ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਅਤੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਵਚਨਬੱਧ-ਅਨਮੋਲ ਗਗਨ ਮਾਨ

ਮਾਨਸਾ, 10 ਦਸੰਬਰ:
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਅਤੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਵਚਨਬੱਧ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਨਿਵੇਸ਼ ਪ੍ਰੋਤਸਾਹਨ, ਪ੍ਰਾਹੁਣਾਚਾਰੀ ਮੰਤਰੀ ਪੰਜਾਬ ਮਿਸ ਅਨਮੋਲ ਗਗਨ ਮਾਨ ਨੇ ਸਥਾਨਕ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿਖੇ ਕਰਵਾਏ ਜਾ ਰਹੇ ਟਿੱਬਿਆਂ ਦੇ ਮੇਲੇ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰਨ ਮੌਕੇ ਕੀਤਾ। ਇਸ ਮੌਕੇ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ (ਪੰਜਾਬ) ਪ੍ਰਿੰਸੀਪਲ ਸ੍ਰ ਬੁੱਧ ਰਾਮ, ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ, ਵਿਧਾਇਕ ਸਰਦੂਲਗੜ੍ਹ ਸ੍ਰ ਗੁਰਪ੍ਰੀਤ ਸਿੰਘ ਬਣਾਂਵਾਲੀ, ਵਿਧਾਇਕ ਲਹਿਰਾਗਾਗਾ ਸ੍ਰੀ ਵਰਿੰਦਰ ਗੋਇਲ ਨੇ ਵੀ ਵਿਸ਼ੇਸ਼ ਮਹਿਮਾਨ ਵਜ਼ੋਂ ਸ਼ਮੂਲੀਅਤ ਕੀਤੀ।
ਉਨ੍ਹਾਂ ਕਿਹਾ ਕਿ ਮੈਨੂੰ ਇਹ ਦੱਸਦਿਆਂ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੇ ਮਹਾਨ ਨਾਟਕਕਾਰ ਸ੍ਰ ਅਜਮੇਰ ਔਲਖ ਅਤੇ ਹੋਰ ਕਲਾਕਾਰ ਮਾਨਸਾ ਦੀ ਧਰਤੀ ’ਤੇ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਮਾਨਸਾ ਦੇ ਲੋਕ ਕੁਦਰਤ ਨਾਲ ਮੇਲ ਮਿਲਾਪ, ਚੰਗੇ ਸੁਭਾਅ, ਹੱਕ ਸੱਚ ਮਿਹਨਤ ਦੀ ਕਮਾਈ ਕਰਨ ਵਾਲੇ ਇਮਾਨਦਾਰ ਅਤੇ ਸੰਘਰਸ਼ੀਲ ਹਨ, ਮੇਰੀ ਖੁਸ਼ਕਿਸਮਤੀ ਹੋਵੇਗੀ ਕਿ ਮੈਂ ਮਾਨਸਾ ਦੀ ਧਰਤੀ ਲਈ ਕੁੱਝ ਕਰ ਸਕਾਂ ਅਤੇ ਮਾਨਸਾ ਦੇ ਲੋਕਾਂ ਦੀ ਆਵਾਜ਼ ਬਣ ਸਕਾਂ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਨਿੱਜੀ ਤੌਰ ’ਤੇ ਮੇਲੇ ’ਚ ਲੱਗੀਆਂ ਸਟਾਲਾਂ ਦਾ ਦੌਰਾ ਕੀਤਾ ਅਤੇ ਮੇਲੇ ’ਚ ਪਹੁੰਚੇ ਕਾਸ਼ਤਕਾਰਾਂ ਦੀ ਹੌਂਸਲਾ ਅਫਜ਼ਾਈ ਕੀਤੀ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਮਾਨਸਾ ਵਿਖੇ ਕਰਵਾਏ ਜਾ ਰਹੇ ਟਿੱਬਿਆਂ ਦੇ ਮੇਲੇ ਦੀ ਤਰ੍ਹਾਂ ਹੀ ਪੰਜਾਬ ਸਰਕਾਰ ਦੇ ਟੂਰਿਜ਼ਮ ਵਿਭਾਗ ਵੱਲੋਂ ਵੱਖ ਵੱਖ ਜ਼ਿਲਿ੍ਹਆਂ ਵਿਚ ਅਜਿਹੇ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਤਰਨਤਾਰਨ ਵਿਖੇ “ਰੁਸਤਮੇ-ਹਿੰਦ ਦਾਰਾ ਸਿੰਘ ਛਿੰਝ-2023”ਤਹਿਤ ਕੁਸ਼ਤੀ ਮੁਕਾਬਲੇ ਕਰਵਾਏ ਗਏ ਹਨ ਅਤੇ ਅਗਲਾ ਮੇਲਾ ਮਲੇਰਕੋਟਲਾ ਵਿਖੇ ਸੂਫੀ ਫੈਸਟੀਵਲ ਦੇ ਤੌਰ ’ਤੇ ਲਗਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਮੁੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ’ਚ ਭਵਿੱਖ ਵਿਚ ਹਰੇਕ ਜ਼ਿਲ੍ਹੇ ਦੇ ਸੱਭਿਆਚਾਰ ਨੂੰ ਉਜਾਗਰ ਕਰਦੇ ਮੇਲੇ ਲਗਾਉਣ ਅਤੇ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਸੱਭਿਆਚਾਰ ਬਾਰੇ ਜਾਣੂ ਕਰਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਟੂਰਿਜ਼ਮ ਵਿਭਾਗ ਦੀ ਪੂਰੀ ਤਿਆਰੀ ਹੈ ਕਿ ਜਲਦ ਹੀ ਨਾਟਕਕਾਰ ਅਜਮੇਰ ਔਲਖ ਜੀ ਦੇ ਨਾਮ ’ਤੇ ਮਾਨਸਾ ’ਚ ਕਲਾ ਕੇਂਦਰ ਸਥਾਪਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜਨਵਰੀ ਮਹੀਨੇ ਵਿੱਚ ਮੁਕਤਸਰ ਸਾਹਿਬ ਵਿਖੇ ਮਾਘੀ, ਫਿਰੋਜ਼ਪੁਰ ਵਿਖੇ ਬਸੰਤ ਉਤਸਵ ਅਤੇ ਰੰਗਲਾ ਪੰਜਾਬ ਮੇਲਾ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਪੂਰਥਲਾ ਹੈਰੀਟੇਜ ਫੈਸਟੀਵਲ, ਬਠਿੰਡਾ ਵਿਚ ਵਿਸਾਖੀ ਮੇਲਾ, ਪਟਿਆਲਾ ਹੈਰੀਟੇਜ ਫੈਸਟੀਵਲ, ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਅਤੇ ਲੁਧਿਆਣਾ ਵਿਚ ਕਿਲ੍ਹਾ ਰਾਏਕੋਟ ਪੇਂਡੂ ਖੇਡਾਂ ਵੀ ਕਰਵਾਈਆਂ ਜਾ ਰਹੀਆਂ ਹਨ, ਜਿੱਥੇ ਪੰਜਾਬੀ ਸਭਿਆਚਾਰ ਦੇ ਸਾਰੇ ਪਹਿਲੂਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
ਟਿੱਬਿਆਂ ਦੇ ਮੇਲੇ ਦੇ ਆਖ਼ਰੀ ਦਿਨ ਗਾਇਕ ਕੰਵਰ ਗਰੇਵਾਲ ਨੇ ਆਪਣੇ ਗੀਤਾਂ ਨਾਲ ਮੇਲੇ ’ਚ ਆਏ ਦਰਸ਼ਕਾਂ ਨੂੰ ਝੂੰਮਣ ’ਤੇ ਮਜ਼ਬੂਰ ਕਰ ਦਿੱਤਾ। ਇਸ ਮੌਕੇ ਉਨ੍ਹਾਂ ਨੇ ‘ਜੇ ਸਾਹਮਣੇ ਹੋਏ ਯਾਰ ਤਾਂ ਨੱਚਣਾ ਪੈਂਦਾ ਏ, ਬੇਪਰਵਾਹ ਦੇ ਨਾਲ ਅੱਖ ਲੜ ਗਈ, ਵਾਹ ਵਾਹ ਮੌਜ ਫਕੀਰਾਂ ਦੀ, ਦੇਖ ਬਾਈ ਬੱਲਿਆ ਰੰਗ ਕਰਤਾਰ ਦੇ, ਮਸਤ ਬਣਾ ਦੇਣਗੇ ਬੀਬਾ ਨਾ ਜਾਈਂ ਮਸਤਾ ਦੇ ਵਿਹੜੇ, ਤੂੰਬਾ ਮੈਂ ਤੇਰੀ ਤੂੰਬੀ ਅਤੇ ਰਮਜਾ ਯਾਰ ਦੀਆਂ’ ਸਮੇਤ ਕਈ ਗੀਤ ਸੁਣਾ ਕੇ ਲੋਕਾਂ ਨੂੰ ਪੰਜਾਬ ਦੀ ਸੰਸਕ੍ਰਿਤੀ ਨਾਲ ਜੋੜਦੇ ਹੋਏ ਉਨ੍ਹਾਂ ਦਾ ਭਰਪੂਰ ਮਨੋਰੰਜਨ ਕੀਤਾ।
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਕਿਹਾ ਕਿ ਮੇਲੇ ’ਚ ਆਏ ਕਲਾਕਾਰਾਂ ਨੇ ਆਪਣੀ ਸੰਸਕ੍ਰਿਤੀ ਨਾਲ ਸਬੰਧਤ ਜੋ ਕਲਾ ਪੇਸ਼ ਕੀਤੀ ਹੈ, ਉਸ ਨਾਲ ਸਾਨੂੰ ਦੇਸ਼ ਦੀ ਮਹਾਨ ਸੰਸਕ੍ਰਿਤੀ ਤੋਂ ਜਾਣੂ ਹੋਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਤਿੰਨ ਰੋਜ਼ਾ ਟਿੱਬਿਆਂ ਦੇ ਮੇਲੇ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਇਸ ਨਾਲ ਜੁੜੇ ਅਧਿਕਾਰੀਆਂ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਮੇਲੇ ਵਿਚ ਆਉਣ ਵਾਲੇ ਲੋਕਾਂ ਦਾ ਵਿਵਸਥਾ ਬਣਾਏ ਰੱਖਣ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਇਸ ਮੌਕੇ ਐਸ.ਐਸ.ਪੀ. ਡਾ. ਨਾਨਕ ਸਿੰਘ, ਵਧੀਕ ਡਾਇਰੈਕਟਰ ਟੂਰਿਜ਼ਮ ਵਿਭਾਗ ਪੰਜਾਬ ਸ੍ਰੀ ਰਾਕੇਸ਼ ਪੋਪਲੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਬੈਂਬੀ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰ ਚਰਨਜੀਤ ਸਿੰਘ ਅੱਕਾਂਵਾਲੀ, ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਸ੍ਰ ਗੁਰਪ੍ਰੀਤ ਸਿੰਘ ਭੁੱਚਰ ਸਮੇਤ ਹੋਰ ਆਗੂ ਤੇ ਅਧਿਕਾਰੀ ਹਾਜਰ ਸਨ।

[wpadcenter_ad id='4448' align='none']