ਬਠਿੰਡਾ, 13 ਦਸੰਬਰ :
ਸਥਾਨਕ ਕੇ.ਵੀ.ਕੇ. ਵਿਖੇ ਇਨਪੁਟ ਡੀਲਰਾਂ ਲਈ ਐਗਰੀਕਲਚਰਲ ਐਕਸਟੈਂਸ਼ਨ ਸਰਵਿਸਿਜ਼ ਡਿਪਲੋਮਾ ਕੋਰਸ ਦਾ ਰਸਮੀ ਉਦਘਾਟਨ ਸਮਾਰੋਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ 48 ਹਫ਼ਤਿਆਂ ਦੇ ਡਿਪਲੋਮਾ ਪ੍ਰੋਗਰਾਮ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਐਗਰੀਕਲਚਰਲ ਐਕਸਟੈਂਸ਼ਨ ਮੈਨੇਜਮੈਂਟ (ਮੈਨੇਜ), ਹੈਦਰਾਬਾਦ ਤੇ ਪੰਜਾਬ ਐਗਰੀਕਲਚਰਲ ਮੈਨੇਜਮੈਂਟ ਐਂਡ ਐਕਸਟੈਂਸ਼ਨ ਟਰੇਨਿੰਗ ਇੰਸਟੀਚਿਊਟ (PAMETI), ਪੀਏਯੂ ਕੈਂਪਸ, ਲੁਧਿਆਣਾ ਦੁਆਰਾ ਵਿੱਤੀ ਸਹਾਇਤਾ ਕੀਤੀ ਜਾ ਰਹੀ ਹੈ। ਇਸ ਡਿਪਲੋਮਾ ਕੋਰਸ ਵਿੱਚ ਕੁੱਲ 40 ਸਿਖਿਆਰਥੀਆਂ ਵਲੋਂ ਭਾਗ ਲਿਆ ਗਿਆ।
ਇਸ ਦੌਰਾਨ ਪ੍ਰੋਗਰਾਮ ਦਾ ਉਦਘਾਟਨ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਡਾ. ਜੀ.ਪੀ.ਐਸ. ਸੋਢੀ ਨੇ ਕੀਤਾ। ਡਾ: ਸੋਢੀ ਨੇ ਪੰਜਾਬ ਦੇ ਨੌਜਵਾਨਾਂ ਲਈ ਅਜਿਹੇ ਡਿਪਲੋਮਾ ਕੋਰਸਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਸਾਰੇ ਸਿਖਿਆਰਥੀਆਂ ਨੂੰ ਸਵੈ-ਰੁਜ਼ਗਾਰ ਲਈ ਟਿਕਾਊ ਖੇਤੀ ਬਾਰੇ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਇਸ ਪ੍ਰੋਗਰਾਮ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਮਿੱਟੀ ਦੀ ਉਤਪਾਦਕਤਾ ਵਧਾਉਣ, ਜੈਵਿਕ ਖੇਤੀ ਕਰਨ ਅਤੇ ਜਲਵਾਯੂ, ਮਿੱਟੀ, ਪਾਣੀ, ਵਾਤਾਵਰਣ ਅਤੇ ਮਨੁੱਖੀ ਸਿਹਤ ‘ਤੇ ਖੇਤੀ ਅਭਿਆਸਾਂ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਘਟਾਉਣ ‘ਤੇ ਜ਼ੋਰ ਦਿੱਤਾ।
ਕੇ.ਵੀ.ਕੇ ਬਠਿੰਡਾ ਦੇ ਡਿਪਟੀ ਡਾਇਰੈਕਟਰ, ਡਾ: ਗੁਰਦੀਪ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਅਤੇ ਸਾਰੇ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ। ਉਨ੍ਹਾਂ ਆਪਣੇ ਭਾਸ਼ਣ ਵਿੱਚ ਇਸ ਡਿਪਲੋਮਾ ਕੋਰਸ ਦੀ ਮਹੱਤਤਾ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੋਰਸ ਸਫ਼ਲਤਾਪੂਰਵਕ ਪੂਰਾ ਹੋਵੇ। ਡਾ. ਗੁਰਮੀਤ ਸਿੰਘ ਢਿੱਲੋਂ ਪ੍ਰੋਫੈਸਰ (ਪਸਾਰ ਸਿੱਖਿਆ) ਨੇ ਕੇ.ਵੀ.ਕੇ. ਬਠਿੰਡਾ ਦੁਆਰਾ ਕਰਵਾਈਆਂ ਜਾ ਰਹੀਆਂ ਪਸਾਰ ਗਤੀਵਿਧੀਆਂ ਦਾ ਜ਼ਿਕਰ ਕੀਤਾ। ਇਸ ਮੌਕੇ ਡਾ: ਏ.ਪੀ.ਐਸ. ਧਾਲੀਵਾਲ, ਪ੍ਰੋਫੈਸਰ (ਪਸ਼ੂ ਵਿਗਿਆਨ) ਕੇ.ਵੀ.ਕੇ ਬਠਿੰਡਾ ਨੇ ਮੰਚ ਸੰਚਾਲਨ ਕੀਤਾ।
ਡਾ: ਵਿਨੈ ਸਿੰਘ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ), ਨੇ ਆਏ ਹੋਏ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ, ਸਾਰਿਆਂ ਨੇ ਕੇ.ਵੀ.ਕੇ ਦੇ ਟੈਕਨਾਲੋਜੀ ਪਾਰਕ, ਪੋਲੀਹਾਊਸ ਅਤੇ ਪ੍ਰਦਰਸ਼ਨੀ ਯੂਨਿਟਾਂ ਦਾ ਦੌਰਾ ਵੀ ਕੀਤਾ।