ਅੰਮ੍ਰਿਤਸਰ, 7 ਦਸੰਬਰ 2023 –
ਡਿਪਟੀ ਕਮਿਸ਼ਨਰ-ਕਮ- ਜ਼ਿਲਾ ਚੋਣ ਅਧਿਕਾਰੀ ਅੰਮ੍ਰਿਤਸਰ ਸ੍ਰੀ ਘਨਸ਼ਾਮ ਥੋਰੀ ਨੇ ਘੱਟ ਕਾਰਗੁਜ਼ਾਰੀ ਕਰਨ ਵਾਲੇ ਸੈਕਟਰ ਅਫ਼ਸਰਾਂ ਅਤੇ ਬੀ.ਐਲ.ਓਜ਼ ਨਾਲ ਮੀਟਿੰਗ ਕਰਦੇ ਹੋਏ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜਿਨਾਂ ਸੈਕਟਰ ਅਫ਼ਸਰਾਂ ਅਤੇ ਬੀ.ਐਲ.ਓਜ਼ ਵਲੋਂ 18 ਤੋਂ 19 ਸਾਲ ਨੌਜਵਾਨਾਂ ਦੀ ਘੱਟ ਰਜਿਸਟਰੇਸ਼ਨ ਕੀਤੀ ਗਈ ਹੈ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ।ਜ਼ਿਲਾ ਚੋਣ ਅਧਿਕਾਰੀ ਨੇ ਕਿਹਾ ਕਿ ਸਮੂਹ ਬੀ.ਐੱਲ.ਓਜ਼ ਘਰ ਘਰ ਜਾ ਕੇ ਨਵੇਂ ਵੋਟਰਾਂ ਦੇ ਰਜਿਸਟਰੇਸ਼ਨ ਫਾਰਮ ਪ੍ਰਾਪਤ ਕਰਨ ਤਾਂ ਜੋ ਕੋਈ ਵੀ ਵੋਟਰ ਆਪਣੀ ਵੋਟ ਬਣਾਉਣ ਦੇ ਹੱਕ ਤੋਂ ਵਾਂਝਾ ਨਾ ਰਹੇ। ਉਨਾਂ ਸਮੂਹ ਬੀ.ਐਲ.ਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਤਸਦੀਕ ਸ਼ੁਦਾ ਸਰਟੀਫਿਕੇਟ ਦੇਣਗੇ ਕਿ ਇਹ ਕਿਸੇ ਵੀ ਵਿਅਕਤੀ ਦੀ ਡੁਪਲੀਕੇਟ ਵੋਟ ਨਹੀਂ ਬਣੀ ਹੈ ਅਤੇ ਕੋਈ ਵੀ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਹੀਂ ਹੈ। ਉਨਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜਿਹੜੇ ਬੀ.ਐਲ.ਓਜ਼ ਆਪਣੀ ਡਿਊਟੀ ਤੇ ਹਾਜ਼ਰ ਨਹੀਂ ਹੁੰਦੇ ਜਾਂ ਜਿਨ੍ਹਾਂ ਦੀ ਘੱਟ ਕਾਰਗੁਜਾਰੀ ਹੁੰਦੀ ਹੈ ਵਿਰੁੱਧ ਉੱਚ ਅਧਿਕਾਰੀਆਂ ਨੂੰ ਲਿੱਖਿਆ ਜਾਵੇਗਾ ਅਤੇ ਵਧੀਆ ਕਾਰਗੁਜਾਰੀ ਕਰਨ ਵਾਲੇ ਬੀ.ਐਲ.ਓਜ਼ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸਮੂਹ ਬੀ.ਐਲ.ਓਜ਼ ਦੀ ਡਿਊਟੀ ਬਣਦੀ ਹੈ ਕਿ ਉਹ ਵੋਟਾਂ ਦੌਰਾਨ ਈ.ਵੀ.ਐਮ. ਦੀ ਸੁਰੱਖਿਆ ਯਕੀਨੀ ਬਣਾਉਣ।ਉਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਪ੍ਰਾਪਤ ਹੋਏ ਸ਼ਡਿਊਲ ਅਨੁਸਾਰ ਯੋਗਤਾ ਮਿਤੀ 1 ਜਨਵਰੀ 2024 ਦੇ ਅਧਾਰ ’ਤੇ ਜ਼ਿਲੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਦਾ ਕੰਮ ਮਿਤੀ 27 ਅਕਤੂਬਰ 2023 ਤੋਂ ਸ਼ੁਰੂ ਹੋ ਗਿਆ ਹੈ ਜੋ 9 ਦਸੰਬਰ 2023 ਤੱਕ ਚੱਲੇਗਾ।ਉਨਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਤਹਿਤ ਨਵੀਆਂ ਵੋਟਾਂ ਬਣਾਉਣ ਲਈ ਦਾਅਵੇ/ਇਤਰਾਜ਼ ਫਾਰਮ ਨੰਬਰ-6, ਵੋਟ ਕਟਵਾਉਣ ਲਈ ਫਾਰਮ ਨੰਬਰ-7, ਵੇਰਵਿਆਂ ਦੀ ਸੋਧ ਕਰਵਾਉਣ/ਰਿਹਾਇਸ਼ ਦੀ ਤਬਦੀਲੀ ਲਈ ਫਾਰਮ ਨੰਬਰ-8, ਬੂਥ ਲੈਵਲ ਅਫ਼ਸਰਾਂ, ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ, ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵੱਲੋਂ ਪ੍ਰਾਪਤ ਕੀਤੇ ਜਾ ਰਹੇ ਹਨ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਚੋਣ ਤਹਿਸੀਲਦਾਰ ਸ: ਰਜਿੰਦਰ ਸਿੰਘ ਚੋਣ ਕਾਨੂੰਨਗੋ ਸ੍ਰੀ ਸੌਰਵ ਖੋਸਲਾ ਤੋਂ ਇਲਾਵਾ ਸੈਕਟਰ ਅਫ਼ਸਰ ਅਤੇ ਬੀ.ਐਲ.ਓਜ਼ ਵੀ ਹਾਜ਼ਰ ਸਨ।