ਹੁਸ਼ਿਆਰਪੁਰ ਵਾਸੀਆਂ ਨੂੰ ਹੁਣ ਘਰ ਬੈਠੇ ਮਿਲਣਗੀਆਂ 43 ਪ੍ਰਕਾਰ ਦੀਆਂ ਸਰਕਾਰੀ ਸੇਵਾਵਾਂ   

ਹੁਸ਼ਿਆਰਪੁਰ, 11 ਦਸੰਬਰ :

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੀਆਂ ਬਰੂਹਾਂ ‘ਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਕੀਮ ਤਹਿਤ ਹੁਸ਼ਿਆਰਪੁਰ ਵਿਚ ਵੀ ਸੇਵਾ ਸਹਾਇਕ ਤਾਇਨਾਤ ਕਰ ਦਿੱਤੇ ਗਏ ਹਨ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੋਕ ਹੁਣ 43 ਪ੍ਰਕਾਰ ਦੀਆਂ ਸੇਵਾ ਕੇਂਦਰਾਂ ‘ਤੇ ਮਿਲਣ ਵਾਲੀਆਂ ਸੇਵਾਵਾਂ ਘਰ ਬੈਠੇ ਪ੍ਰਾਪਤ ਕਰ ਸਕਦੇ ਹਨ। ਇਸ ਲਈ ਲੋਕਾਂ ਨੂੰ ਆਪਣੇ ਘਰ ਤੋਂ ਹੀ ਟੋਲ ਫ੍ਰੀ ਨੰਬਰ 1076 ‘ਤੇ ਕਾਲ ਕਰਨੀ ਹੋਵੇਗੀ। ਇਸ ‘ਤੇ ਕਾਲ ਕਰਨ ਉਪਰੰਤ ਉਹ ਸਰਕਾਰੀ ਨੁਮਾਇੰਦੇ ਨੂੰ ਦੱਸ ਸਕਦੇ ਹਨ ਕਿ ਉਹ ਕਿਸ ਵੇਲੇ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਦੇ ਫੋਟੋ ਜਾਂ ਹੋਰ ਦਸਤਾਵੇਜ਼ ਲਿਜਾ ਕੇ ਉਹਨਾਂ ਨੂੰ ਸਰਕਾਰੀ ਸੇਵਾ ਦਾ ਲਾਭ ਦੇ ਸਕਦਾ ਹੈ। ਸਰਕਾਰੀ ਸੇਵਾ ਤਹਿਤ ਜੋ ਵੀ ਸਰਟੀਫਿਕੇਟ ਬਣੇਗਾ ਉਹ ਵੀ ਵਿਅਕਤੀ ਨੂੰ ਉਸਦੇ ਘਰ ਹੀ ਸਰਕਾਰੀ ਨੁਮਾਇੰਦਾ ਦੇ ਕੇ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੇਵਾ ਦੇ ਸ਼ੁਰੂ ਹੋਣ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਵੱਡੀ ਸਹੂਲਤ ਹੋਵੇਗੀ ਅਤੇ ਉਨ੍ਹਾਂ ਨੂੰ ਸਰਕਾਰੀ ਸੇਵਾਵਾਂ ਲੈਣ ਲਈ ਸੇਵਾ ਕੇਂਦਰ ਜਾਂ ਹੋਰ ਦਫ਼ਤਰਾਂ ਤੱਕ ਨਹੀਂ ਜਾਣਾ ਪਵੇਗਾ। ਇਸ ਨਾਲ ਦਫ਼ਤਰਾਂ ਵਿਚ ਵੀ ਭੀੜ ਘਟੇਗੀ ਅਤੇ ਲੋਕਾਂ ਨੂੰ ਘਰ ਬੈਠੇ ਹੀ ਸਰਕਾਰੀ ਸਹੂਲਤਾਂ ਮਿਲ ਸਕਣਗੀਆਂ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ।

ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਜ਼ਿਲ੍ਹਾ ਆਈ. ਟੀ ਮੈਨੇਜਰ ਰਣਜੀਤ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਇਹ ਸੇਵਾ ਸ਼ੁਰੂ ਹੋ ਗਈ ਹੈ ਅਤੇ ਹੁਣ ਤੱਕ 21 ਅਪੁਆਇੰਟਮੈਂਟਸ ਬੁੱਕ ਵੀ ਹੋ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹੇ ਦੀਆਂ ਪੰਜ ਤਹਿਸੀਲਾਂ ਲਈ ਪੰਜ ਸੇਵਾ ਸਹਾਇਕ ਤਾਇਨਾਤ ਕੀਤੇ ਗਏ ਹਨ ਅਤੇ ਅੱਗੋਂ ਲੋੜ ਅਨੁਸਾਰ ਇਨ੍ਹਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਕ ਵੇਲੇ ਇਕ ਸਿਟੀਜਨ ਵੱਧ ਤੋਂ ਵੱਧ ਚਾਰ ਸੇਵਾਵਾਂ ਹਾਸਲ ਕਰ ਸਕਦਾ ਹੈ।

[wpadcenter_ad id='4448' align='none']