ਅੰਮ੍ਰਿਤਸਰ, 15 ਦਸੰਬਰ-
ਦਿਵਿਆਂਗ ਲੋਕਾਂ ਦੀ ਭਲਾਈ ਲਈ ਚੱਲ ਰਹੀਆਂ ਸਕੀਮਾਂ ਤੇ ਉਨਾਂ ਦੀਆਂ ਲੋੜਾਂ ਦੀ ਸਮੀਖਿਆ ਲਈ ਕੇਂਦਰ ਸਰਕਾਰ ਦੇ ਸਮਾਜਿਕ ਨਿਆਂ ਤੇ ਸਸ਼ਕੀਤਕਰਨ ਵਿਭਾਗ ਦੇ ਸੈਕਟਰੀ ਸ੍ਰੀ ਰਾਜੇਸ਼ ਅਗਰਵਾਲ ਵੱਲੋਂ ਅੰਮ੍ਰਿਤਸਰ ਵਿਚ ਕੀਤੀ ਗਈ ਮੀਟਿੰਗ ਦੌਰਾਨ ਉਨਾਂ ਅੰਮ੍ਰਿਤਸਰ ਅਤੇ ਇਸਦੇ ਆਲੇ ਦੁਆਲੇ ਦੇ ਲੋੜਵੰਦ ਲੋਕਾਂ ਦੀ ਮਦਦ ਲਈ ਅਲਿਮਕੋ (ਆਰਟੀਫਿਸ਼ਲ ਲਿਮਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ) ਦਾ ਇਕ ਸੈਂਟਰ ਅੰਮ੍ਰਿਤਸਰ ਵਿਚ ਖੋਲਣ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਦਿਵਿਆਂਗ ਲੋਕਾਂ ਨੂੰ ਕਈ ਤਰਾਂ ਦੇ ਬਨਾਵਟੀ ਅੰਗ ਅਤੇ ਮਸ਼ੀਨਿਰੀ ਦੀ ਲੋੜ ਪੈਂਦੀ ਹੈ, ਇਸ ਲਈ ਅਲਿਮਕੋ ਵੱਲੋਂ ਹਰ ਜਿਲ੍ਹੇ ਵਿਚ ਕੈਂਪ ਲਗਾ ਕੇ ਉਕਤ ਅੰਗਾਂ ਦੇ ਸਾਈਜ ਆਦਿ ਹਰ ਸਾਲ ਲਏ ਜਾਂਦੇ ਹਨ, ਪਰ ਇਸ ਤਰਾਂ ਲਗਾਏ ਗਏ ਕੈਂਪ 100 ਫੀਸਦੀ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਪਾਉਂਦੇ। ਇਸ ਲਈ ਜਰੂਰੀ ਹੈ ਕਿ ਅੰਮ੍ਰਿਤਸਰ ਤੇ ਇਸ ਦੇ ਆਲੇ ਦੁਆਲੇ ਪੈਂਦੇ ਇਲਾਕੇ ਵਿਚ ਰਹਿੰਦੇ ਲੋਕਾਂ ਦੀ ਪੂਰਤੀ ਲਈ ਅੰਮ੍ਰਿਤਸਰ ਵਿਚ ਅਲਿਮਕੋ ਦਾ ਸਥਾਈ ਸੈਂਟਰ ਖੋਲਿਆਂ ਜਾਵੇ। ਉਨਾਂ ਕਿਹਾ ਕਿ ਇਸ ਨਾਲ ਡਾਕਟਰ ਵੱਲੋਂ ਦੱਸੀ ਗਈ ਲੋੜ ਦੇ ਅਨੁਸਾਰ ਮੌਕੇ ਉਤੇ ਜਾਂ ਇਕ-ਦੋ ਦਿਨਾਂ ਦੇ ਅੰਦਰ ਲੋੜਵੰਦ ਨੂੰ ਬਨਾਵਟੀ ਅੰਗ ਜਾਂ ਹੋਰ ਸਹਾਇਤਾ ਸਮਗਰੀ ਮਿਲ ਸਕੇਗੀ। ਉਨਾਂ ਕਿਹਾ ਕਿ ਵਿਭਾਗ ਲੋੜਵੰਦਾਂ ਦੀ ਮਦਦ ਲਈ ਤਤਪਰ ਹੈ ਅਤੇ ਛੇਤੀ ਹੀ ਅਪੰਗ ਲੋਕਾਂ ਦੀ ਸ਼ਨਾਖਤ ਨੂੰ ਸੌਖਾ ਕਰਨ ਵਾਸਤੇ ਨਵਾਂ ਨੋਟੀਫਿਕੇਸ਼ ਜਾਰੀ ਕੀਤਾ ਜਾ ਰਿਹਾ ਹੈ, ਜਿਸ ਵਿਚ ਸਰਕਾਰੀ ਡਾਕਟਰਾਂ ਦੇ ਨਾਲ ਨਾਲ ਨਿੱਜੀ ਡਾਕਟਰਾਂ ਦੁਆਰਾ ਕੀਤੀ ਗਈ ਸ਼ਨਾਖਤ ਨੂੰ ਵੀ ਮਾਨਤਾ ਦਿੱਤੀ ਜਾਵੇਗੀ।
ਇਸ ਮੌਕੇ ਜਿਲ੍ਹੇ ਦੀਆਂ ਲੋੜਾਂ ਅਤੇ ਪੂਰਤੀ ਬਾਬਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਅਲਮਿਕੋ ਦਾ ਸਾਨੂੰ ਲਗਾਤਾਰ ਸਹਿਯੋਗ ਮਿਲ ਰਿਹਾ ਹੈ ਅਤੇ ਹੁਣ ਤੱਕ ਅਸੀਂ 4 ਹਜ਼ਾਰ ਦੇ ਕਰੀਬ ਲੋੜਵੰਦ ਲੋਕਾਂ ਨੂੰ 5 ਕਰੋੜ ਰੁਪਏ ਦੇ ਬਨਾਵਟੀ ਅੰਗ ਅਤੇ ਸਹਾਇਕ ਸਮਗਰੀ ਵੰਡ ਚੁੱਕੇ ਹਾਂ, ਜੋ ਕਿ ਲਗਾਤਾਰ ਜਾਰੀ ਹੈ। ਉਨਾਂ ਦਿਵਿਆਂਗ ਬੱਚਿਆਂ ਦੀ ਸਿੱਖਿਆ ਤੇ ਸਰੀਰਕ ਵਿਕਾਸ ਬਾਰੇ ਜਿਲ੍ਹੇ ਵਿਚ ਚਲਾਏ ਜਾ ਰਹੇ ‘ਪਹਿਲ’ ਸਕੂਲ ਦਾ ਬਿਉਰਾ ਵੀ ਸ੍ਰੀ ਅਗਰਵਾਲ ਨਾਲ ਸਾਂਝਾ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਲੋੜਵੰਦ ਲੋਕਾਂ ਦੀ ਭਲਾਈ ਲਈ ਤਤਪਰ ਹੈ ਅਤੇ ਸਾਨੂੰ ਜਿੱਥੇ ਵੀ ਕੋਈ ਲੋੜਵੰਦ ਦੀ ਸੂਚਨਾ ਮਿਲਦੀ ਹੈ ਤਾਂ ਵਿਭਾਗ ਹਰ ਸੰਭਵ ਮਦਦ ਕਰਦਾ ਹੈ। ਉਨਾਂ ਅਲਿਮਕੋ ਦਾ ਸੈਂਟਰ ਖੋਲਣ ਸਬੰਧੀ ਲਏ ਗਏ ਫੈਸਲੇ ਦੀ ਸਰਾਹਨਾ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਜਿਲ੍ਹਾ ਸਮਾਜਿਕ ਸਿੱਖਿਆ ਅਫਸਰ ਸ. ਅਸੀਸ ਇੰਦਰ ਸਿੰਘ, ਡੀ ਈ ਓ ਸ੍ਰੀ ਰਾਜੇਸ਼ ਸ਼ਰਮਾ, ਡਿਪਟੀ ਡੀ ਈ ਓ ਸ੍ਰੀ ਬਲਰਾਜ ਸਿੰਘ, ਅਲਿਮਕੋ ਦੇ ਅਧਿਕਾਰੀ ਇਸ਼ਵਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।