ਮਾਨਸਾ, 27 ਦਸੰਬਰ :
ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਸ਼੍ਰੀਮਤੀ ਰੂਬੀ ਬਾਂਸਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਵ ਸਿੱਖਿਆ ਅਭਿਆਨ ਦੇ ਆਈ.ਈ.ਡੀ. ਕੰਪੋਨੈਂਟ ਤਹਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਸਮਾਨ ਵੰਡ ਕੈਂਪ ਅਲਿਮਕੋ ਕਾਨਪੁਰ ਦੇ ਸਹਿਯੋਗ ਨਾਲ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਰਦੂਲਗੜ੍ਹ ਵਿਖੇ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਸ਼੍ਰੀ ਰਕੇਸ਼ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਬਲਾਕ ਝੁਨੀਰ ਅਤੇ ਸਰਦੂਲਗੜ੍ਹ ਦੇ 52 ਬੱਚਿਆਂ ਨੂੰ 2 ਟਰਾਈਸਾਇਕਲਾਂ, 12 ਵਹੀਲਚੇਅਰ, 2 ਸੀਪੀ ਚੇਅਰ, 11 ਫੋਹੜੀਆਂ, 12 ਬੂਟ, 08 ਕੰਨ ਦੀਆਂ ਮਸ਼ੀਨਾਂ, 23 ਐਮ.ਆਰ. ਕਿੱਟਾਂ, 2 ਬਰੇਲ ਕਿੱਟਾਂ ਅਤੇ 9 ਰੋਲੇਟਰ ਆਦਿ ਸਮਾਨ ਦੀ ਵੰਡ ਅਲਿਮਕੋ ਕਾਨਪੁਰ ਤੋਂ ਆਏ ਆਡਿਓਲੋਜਿਸਟ ਸ਼੍ਰੀ ਅਰੂਨ ਪਾਲ ਅਤੇ ਰਬੀਨਾ ਸਵੈਂ ਤੋਂ ਸ਼੍ਰੀ ਅਮਨ ਕੁਮਾਰ ਵੱਲੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੈਂਪ ਦਾ ਸਾਰਾ ਪ੍ਰਬੰਧ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਰਦੂਲਗੜ੍ਹ ਦੇ ਸਟਾਫ਼ ਮੈਂਬਰਾਂ ਮੈਡਮ ਅਨੀਤਾ ਰਾਣੀ, ਮੀਨਾ ਰਾਣੀ ਅਤੇ ਸ਼ਾਰਦਾ ਰਾਣੀ ਵੱਲੋਂ ਕੀਤਾ ਗਿਆ।
ਡੀ.ਐਸ.ਈ. ਸ਼੍ਰੀ ਰਕੇਸ਼ ਕੁਮਾਰ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਗਿਆ ਕਿ ਦਿਵਿਯਾਂਗ ਬੱਚੇ ਹੋਰਨਾਂ ਬੱਚਿਆਂ ਬੱਚਿਆਂ ਵਾਂਗ ਹੀ ਹੁੰਦੇ ਹਨ ਅਤੇ ਅਜਿਹੇ ਵਿਸ਼ੇਸ਼ ਬੱਚਿਆਂ ਵੱਲੋਂ ਵੀ ਬਹੁਤ ਸ਼ਲਾਘਾਯੋਗ ਕੰਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਸਿਰਫ਼ ਸਹਿਯੋਗ ਦੇਣ ਦੀ ਲੋੜ ਹੁੰਦੀ ਹੈ ਫਿਰ ਇਹ ਵੱਡੇ ਤੋਂ ਵੱਡੇ ਕੰਮ ਵੀ ਨੇਪਰੇ ਚਾੜ੍ਹ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਲੱਗਣ ਵਾਲੇ ਤਿੰਨ ਕੈਂਪਾਂ ਵਿੱਚੋਂ ਇਹ ਪਹਿਲਾ ਕੈਂਪ ਹੈ ਅਤੇ ਬਾਕੀ ਦੋ ਕੈਂਪ 28 ਦਸੰਬਰ ਨੂੰ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬੁਢਲਾਡਾ ਅਤੇ ਅਤੇ 29 ਦਸੰਬਰ 2023 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ (ਮੁੰਡੇ) ਵਿਖੇ ਲਗਾਇਆ ਜਾਵੇਗਾ।
ਕੈਂਪ ਵਿੱਚ ਆਉਣ ਵਾਲੇ ਬੱਚਿਆਂ ