ਐਸ.ਏ.ਐਸ.ਨਗਰ, 26 ਦਸੰਬਰ, 2023:
ਮੋਹਾਲੀ ਦੇ ਸੈਕਟਰ 78 ਵਿੱਚ ਉਸਾਰੀ ਅਧੀਨ ਮਕਾਨ ਦੀ ਜ਼ਮੀਨਦੋਜ਼ ਪਾਣੀ ਦੀ ਟੈਂਕੀ ਵਿੱਚ ਡੁੱਬਣ ਨਾਲ ਇੱਕ ਛੋਟੇ ਬੱਚੇ ਦੀ ਅਚਾਨਕ ਹੋਈ ਮੌਤ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ ਮੋਹਾਲੀ ਨੂੰ ਮਾਮਲੇ ਦੀ ਜਾਂਚ ਕਰਨ ਲਈ ਆਖਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਜਿਸ ਵਿੱਚ ਇੱਕ ਗਰੀਬ ਮਜ਼ਦੂਰ ਦੇ ਦੋ ਸਾਲਾਂ ਦੇ ਬੇਟੇ ਦੀ ਵਿੱਚ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਡੀਐਮ ਚੰਦਰਜੋਤ ਸਿੰਘ ਨੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਾਲ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਅਗਲੇਰੀ ਜਾਂਚ ਕੀਤੀ। ਡਿਪਟੀ ਕਮਿਸ਼ਨਰ ਅਨੁਸਾਰ ਪੀੜਤ ਪਰਿਵਾਰ ਨੂੰ ਰੈੱਡ ਕਰਾਸ ਅਤੇ ਮੁੱਖ ਮੰਤਰੀ ਰਾਹਤ ਫੰਡ ਚੋਂ ਢੁਕਵੀਂ ਰਾਹਤ ਰਾਸ਼ੀ ਵੀ ਦਿਵਾਈ ਜਾਵੇਗੀ। ਉਨ੍ਹਾਂ ਜ਼ਿਲ੍ਹੇ ਵਿੱਚ ਉਸਾਰੀ ਅਧੀਨ ਮਕਾਨਾਂ ਦੇ ਸਾਰੇ ਮਾਲਕਾਂ/ਠੇਕੇਦਾਰਾਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਅੱਜ ਦੀ ਇਸ ਦੁਖਦਾਈ ਘਟਨਾ ਦੇ ਮੱਦੇਨਜ਼ਰ ਉਸਾਰੀ ਵਾਲੀਆਂ ਥਾਵਾਂ ’ਤੇ ਸਾਵਧਾਨੀ ਦੇ ਉਪਾਅ ਕੀਤੇ ਜਾਣ। ਅਜਿਹੀਆਂ ਟੈਂਕੀਆਂ ਨੂੰ ਢੱਕਣਾ, ਮਜ਼ਦੂਰਾਂ ਨੂੰ ਆਪਣੇ ਬੱਚਿਆਂ ਨੂੰ ਖ਼ਤਰੇ ਵਾਲੇ ਸਥਾਨਾਂ ਤੋਂ ਦੂਰ ਰੱਖਣ ਦੀਆਂ ਹਦਾਇਤਾਂ ਸਮੇਤ ਹੋਰ ਸਾਵਧਾਨੀਆਂ ਵੀ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਮੱਦੇਨਜ਼ਰ ਪੰਚਾਇਤਾਂ ਅਤੇ ਟਿਊਬਵੈੱਲ ਮਾਲਕਾਂ ਨੂੰ ਵੀ ਇੱਕ ਵਾਰ ਫਿਰ ਆਪਣੇ ਖੇਤਰਾਂ ਵਿੱਚ ਛੱਡੇ ਗਏ ਸਾਰੇ ਬੋਰਵੈੱਲਾਂ ਨੂੰ ਢੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੰਚਾਇਤਾਂ ਨੂੰ ਪਿੰਡਾਂ ਦੇ ਟੋਭਿਆਂ ਨੇੜੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।
[wpadcenter_ad id='4448' align='none']