵੇਗੀ। ਕੈਬਿਨਟ ਮੰਤਰੀ ਨੇ ਦੱਸਿਆ ਕਿ ਇਸ ਸੜਕ ਉਤੇ ਕਰੀਬ 24 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਸਾਲ ਦੇ ਅੰਦਰ-ਅੰਦਰ ਇਸ ਸੜਕ ਦਾ ਕੰਮ ਪੂਰਾ ਕਰ ਲਿਆ ਜਾਵੇਗਾ।
ਇਸ ਮੌਕੇ ਸੰਬੋਧਨ ਕਰਦੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਅਤੇ ਰਾਜਾਸਾਂਸੀ ਹਲਕੇ ਦੀਆਂ ਇੰਨਾ ਅਹਿਮ ਸੜਕਾਂ ਨੂੰ ਚੌੜਾ ਕਰਨ ਲਈ ਸ. ਈ ਟੀ ਓ ਦਾ ਧੰਨਵਾਦ ਕਰਦੇ ਕਿਹਾ ਕਿ ਤੁਹਾਡੀ ਬਦੌਲਤ ਸਾਡੇ ਸਰਹੱਦੀ ਲੋਕਾਂ ਦੀ ਸੁਣੀ ਜਾ ਸਕੀ ਹੈ। ਉਨਾਂ ਕਿਹਾ ਕਿ ਇਹ ਵੱਡੀਆਂ ਤੇ ਇਤਹਾਸਕ ਕਸਬਿਆਂ ਨੂੰ ਜਾਂਦੀਆਂ ਸੜਕਾਂ ਅੱਜ ਤੋਂ ਕਈ ਸਾਲ ਪਹਿਲਾਂ ਚੌੜੀਆਂ ਹੋ ਜਾਣੀਆਂ ਚਾਹੀਦੀਆਂ ਸਨ, ਪਰ ਕਿਸੇ ਨੇ ਸਾਰ ਨਹੀਂ ਲਈ। ਉਨਾਂ ਕਿਹਾ ਕਿ ਪਹਿਲਾਂ ਇਸ ਸੜਕ ਨੂੰ ਬਾਬਾ ਹਾਸ਼ਮ ਸ਼ਾਹ ਦੇ ਨਾਮ ਉਤੇ ਇਲਾਕਾ ਵਾਸੀਆਂ ਨੇ ਮਸਾਂ 11 ਤੋ 18 ਫੁੱਟ ਕਰਵਾਇਆ ਸੀ, ਪਰ ਹੁਣ ਸਾਡੀ ਸਰਕਾਰ ਨੇ ਤੁਹਾਡੀ ਲੋੜ ਸਮਝਦੇ ਹੋਏ 18 ਤੋਂ 23 ਫੁੱਟ ਕਰ ਦਿੱਤਾ ਹੈ। ਇਸ ਮੌਕੇ ਚੇਅਰਮੈਨ ਸ ਬਲਦੇਵ ਸਿੰਘ ਮਿਆਦੀਆਂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।