ਬਿਲਾਵਲੁ ਮਹਲਾ ੩ ॥
ਆਦਿ ਪੁਰਖੁ ਆਪੇ ਸ੍ਰਿਸਟਿ ਸਾਜੇ ॥ ਜੀਅ ਜੰਤ ਮਾਇਆ ਮੋਹਿ ਪਾਜੇ ॥ ਦੂਜੈ ਭਾਇ ਪਰਪੰਚਿ ਲਾਗੇ ॥ ਆਵਹਿ ਜਾਵਹਿ ਮਰਹਿ ਅਭਾਗੇ ॥ ਸਤਿਗੁਰਿ ਭੇਟਿਐ ਸੋਝੀ ਪਾਇ ॥ ਪਰਪੰਚੁ ਚੂਕੈ ਸਚਿ ਸਮਾਇ ॥੧॥ ਜਾ ਕੈ ਮਸਤਕਿ ਲਿਖਿਆ ਲੇਖੁ ॥ ਤਾ ਕੈ ਮਨਿ ਵਸਿਆ ਪ੍ਰਭੁ ਏਕੁ ॥੧॥ ਰਹਾਉ ॥ ਸ੍ਰਿਸਟਿ ਉਪਾਇ ਆਪੇ ਸਭੁ ਵੇਖੈ ॥ ਕੋਇ ਨ ਮੇਟੈ ਤੇਰੈ ਲੇਖੈ ॥ ਸਿਧ ਸਾਧਿਕ ਜੇ ਕੋ ਕਹੈ ਕਹਾਏ ॥ ਭਰਮੇ ਭੂਲਾ ਆਵੈ ਜਾਏ ॥ ਸਤਿਗੁਰੁ ਸੇਵੈ ਸੋ ਜਨੁ ਬੂਝੈ ॥ ਹਉਮੈ ਮਾਰੇ ਤਾ ਦਰੁ ਸੂਝੈ ॥੨॥ ਏਕਸੁ ਤੇ ਸਭੁ ਦੂਜਾ ਹੂਆ ॥ ਏਕੋ ਵਰਤੈ ਅਵਰੁ ਨ ਬੀਆ ॥ ਦੂਜੇ ਤੇ ਜੇ ਏਕੋ ਜਾਣੈ ॥ ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥ ਸਤਿਗੁਰੁ ਭੇਟੇ ਤਾ ਏਕੋ ਪਾਏ ॥ ਵਿਚਹੁ ਦੂਜਾ ਠਾਕਿ ਰਹਾਏ ॥੩॥ ਜਿਸ ਦਾ ਸਾਹਿਬੁ ਡਾਢਾ ਹੋਇ ॥ ਤਿਸ ਨੋ ਮਾਰਿ ਨ ਸਾਕੈ ਕੋਇ ॥ ਸਾਹਿਬ ਕੀ ਸੇਵਕੁ ਰਹੈ ਸਰਣਾਈ ॥ ਆਪੇ ਬਖਸੇ ਦੇ ਵਡਿਆਈ ॥ ਤਿਸ ਤੇ ਊਪਰਿ ਨਾਹੀ ਕੋਇ ॥ ਕਉਣੁ ਡਰੈ ਡਰੁ ਕਿਸ ਕਾ ਹੋਇ ॥੪॥ ਗੁਰਮਤੀ ਸਾਂਤਿ ਵਸੈ ਸਰੀਰ ॥ ਸਬਦੁ ਚੀਨਿੑ ਫਿਰਿ ਲਗੈ ਨ ਪੀਰ ॥ ਆਵੈ ਨ ਜਾਇ ਨਾ ਦੁਖੁ ਪਾਏ ॥ ਨਾਮੇ ਰਾਤੇ ਸਹਜਿ ਸਮਾਏ ॥ ਨਾਨਕ ਗੁਰਮੁਖਿ ਵੇਖੈ ਹਦੂਰਿ ॥ ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥੫॥ ਇਕਿ ਸੇਵਕ ਇਕਿ ਭਰਮਿ ਭੁਲਾਏ ॥ ਆਪੇ ਕਰੇ ਹਰਿ ਆਪਿ ਕਰਾਏ ॥ ਏਕੋ ਵਰਤੈ ਅਵਰੁ ਨ ਕੋਇ ॥ ਮਨਿ ਰੋਸੁ ਕੀਜੈ ਜੇ ਦੂਜਾ ਹੋਇ ॥ ਸਤਿਗੁਰੁ ਸੇਵੇ ਕਰਣੀ ਸਾਰੀ ॥ ਦਰਿ ਸਾਚੈ ਸਾਚੇ ਵੀਚਾਰੀ ॥੬॥ ਥਿਤੀ ਵਾਰ ਸਭਿ ਸਬਦਿ ਸੁਹਾਏ ॥ ਸਤਿਗੁਰੁ ਸੇਵੇ ਤਾ ਫਲੁ ਪਾਏ ॥ ਥਿਤੀ ਵਾਰ ਸਭਿ ਆਵਹਿ ਜਾਹਿ ॥ ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ ॥ ਥਿਤੀ ਵਾਰ ਤਾ ਜਾ ਸਚਿ ਰਾਤੇ ॥ ਬਿਨੁ ਨਾਵੈ ਸਭਿ ਭਰਮਹਿ ਕਾਚੇ ॥੭॥ ਮਨਮੁਖ ਮਰਹਿ ਮਰਿ ਬਿਗਤੀ ਜਾਹਿ ॥ ਏਕੁ ਨ ਚੇਤਹਿ ਦੂਜੈ ਲੋਭਾਹਿ ॥ ਅਚੇਤ ਪਿੰਡੀ ਅਗਿਆਨ ਅੰਧਾਰੁ ॥ ਬਿਨੁ ਸਬਦੈ ਕਿਉ ਪਾਏ ਪਾਰੁ ॥ ਆਪਿ ਉਪਾਏ ਉਪਾਵਣਹਾਰੁ ॥ ਆਪੇ ਕੀਤੋਨੁ ਗੁਰ ਵੀਚਾਰੁ ॥੮॥ ਬਹੁਤੇ ਭੇਖ ਕਰਹਿ ਭੇਖਧਾਰੀ ॥ ਭਵਿ ਭਵਿ ਭਰਮਹਿ ਕਾਚੀ ਸਾਰੀ ॥ ਐਥੈ ਸੁਖੁ ਨ ਆਗੈ ਹੋਇ ॥ ਮਨਮੁਖ ਮੁਏ ਅਪਣਾ ਜਨਮੁ ਖੋਇ ॥ ਸਤਿਗੁਰੁ ਸੇਵੇ ਭਰਮੁ ਚੁਕਾਏ ॥ ਘਰ ਹੀ ਅੰਦਰਿ ਸਚੁ ਮਹਲੁ ਪਾਏ ॥੯॥ ਆਪੇ ਪੂਰਾ ਕਰੇ ਸੁ ਹੋਇ ॥ ਏਹਿ ਥਿਤੀ ਵਾਰ ਦੂਜਾ ਦੋਇ ॥ ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥ ਇਕਤੁ ਨਾਮਿ ਸਦਾ ਰਹਿਆ ਸਮਾਇ ॥੧੦॥੨॥
ਸੋਮਵਾਰ, ੧੦ ਪੋਹ (ਸੰਮਤ ੫੫੫ ਨਾਨਕਸ਼ਾਹੀ) (ਅੰਗ: ੮੪੨)
ਪੰਜਾਬੀ ਵਿਆਖਿਆ
ਹੇ ਭਾਈ! ਸਾਰੇ ਜਗਤ ਦਾ ਮੂਲ ਅਕਾਲ ਪੁਰਖ ਆਪ ਹੀ ਜਗਤ ਨੂੰ ਪੈਦਾ ਕਰਦਾ ਹੈ, (ਕੀਤੇ ਕਰਮਾਂ ਅਨੁਸਾਰ) ਜੀਵਾਂ ਨੂੰ (ਉਸ ਨੇ) ਮਾਇਆ ਦੇ ਮੋਹ ਵਿਚ ਜੋੜਿਆ ਹੋਇਆ ਹੈ । (ਜੀਵ ਪਰਮਾਤਮਾ ਨੂੰ ਭੁਲਾ ਕੇ) ਹੋਰ ਪਿਆਰ ਵਿਚ ਦਿੱਸਦੇ ਜਗਤ ਦੇ ਮੋਹ ਵਿਚ ਫਸੇ ਰਹਿੰਦੇ ਹਨ, (ਇਹੋ ਜਿਹੇ) ਭਾਗਹੀਨ ਜੀਵ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਆਤਮਕ ਮੌਤ ਸਹੇੜੀ ਰੱਖਦੇ ਹਨ ।ਜੇ (ਕਿਸੇ ਭਾਗਾਂ ਵਾਲੇ ਨੂੰ) ਗੁਰੂ ਮਿਲ ਪਏ, ਤਾਂ ਉਹ (ਆਤਮਕ ਜੀਵਨ ਦੀ) ਸਮਝ ਹਾਸਲ ਕਰ ਲੈਂਦਾ ਹੈ, (ਉਸ ਦੇ ਅੰਦਰੋਂ) ਜਗਤ ਦਾ ਮੋਹ ਮੁੱਕ ਜਾਂਦਾ ਹੈ, (ਉਹ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ।੧।ਹੇ ਭਾਈ! ਜਿਸ ਮਨੁੱਖ ਦੇ ਮੱਥੇ ਉੱਤੇ (ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਵਲੋਂ) ਲੇਖ ਲਿਖਿਆ ਹੁੰਦਾ ਹੈ, ਉਸ (ਮਨੁੱਖ) ਦੇ ਮਨ ਵਿਚ ਇਕ ਪਰਮਾਤਮਾ (ਹੀ) ਟਿਕਿਆ ਰਹਿੰਦਾ ਹੈ ।੧।ਰਹਾਉ।ਹੇ ਭਾਈ! ਜਗਤ ਪੈਦਾ ਕਰ ਕੇ (ਪਰਮਾਤਮਾ) ਆਪ ਹੀ ਹਰੇਕ ਦੀ ਸੰਭਾਲ ਕਰਦਾ ਹੈ । (ਹੇ ਪ੍ਰਭੂ! ਜੀਵ ਦੇ ਕੀਤੇ ਕਰਮਾਂ ਅਨੁਸਾਰ ਉਸ ਦੇ ਮੱਥੇ ਉੱਤੇ ਜਿਹੜਾ ਲੇਖ ਤੂੰ ਲਿਖਦਾ ਹੈਂ) ਤੇਰੇ (ਉਸ ਲਿਖੇ) ਲੇਖ ਨੂੰ ਕੋਈ ਜੀਵ (ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ ।ਹੇ ਭਾਈ! (ਆਪਣੀ ਹਉਮੈ ਦੇ ਆਸਰੇ) ਜੇ ਕੋਈ ਮਨੁੱਖ (ਆਪਣੇ ਆਪ ਨੂੰ) ਸਿੱਧ ਆਖਦਾ ਅਖਵਾਂਦਾ ਹੈ, ਸਾਧਿਕ ਆਖਦਾ ਅਖਵਾਂਦਾ ਹੈ, ਉਹ ਮਨੁੱਖ (ਹਉਮੈ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।ਹੇ ਭਾਈ! ਜਿਹੜਾ ਮਨੁੱਖ (ਆਪਣੀ ਹਉਮੈ ਦੀ ਟੇਕ ਛੱਡ ਕੇ) ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ (ਜੀਵਨ ਦਾ ਸਹੀ ਰਸਤਾ ਸਮਝ ਪੈਂਦਾ ਹੈ । ਜਦੋਂ ਮਨੁੱਖ (ਆਪਣੇ ਅੰਦਰੋਂ) ਹਉਮੈ ਮੁਕਾਂਦਾ ਹੈ, ਤਦੋਂ (ਉਸ ਨੂੰ ਪਰਮਾਤਮਾ ਦਾ) ਦਰ ਦਿੱਸ ਪੈਂਦਾ ਹੈ ।੨।ਹੇ ਭਾਈ! (ਪਰਮਾਤਮਾ ਤੋਂ) ਵੱਖਰਾ ਦਿੱਸਦਾ ਇਹ ਸਾਰਾ ਜਗਤ ਇਕ ਪਰਮਾਤਮਾ ਤੋਂ ਹੀ ਬਣਿਆ ਹੈ । (ਸਾਰੇ ਜਗਤ ਵਿਚ) ਇਕ ਪ੍ਰਭੂ ਹੀ ਮੌਜੂਦ ਹੈ, (ਉਸ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ ਹੈ ।ਜੇ (ਮਨੁੱਖ) ਇਸ ਵੱਖਰੇ ਦਿੱਸ ਰਹੇ ਜਗਤ (ਦੇ ਮੋਹ) ਤੋਂ (ਉੱਚਾ ਹੋ ਕੇ) ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖੇ, ਤਾਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਰਾਹਦਾਰੀ ਸਮੇਤ (ਬਿਨਾ ਰੋਕ-ਟੋਕ) ਪ੍ਰਭੂ ਦੇ ਦਰ ਤੇ (ਪਹੁੰਚ ਜਾਂਦਾ ਹੈ) ।ਜੇ (ਮਨੁੱਖ ਨੂੰ) ਗੁਰੂ ਮਿਲ ਪਏ, ਤਾਂ ਉਹ ਉਸ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ, ਅਤੇ (ਆਪਣੇ) ਅੰਦਰੋਂ ਵੱਖਰੇ ਦਿੱਸ ਰਹੇ ਜਗਤ ਦਾ ਮੋਹ ਰੋਕ ਰੱਖਦਾ ਹੈ ।੩।ਹੇ ਭਾਈ! (ਮਾਇਆ ਦੇ ਕਾਮਾਦਿਕ ਸੂਰਮੇ ਹਨ ਤਾਂ ਬੜੇ ਬਲੀ, ਪਰ) ਜਿਸ ਮਨੁੱਖ ਦੇ ਸਿਰ ਉੱਤੇ ਰਾਖਾ ਸਭ ਤੋਂ ਬਲੀ ਮਾਲਕ-ਪ੍ਰਭੂ ਆਪ ਹੋਵੇ, ਉਸ ਨੂੰ ਕੋਈ (ਕਾਮਾਦਿਕ ਵੈਰੀ) ਢਾਹ ਨਹੀਂ ਸਕਦਾ । (ਕਿਉਂਕਿ) ਸੇਵਕ (ਆਪਣੇ) ਮਾਲਕ-ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਉਹ ਆਪ ਹੀ (ਉਸ ਉਤੇ) ਬਖ਼ਸ਼ਸ਼ ਕਰਦਾ ਹੈ, (ਤੇ, ਉਸ ਨੂੰ) ਇੱਜ਼ਤ ਦੇਂਦਾ ਹੈ ।ਹੇ ਭਾਈ! ਉਸ (ਪਰਮਾਤਮਾ) ਨਾਲੋਂ ਵੱਡਾ ਹੋਰ ਕੋਈ ਨਹੀਂ ਹੈ (ਸੇਵਕ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ, ਇਸ ਵਾਸਤੇ) ਕਿਸੇ ਤੋਂ ਨਹੀਂ ਡਰਦਾ, ਉਸ ਨੂੰ ਕਿਸੇ (ਕਾਮਾਦਿਕ ਵੈਰੀ) ਦਾ ਡਰ-ਦਬਾਉ ਨਹੀਂ ਹੁੰਦਾ ।੪।ਹੇ ਭਾਈ! ਗੁਰੂ ਦੀ ਮਤਿ ਉੱਤੇ ਤੁਰ ਕੇ (ਵਡਭਾਗੀ ਮਨੁੱਖ ਦੇ) ਹਿਰਦੇ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ (ਕਾਮਾਦਿਕ ਵੈਰੀ ਤੋਂ ਕੋਈ) ਕਲੇਸ਼ ਨਹੀਂ ਪੋਹ ਸਕਦਾ । ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ (ਇਸ ਗੇੜ ਦਾ) ਦੁੱਖ ਨਹੀਂ ਸਹਾਰਦਾ । ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ।ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਪਰਮਾਤਮਾ ਨੂੰ ਆਪਣੇ) ਅੰਗ-ਸੰਗ ਵੱਸਦਾ ਵੇਖਦਾ ਹੈ (ਅਤੇ ਆਖਦਾ ਹੈ ਕਿ) ਮੇਰਾ ਪਰਮਾਤਮਾ ਸਦਾ ਹਰ ਥਾਂ ਮੌਜੂਦ ਹੈ ।੫।ਹੇ ਭਾਈ! (ਸਭ ਜੀਵਾਂ ਵਿਚ ਵਿਆਪਕ ਹੋ ਕੇ) ਪਰਮਾਤਮਾ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ, ਕਈ (ਜੀਵਾਂ ਨੂੰ ਉਸ ਨੇ ਆਪਣੇ) ਸੇਵਕ ਬਣਾਇਆ ਹੋਇਆ ਹੈ, ਅਤੇ ਕਈ ਜੀਵਾਂ ਨੂੰ ਭਟਕਣਾ (ਪਾ ਕੇ) ਕੁਰਾਹੇ ਪਾਇਆ ਹੋਇਆ ਹੈ । (ਹਰ ਥਾਂ) ਪਰਮਾਤਮਾ ਆਪ ਹੀ ਮੌਜੂਦ ਹੈ, (ਉਸ ਤੋਂ ਬਿਨਾ) ਹੋਰ ਕੋਈ ਨਹੀਂ ਹੈ । (ਕਿਸੇ ਨੂੰ ਗੁਰਮੁਖ ਅਤੇ ਕਿਸੇ ਨੂੰ ਮਨਮੁਖ ਵੇਖ ਕੇ) ਮਨ ਵਿਚ ਗਿਲਾ ਤਾਂ ਹੀ ਕੀਤਾ ਜਾਏ ਜੇ (ਪਰਮਾਤਮਾ ਤੋਂ ਬਿਨਾ ਕਿਤੇ) ਕੋਈ ਹੋਰ ਹੋਵੇ ।ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ, ਵਿਚਾਰਵਾਨ (ਮੰਨੇ ਜਾਂਦੇ) ਹਨ (ਗੁਰੂ ਦੀ ਸਰਨ ਪਏ ਰਹਿਣਾ ਹੀ) ਸਭ ਤੋਂ ਸ੍ਰੇਸ਼ਟ ਕਰਤੱਬ ਹੈ ।੬।ਹੇ ਭਾਈ! (ਲੋਕ ਖ਼ਾਸ ਖ਼ਾਸ ਥਿੱਤਾਂ ਤੇ ਵਾਰਾਂ ਨੂੰ ਪਵਿੱਤਰ ਮੰਨ ਕੇ ਖ਼ਾਸ ਖ਼ਾਸ ਧਾਰਮਿਕ ਕਰਮ ਕਰਦੇ ਹਨ ਅਤੇ ਖ਼ਾਸ ਖ਼ਾਸ ਫਲ ਮਿਲਣ ਦੀ ਆਸ ਰੱਖਦੇ ਹਨ, ਪਰ) ਸਾਰੀਆਂ ਥਿੱਤਾਂ ਸਾਰੇ ਵਾਰ (ਤਦੋਂ ਹੀ) ਸੋਹਣੇ ਹਨ (ਜੇ ਮਨੁੱਖ ਗੁਰੂ ਦੇ) ਸ਼ਬਦ ਵਿਚ (ਜੁੜੇ ਰਹਿਣ) । (ਮਨੁੱਖ) ਗੁਰੂ ਦੀ ਸਰਨ ਪਏ, ਤਦੋਂ ਹੀ (ਮਨੁੱਖਾ ਜੀਵਨ ਦਾ ਸ੍ਰੇਸ਼ਟ) ਫਲ ਹਾਸਲ ਕਰਦਾ ਹੈ । ਇਹ ਥਿੱਤਾਂ ਇਹ ਵਾਰ ਸਾਰੇ ਆਉਂਦੇ ਹਨ ਅਤੇ ਲੰਘ ਜਾਂਦੇ ਹਨ । ਗੁਰੂ ਦਾ ਸ਼ਬਦ (ਹੀ) ਅਟੱਲ ਰਹਿਣ ਵਾਲਾ ਹੈ (ਸ਼ਬਦ ਦੀ ਬਰਕਤ ਨਾਲ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸਦਾ ਲੀਨ ਰਹਿ ਸਕਦੇ ਹਨ, (ਇਹ) ਥਿੱਤਾਂ ਤੇ ਵਾਰ ਤਦੋਂ ਹੀ (ਮਨੁੱਖਾਂ ਲਈ ਭਲੇ ਹੁੰਦੇ ਹਨ) ਜਦੋਂ ਮਨੁੱਖ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ । ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਸਾਰੇ ਜੀਵ ਕਮਜ਼ੋਰ ਆਤਮਕ ਜੀਵਨ ਵਾਲੇ (ਹੋਣ ਕਰ ਕੇ) ਭਟਕਦੇ ਰਹਿੰਦੇ ਹਨ ।੭।ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ, ਆਤਮਕ ਮੌਤੇ ਮਰ ਕੇ (ਜਗਤ ਤੋਂ) ਮੰਦੀ ਆਤਮਕ ਹਾਲਤ ਵਿਚ ਹੀ ਜਾਂਦੇ ਹਨ (ਕਿਉਂਕਿ) ਉਹ (ਕਦੇ) ਪਰਮਾਤਮਾ ਦਾ ਸਿਮਰਨ ਨਹੀਂ ਕਰਦੇ; ਅਤੇ ਮਾਇਆ ਦੇ ਮੋਹ ਵਿਚ ਹੀ ਫਸੇ ਰਹਿੰਦੇ ਹਨ ।ਹੇ ਭਾਈ! ਮੂਰਖ ਮਤਿ ਵਾਲਾ ਮਨੁੱਖ, ਆਤਮਕ ਜੀਵਨ ਵਲੋਂ ਬੇ-ਸਮਝ ਮਨੁੱਖ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ (ਵਿਕਾਰਾਂ-ਭਰੇ ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਨਹੀਂ ਲੱਭ ਸਕਦਾ (ਉਹ ਸਦਾ ਵਿਕਾਰਾਂ ਵਿਚ ਹੀ ਡੁੱਬਾ ਰਹਿੰਦਾ ਹੈ) । (ਪਰ ਜੀਵ ਦੇ ਵੱਸ ਦੀ ਗੱਲ ਨਹੀਂ), (ਜੀਵਾਂ ਨੂੰ) ਪੈਦਾ ਕਰਨ ਦੀ ਸਮਰਥਾ ਵਾਲੇ ਪਰਮਾਤਮਾ ਨੇ ਆਪ (ਹੀ ਜੀਵਾਂ ਨੂੰ) ਪੈਦਾ ਕੀਤਾ ਹੈ, (ਉਸ ਨੇ) ਆਪ ਹੀ (ਸਹੀ ਜੀਵਨ ਬਾਰੇ) ਗੁਰੂ ਦਾ (ਦੱਸਿਆ) ਵਿਚਾਰ ਬਣਾਇਆ ਹੋਇਆ ਹੈ (ਗੁਰੂ ਦੇ ਰਸਤੇ ਉੱਤੇ ਉਹ ਆਪ ਹੀ ਜੀਵਾਂ ਨੂੰ ਤੋਰਦਾ ਹੈ) ।੮।