ਅੰਮ੍ਰਿਤਸਰ, 11 ਦਸੰਬਰ 2023: ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕਾਰਡ ਬਣਵਾਉਣ ਵਾਲੇ ਲਾਭਪਾਤਰੀਆਂ ਲਈ 31 ਦਸੰਬਰ 2023 ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ ਅਤੇ 31 ਦਸੰਬਰ ਤੱਕ ਕਾਰਡ ਬਣਵਾਉਣ ਵਾਲਿਆਂ ਵਿਚੋ 10 ਲੋਕਾਂ ਨੂੰ ਲੱਕੀ ਡਰਾਅ ਜ਼ਰੀਏ ਚੁਣਿਆ ਜਾਵੇਗਾ ਅਤੇ ਨਗਦ ਇਨਾਮ ਦਿੱਤੇ ਜਾਣਗੇ।
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਨਦੀਪ ਕੌਰ ਨੇ ਸਬੰਧਤ ਅਧਿਕਾਰੀਆਂ ਨਾਲ ਆਯੂਸ਼ਮਾਨ ਕਾਰਡ ਸਬੰਧੀ ਰੀਵਿਊ ਮੀਟਿੰਗ ਕਰਦੇ ਹੋਏ ਦੱਸਿਆ ਕਿ ਇਸ ਯੋਜਨਾ ਤਹਿਤ ਪਹਿਲਾਂ ਇਨਾਮ 1 ਲੱਖ ਰੁਪਏ, ਦੂਜਾ ਇਨਾਮ 50 ਹਜ਼ਾਰ ਰੁਪਏ, ਤੀਜਾ ਇਨਾਮ 25 ਹਜ਼ਾਰ ਰੁਪਏ, ਚੌਥਾ ਇਨਾਮ 10 ਹਜ਼ਾਰ ਰੁਪਏ, ਪੰਜਵਾਂ ਇਨਾਮ 8 ਹਜ਼ਾਰ ਰੁਪਏ ਅਤੇ ਛੇਵੇਂ ਤੋਂ ਦਸਵੇਂ ਇਨਾਮ ਵਿੱਚ 5 ਹਜ਼ਾਰ ਰੁਪਏ ਦੇ ਡਰਾਅ ਕੱਢੇ ਜਾਣਗੇ। ਉਨਾਂ ਪੀਲੇ ਅਤੇ ਐਕਰੀਡੇਸ਼ਨ ਕਾਰਡ ਹੋਲਡਰ ਪ੍ਰੈਸ ਪੱਤਰਕਾਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਵੀ ਆਯੁਸ਼ਮਾਨ ਕਾਰਡ ਜ਼ਰੂਰ ਬਣਵਾਉਣ।
ਉਨ੍ਹਾਂ ਦੱਸਿਆ ਇਸ ਯੋਜਨਾ ਤਹਿਤ ਪੰਜਾਬ ਵਿੱਚ ਲਾਭਪਾਤਰੀ ਪਰਿਵਾਰਾਂ ਨੂੰ ਸੂਚੀਬੱਧ ਹਸਪਤਾਲਾਂ ਵਿੱਚ ਸਲਾਨਾ 5 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਦਾ ਲੋੜਵੰਦ ਪਰਿਵਾਰਾਂ ਨੂੰ ਜ਼ਰੂਰ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੇ ਵਿਭਾਗਾਂ ਨਾਲ ਸਬੰਧਤ ਲੋੜਵੰਦਾਂ ਦੇ ਕਾਰਡ ਜ਼ਰੂਰ ਬਣਾਏ ਜਾਣ। ਉਨ੍ਹਾਂ ਦੱਸਿਆ ਕਿ ਇਸ ਕਾਰਡ ’ਤੇ ਹਰ ਸਾਲ ਪੂਰੇ ਪਰਿਵਾਰ ਲਈ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਹੈ ਅਤੇ ਆਯੂਸ਼ਮਾਨ ਕਾਰਡ ਲਾਭਪਾਤਰੀ ਹੁਣ ਖੁਦ ਘਰ ਬੈਠੇ ਆਯੂਸ਼ਮਾਨ ਐਪ ਰਾਹੀਂ ਕਾਰਡ ਬਣਾ ਸਕਦੇ ਹਨ ਜਾਂ ਆਯੂਸ਼ਮਾਨ ਕਾਰਡ ਬਣਾਉਣ ਲਈ ਨਜਦੀਕੀ ਆਸ਼ਾ ਵਰਕਰ ਜਾਂ ਨੇੜੇ ਦੇ ਸਰਕਾਰੀ ਹਸਪਤਾਲ ਵਿਖੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਾਰਡ ਧਾਰਕ ਗੋਡੇ ਬਦਲਣ, ਦਿਲ ਦੀ ਸਰਜਰੀ, ਕੈਂਸਰ ਦੇ ਇਲਾਜ ਆਦਿ ਸਮੇਤ ਲੱਗਭੱਗ 1600 ਕਿਸਮ ਦੇ ਇਲਾਜ ਦੀ ਸੁਵਿਧਾ ਦਿੱਤੀ ਗਈ ਹੈ।
ਇਸ ਮੀਟਿੰਗ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ: ਗੁਰਮੀਤ ਕੌਰ, ਜਿਲ੍ਹਾ ਮੰਡੀ ਅਫਸਰ ਸ ਅਮਨਦੀਪ ਸਿੰਘ, ਜਿਲ੍ਹਾ ਕੁਆਰਡੀਨੇਟਰ ਫਤਿਹਦੀਪ ਸਿੰਘ, ਸ੍ਰੀ ਦਿਨੇਸ਼ ਸੂਰੀ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।