ਬਠਿੰਡਾ, 18 ਦਸੰਬਰ : ਸਲੱਮ ਏਰੀਏ ਤੇ ਲੇਬਰ ਕਲੋਨੀ ਦੇ ਬੱਚਿਆਂ ਨੂੰ ਸਿੱਖਿਆਂ ਤੋਂ ਵਾਝਾਂ ਨਹੀਂ ਰਹਿਣ ਦਿੱਤਾ ਜਾਵੇਗਾ। ਬੱਚਿਆਂ ਨੂੰ ਸਿੱਖਿਆ ਨਾਲ ਜੋੜ ਕੇ ਉਨ੍ਹਾਂ ਦੇ ਭਵਿੱਖ ਨੂੰ ਸੁਨਿਹਰੀ ਬਣਾਇਆ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਅੱਜ ਇੱਥੇ ਸਥਾਨਕ ਲਾਲ ਕੁਆਟਰ ਖੇਤਾ ਸਿੰਘ ਬਸਤੀ ਵਿਖੇ ਝੁੱਗੀ-ਝੌਂਪੜੀਆਂ, ਸਲੱਮ ਖੇਤਰ, ਚ ਰਹਿ ਰਹੇ ਗ਼ਰੀਬ ਬੱਚਿਆਂ ਦੀ ਮੁਫ਼ਤ ਪੜ੍ਹਾਈ ਲਈ ਖੋਲ੍ਹੇ ਗਏ ਬੈਂਬੋ ਸਕੂਲ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦਾ ਬੈਂਬੋ ਸਕੂਲ ਸਥਾਨਕ ਰੋਜ ਗਾਰਡਨ ਵਿਖੇ ਵੀ ਚੱਲ ਰਿਹਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਖਾਸ ਤੌਰ ਤੇ ਬੱਚਿਆਂ ਨਾਲ ਭੂੰਝੇ ਬੈਠ ਕੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਬੱਚਿਆਂ ਦੇ ਮਾਪਿਆਂ ਨਾਲ ਵੀ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਆਪੋਂ-ਆਪਣੇ ਬੱਚਿਆਂ ਇੱਥੇ ਸਕੂਲ ਭੇਜਣਾ ਯਕੀਨੀ ਬਣਾਉਣ ਤਾਂ ਜੋ ਉਹ ਪੜ੍ਹ ਲਿਖ ਕੇ ਜਿੰਦਗੀ ਚ ਚੰਗਾ ਮੁਕਾਮ ਹਾਸਲ ਕਰਨ।
ਇਸ ਦੌਰਾਨ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਇਸ ਸਕੂਲ ਦਾ ਮੁੱਖ ਮੰਤਵ ਸਕੂਲ ਛੱਡ ਚੁੱਕੇ ਤੇ ਸਕੂਲੋਂ ਵਿਰਵੇ ਬੱਚਿਆਂ ਨੂੰ ਮੁੜ ਸਿੱਖਿਆ ਨਾਲ ਜੋੜਨਾ ਹੈ। ਇਸ ਦੌਰਾਨ ਉਨ੍ਹਾਂ ਬੱਚਿਆਂ ਨੂੰ ਸਟੇਸ਼ਨਰੀ ਅਤੇ ਸਕੂਲ ਬੈਗ ਆਦਿ ਮੁਹੱਈਆ ਕਰਵਾਏ ਗਏ।
ਇਸ ਮੌਕੇ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਇਹ ਵੀ ਕਿਹਾ ਕਿ ਜਿਨ੍ਹਾਂ ਬੱਚਿਆਂ ਦੇ ਆਧਾਰ ਕਾਰਡ ਤੇ ਜਨਮ ਸਰਟੀਫ਼ਿਕੇਟ ਨਹੀਂ ਬਣੇ ਉਹ ਵੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਸਤਾਵੇਜ਼ ਬਣਵਾਏ ਜਾਣਗੇ। ਉਨ੍ਹਾਂ ਬੱਚਿਆ ਦੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਕੋਲੋ ਉਮੀਦ ਜਤਾਈ ਕਿ ਉਹ ਬੱਚਿਆਂ ਨੂੰ ਸਿੱਖਿਆ ਨਾਲ ਜੋੜਨਗੇ ਤੇ ਉਨ੍ਹਾਂ ਦੇ ਭਵਿੱਖ ਨੂੰ ਰੌਂਸਨ ਕਰਨਗੇ।
ਇਸ ਮੌਕੇ ਸਕੱਤਰ ਰੈੱਡ ਕਰਾਸ ਸ਼੍ਰੀ ਦਰਸ਼ਨ ਕੁਮਾਰ, ਜ਼ਿਲ੍ਹਾ ਵਿਕਾਸ ਫੈਲੋ ਅਫ਼ਸਰ ਸ਼੍ਰੀ ਵਿਜੈ ਕੁਮਾਰ ਤੋਂ ਇਲਾਵਾ ਅਧਿਆਪਕ, ਬੱਚੇ ਤੇ ਉਨ੍ਹਾਂ ਦੇ ਮਾਪੇ ਆਦਿ ਹਾਜ਼ਰ ਸਨ।