ਨਸ਼ਿਆਂ ਸਬੰਧੀ ਨੌਜਵਾਨਾ ਦੀਆਂ ਅੱਖਾਂ ਖੋਲਣ ਲਈ ਪੰਜਾਬ ਪੁਲਿਸ ਨੇ ਕਰਵਾਇਆਂ ਜਾਗਰੂਕਤਾ ਪ੍ਰੋਗਰਾਮ

ਅੰਮ੍ਰਿਤਸਰ, 18 ਦਸੰਬਰ 2023 –

        ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਨੇ ਨੌਜਵਾਨਾਂ ਤੇ ਬੱਚਿਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂੰ ਕਰਵਾਉਣ ਲਈ ਨਿਵੇਕਲੀ ਕਿਸਮ ਦਾ ਜਾਗਰੂਕਤਾ ਪ੍ਰੋਗਰਾਮ ਮਾਨਾਵਾਂਲਾ ਦੇ ਖੇਡ ਸਟੇਡੀਅਮ ਵਿਚ ਕਰਵਾਇਆ। ਇਸ ਵਿਚ ਜਿੱਥੇ ਬੁਲਾਰਿਆਂ ਨੇ ਆਪਣੀ ਦਲੀਲਾਂ ਦੇ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ। ਉਥੇ ਨਾਟਕ ਮੰਡਲੀਆਂ ਨੇ ਨਸ਼ਿਆਂ ਨਾਲ ਉਜੜਦੇ ਘਰਾਂ ਦਾ ਬਿਰਤਾਂਤ ਸਿਰਜਕੇ ਕੋਮਲ ਮਨਾਂ ਨੂੰ ਝੰਜੜਿਆ। ਹਾਕੀ ਦੇ ਵੱਡੇ ਖਿਡਾਰੀ ਐਸ ਪੀ ਜੁਗਰਾਜ ਸਿੰਘ, ਉਲੰਪੀਅਨ ਰੁਪਿੰਦਰਪਾਲ ਸਿੰਘ ਅਤੇ ਅਥਲੀਟ ਐਸ ਪੀ ਜਸਵੰਤ ਕੌਰ ਦੀ ਸ਼ਾਨਮਤੀ ਦਿੱਖ ਨੇ ਬੱਚਿਆਂ ਨੂੰ ਖੇਡ ਮੈਦਾਨਾਂ ਵੱਲ ਖਿੱਚਿਆ। ਨਸ਼ਾ ਛੱਡ ਕੇ ਮੁੱਖ ਧਾਰਾ ਵਿਚ ਆਏ ਨੌਜਵਾਨਾਂ ਨੂੰ ਵੀ ਬੱਚਿਆਂ ਦੇ ਰੂ ਬ ਰੂ ਕੀਤਾ ਗਿਆ ਤਾਂ ਜੋ ਮੋਹਤਬਰ ਲੋਕ ਆਪਣੇ ਆਲੇ ਦੁਆਲੇ ਰਹਿੰਦੇ ਨਸ਼ੇ ਦੇ ਇੰਨਾ ਮਰੀਜਾਂ ਦਾ ਇਲਾਜ ਕਰਵਾਉਣ ਲਈ ਅੱਗੇ ਆ ਸਕਣ। ਪੰਜਾਬ ਦੇ ਪ੍ਰਸਿਧ ਗਾਇਕ ਜਾਰਡਨ ਸੰਧੂ ਨੇ ਪ੍ਰੋਗਰਾਮ ਵਿਚ ਆਪਣੇ ਗੀਤਾਂ ਦੇ ਮੁਖੜੇ ਸੁਣਾ ਕੇ ਬੱਚਿਆਂ ਦਾ ਮਨੋਰੰਜਨ ਕਰਨ ਦੇ ਨਾਲੑਨਾਲ ਪੰਜਾਬ ਪੁਲਿਸ ਵੱਲੋਂ ਕੀਤੀ ਇਸ ਕੋਸ਼ਿਸ਼ ਦੀ ਰੱਜਵੀਂ ਸਰਾਹਨਾ ਕੀਤੀ। ਉਨਾਂ ਬੱਚਿਆਂ ਨੂੰ ਚੰਗੇ ਦੋਸਤ ਬਨਾਉਣ ਦਾ ਸੱਦਾ ਦਿੰਦੇ ਕਿਹਾ ਕਿ ਜਿਸ ਬੱਚੇ ਦੀ ਸੰਗਤ ਚੰਗੀ ਹੈ, ਉਸ ਬੱਚੇ ਨੂੰ ਸਫਲਤਾ ਮਿਲਣੀ ਯਕੀਨੀ ਹੈ। ਜਿਲ੍ਹਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ, ਜਿੰਨਾ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਬੜੀ ਸਫਲਤਾ ਨਾਲ ਸੰਪੂਰਨ ਹੋਇਆ ਨੇ ਸਟੇਜ ਤੋਂ ਸੰਬੋਧਨ ਹੁੰਦੇ ਸੱਦਾ ਦਿੱਤਾ ਕਿ ਜੇਕਰ ਲੋਕ ਨਸ਼ੇ ਦੇ ਗੰਭੀਰ ਮੁੱਦੇ ਉਤੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਲਈ ਅੱਗੇ ਆ ਜਾਣ ਤਾਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਕੋਈ ਵੱਡੀ ਗੱਲ ਨਹੀਂ ਹੈ। ਉਨਾਂ ਕਿਹਾ ਕਿ ਪੰਜਾਬ ਪੁਲਿਸ ਲਗਾਤਾਰ ਨਸ਼ੇ ਵਿਰੁੱਧ ਕੰਮ ਕਰ ਰਹੀ ਹੈ, ਪਰ ਲੋਕਾਂ ਦੀ ਚੁੱਪ ਨਾਲ ਕਈ ਲੋਕ ਕਾਨੂੰਨ ਤੋਂ ਕੁੱਝ ਚਿਰ ਲਈ ਬਚ ਜਾਂਦੇ ਹਨ ਅਤੇ ਜਿੰਨਾ ਚਿਰ ਤੱਕ ਪੁਲਿਸ ਉਨਾਂ ਨੂੰ ਆਪਣੀ ਗ੍ਰਿਫਤ ਵਿਚ ਲੈਂਦੀ ਹੈ, ਤਦ ਤੱਕ ਉਹ ਕਈ ਲੋਕਾਂ ਨੂੰ ਨਸ਼ੇ ਉਤੇ ਲਗਾ ਚੁੱਕੇ ਹੁੰਦੇ ਹਨ।

          ਇਸ ਮੌਕੇ ਕੈਬਨਿਟ ਮੰਤਰੀ ਸ। ਹਰਭਜਨ ਸਿੰਘ, ਜੋ ਕਿ ਚੰਡੀਗੜ੍ਹ ਹੋਣ ਕਾਰਨ ਪ੍ਰੋਗਰਾਮ ਵਿਚ ਨਹੀਂ ਆ ਸਕੇ, ਨੇ ਸੰਚਾਰ ਸਾਧਨ ਨਾਲ ਲੋਕਾਂ ਦੇ ਰੂਬਰੂ ਹੁੰਦੇ ਪੁਲਿਸ ਵੱਲੋਂ ਕੀਤੇ ਇਸ ਪ੍ਰੋਗਰਾਮ ਦੀ ਸਿਫ਼ਤ ਕਰਦੇ ਕਿਹਾ ਕਿ ਮੁੱਖ ਮੰਤਰੀ ਸ। ਭਗਵੰਤ ਸਿੰਘ ਮਾਨ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਲਈ ਯਤਨਸ਼ੀਲ ਹਨ ਅਤੇ ਅਸੀਂ ਸਾਰੇ ਉਨਾਂ ਦੇ ਇਸ ਸੁਪਨੇ ਨੂੰ ਸਕਾਰ ਕਰਨ ਲਈ ਕੰਮ ਕਰ ਰਹੇ ਹਾਂ, ਪਰ ਇਹ ਸੁਪਨਾ ਲੋਕਾਂ  ਦੀ ਮਦਦ ਬਿਨਾਂ ਸੱਚ ਨਹੀਂ ਹੋ ਸਕਦਾ, ਸੋ ਆਉ ਸਾਰੇ ਮਿਲ ਕੇ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਸਰਕਾਰ ਦਾ ਸਾਥ ਦਈਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਪੀ ਗੁਰਪ੍ਰਤਾਪ ਸਿੰਘ ਸਹੋਤਾ, ਸਰਪੰਚ ਸੁਖਰਾਜ ਸਿੰਘ ਮਾਨਾਂਵਾਲਾ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ। ਸਟੇਜ ਸੈਕਟਰੀ ਸ। ਅਰਵਿੰਦਰ ਸਿੰਘ ਭੱਟੀ ਬਾਖੂਬੀ ਮੰਚ ਸੰਚਾਲਨ ਕਰਦੇ ਹੋਏ ਨਸ਼ਿਆਂ ਖਿਲਾਫ ਲਹਿਰ ਖੜੀ ਕਰਨ ਲਈ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਲਗਾਤਾਰ ਸਟੇਜ ਤੋਂ ਦਿੰਦੇ ਰਹੇ।

[wpadcenter_ad id='4448' align='none']