ਹੇ ਭਾਈ! ਨਿਰੇ ਧਾਰਮਿਕ ਪਹਿਰਾਵੇ ਦਾ ਆਸਰਾ ਲੈਣ ਵਾਲੇ ਮਨੁੱਖ ਅਨੇਕਾਂ ਭੇਖ ਕਰਦੇ ਰਹਿੰਦੇ ਹਨ, (ਤੀਰਥ ਆਦਿਕ ਕਈ ਥਾਈਂ) ਭੌਂ ਭੋਂ ਕੇ ਭਟਕਦੇ ਰਹਿੰਦੇ ਹਨ, (ਅਜਿਹੇ ਮਨੁੱਖ) ਕੱਚੀਆਂ ਨਰਦਾਂ (ਵਾਂਗ ਵਿਕਾਰਾਂ ਤੋਂ ਮਾਰ ਖਾਂਦੇ ਹੀ ਰਹਿੰਦੇ ਹਨ) ਉਹਨਾਂ ਨੂੰ ਆਤਮਕ ਆਨੰਦ ਨਾਹ ਇਸ ਲੋਕ ਵਿਚ ਮਿਲਦਾ ਹੈ ਨਾਹ ਪਰਲੋਕ ਵਿਚ ਮਿਲਦਾ ਹੈ । ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਅਜਿਹੇ ਮਨੁੱਖ) ਆਪਣਾ ਮਨੁੱਖ ਜਨਮ ਅਜਾਈਂ ਗਵਾ ਕੇ ਆਤਮਕ ਮੌਤੇ ਮਰੇ ਰਹਿੰਦੇ ਹਨ ।ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਆਪਣੇ ਅੰਦਰੋਂ) ਭਟਕਣਾ ਮੁਕਾ ਲੈਂਦਾ ਹੈ, ਉਹ ਆਪਣੇ ਹਿਰਦੇ-ਘਰ ਵਿਚ ਹੀ ਸਦਾ-ਥਿਰ ਪ੍ਰਭੂ ਦਾ ਟਿਕਾਣਾ ਲੱਭ ਲੈਂਦਾ ਹੈ (ਉਸ ਨੂੰ ਥਿੱਤਾਂ ਆਦਿਕ ਦਾ ਆਸਰਾ ਲੈ ਕੇ ਤੀਰਥ ਆਦਿਕਾਂ ਤੇ ਭਟਕਣ ਦੀ ਲੋੜ ਨਹੀਂ ਪੈਂਦੀ) ।੯।ਹੇ ਭਾਈ! ਪੂਰਨ ਪ੍ਰਭੂ ਆਪ ਹੀ (ਜੋ ਕੁਝ) ਕਰਦਾ ਹੈ ਉਹ ਹੁੰਦਾ ਹੈ (ਖ਼ਾਸ ਖ਼ਾਸ ਥਿੱਤਾਂ ਨੂੰ ਚੰਗੀਆਂ ਜਾਣ ਕੇ ਭਟਕਦੇ ਨਾਹ ਫਿਰੋ, ਸਗੋਂ) ਇਹ ਥਿੱਤਾਂ ਇਹ ਵਾਰ ਮਨਾਣੇ ਤਾਂ ਮਾਇਆ ਦਾ ਮੋਹ ਪੈਦਾ ਕਰਨ ਦਾ ਕਾਰਣ ਬਣਦੇ ਹਨ, ਮੇਰ-ਤੇਰ ਪੈਦਾ ਕਰਦੇ ਹਨ ।ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨੁੱਖ (ਆਤਮਕ ਜੀਵਨ ਵਲੋਂ) ਪੂਰੇ ਤੌਰ ਤੇ ਅੰਨ੍ਹਾ ਹੋਇਆ ਰਹਿੰਦਾ ਹੈ, (ਗੁਰੂ ਦਾ ਆਸਰਾ-ਪਰਨਾ ਛੱਡ ਕੇ) ਮੂਰਖ ਮਨੁੱਖ ਹੀ ਥਿੱਤਾਂ ਤੇ ਵਾਰ ਮਨਾਂਦੇ ਫਿਰਦੇ ਹਨ ।ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਜਿਹੜਾ ਮਨੁੱਖ) ਸਮਝਦਾ ਹੈ, ਉਸ ਨੂੰ (ਆਤਮਕ ਜੀਵਨ ਦੀ) ਸੂਝ ਆ ਜਾਂਦੀ ਹੈ, ਉਹ ਮਨੁੱਖ ਸਦਾ ਸਿਰਫ਼ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ।੧੦।੨।