‘ਨਵੀਂ ਚੇਤਨਾ-ਪਹਿਲ ਬਦਲਾਵ ਦੀ’ ਤਹਿਤ ਵਰਕਸ਼ਾਪ

ਐੱਸ.ਏ.ਐੱਸ. ਨਗਰ, 13 ਦਸੰਬਰ

ਭਾਰਤ ਸਰਕਾਰ ਵੱਲੋਂ 25 ਨਵੰਬਰ, 2023 ਤੋਂ 22 ਦਸੰਬਰ, 2023 ਤੱਕ ਲਿੰਗ ਅਧਾਰਤ ਵਿਤਕਰੇ ‘ਤੇ ਚਲਾਈ ਜਾ ਰਹੀ ਰਾਸ਼ਟਰੀ ਮੁਹਿੰਮ ‘ਨਵੀਂ ਚੇਤਨਾ-ਪਹਿਲ ਬਦਲਾਵ ਦੀ’ ਤਹਿਤ ਪੰਜਾਬ ਰਾਜ ਆਜੀਵਿਕਾ ਮਿਸ਼ਨ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੁਆਰਾ ਰਾਜ ਪੱਧਰੀ ਵਰਕਸ਼ਾਪ ‘ਲਿੰਗ ਅਧਾਰਿਤ ਹਿੰਸਾ’ ਵਿਸ਼ੇ ‘ਤੇ ਕਰਵਾਈ ਗਈ।
ਇਸ ਵਰਕਸ਼ਾਪ ਵਿੱਚ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਤੋਂ ਸ਼੍ਰੀ ਰਾਜਬੀਰ ਸਿੰਘ, ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਮਿਸ. ਆਰਤੀ ਸ਼ਰਮਾ ਅਤੇ ਸ਼੍ਰੀਮਤੀ ਅਮਨਦੀਪ ਕੌਰ ਸੋਹੀ ਅਤੇ ਸਿਹਤ ਵਿਭਾਗ ਤੋਂ ਡਾ. ਆਰਤੀ ਦੁਆਰਾ ਸ਼ਿਰਕਤ ਕੀਤੀ ਗਈ। 
ਵਰਕਸ਼ਾਪ ਵਿੱਚ ਆਜੀਵਿਕਾ ਮਿਸ਼ਨ ਅਧੀਨ ਲਿੰਗ ਅਧਾਰਤ ਮੁੱਦੇ ‘ਤੇ ਪਿੰਡ ਪੱਧਰ ‘ਤੇ ਕੰਮ ਕਰ ਰਹੇ ਜੈਂਡਰ ਸੀ.ਆਰ.ਪੀ. ਦੁਆਰਾ ਹਿੱਸਾ ਲਿਆ ਗਿਆ ਹੈ। ਸ਼੍ਰੀ ਸੁਰਿੰਦਰਪਾਲ ਆਂਗਰਾਂ, ਵਧੀਕ ਮੁੱਖ ਕਾਰਜਕਾਰੀ ਅਫਸਰ, ਆਜੀਵਿਕਾ ਮਿਸ਼ਨ ਨੇ ਦੱਸਿਆ ਕਿ ਇਸ ਮਿਸ਼ਨ ਅਧੀਨ ਪੇਂਡੂ ਗਰੀਬ ਔਰਤਾਂ ਦੇ ਸਵੈ ਸਹਾਇਤਾ ਸਮੂਹ ਬਣਾਏ ਜਾਂਦੇ ਹਨ। ਉਪਰੰਤ ਸਮੂਹ ਨੂੰ 6 ਮਹੀਨੇ ਅੰਦਰ ਲਗਭਗ 1,00,000 ਰੁਪਏ ਦੀ ਰਾਸ਼ੀ ਦੇਣ ਦੇ ਨਾਲ ਨਾਲ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਮੈਂਬਰ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਣ। 
ਪਿੰਡ ਪੱਧਰ ‘ਤੇ ਜੈਂਡਰ ਫੋਰਮ ਬਣਾਏ ਗਏ ਹਨ ਜਿੱਥੇ ਗਰੀਬ ਲੋਕਾਂ ਦੇ ਘਰੇਲੂ ਹਿੰਸਾ, ਆਮ ਲੜਾਈ ਝਗੜੇ ਆਦਿ ਦੇ ਨਿਪਟਾਰੇ ਆਪਸੀ ਸਹਿਮਤੀ ਨਾਲ ਬਿਨਾਂ ਕੋਰਟ ਕਚਹਿਰੀਆਂ ਦੇ ਚੱਕਰ ਲਗਾਏ ਕੀਤੇ ਜਾਂਦੇ ਹਨ। ਹੁਣ ਤੱਕ ਪੰਜਾਬ ਰਾਜ ਵਿੱਚ ਲਗਭਗ 4,92,000 ਔਰਤਾਂ ਨੂੰ ਇਸ ਸਕੀਮ ਤਹਿਤ ਲਾਭਪਾਤਰੀ ਬਣਾਇਆ ਗਿਆ ਹੈ। 
ਇਸ ਵਰਕਸ਼ਾਪ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਲਿੰਗ ਅਧਾਰਿਤ ਹਿੰਸਾ ਦੇ ਖਿਲਾਫ ਅਵਾਜ਼ ਚੁੱਕਣ ਲਈ ਪ੍ਰੇਰਿਤ ਕਰਨਾ ਅਤੇ ਜੈਂਡਰ ਸਬੰਧੀ ਵੱਖ ਵੱਖ ਵਿਭਾਗਾਂ ਦੀਆਂ ਸਕੀਮਾਂ ਦਿੱਤਾ ਜਾਂਦਾ ਲਾਭ ਆਮ ਲੋਕਾਂ ਤੱਕ ਪੁੱਜਦਾ ਕਰਨਾ ਸੀ।

[wpadcenter_ad id='4448' align='none']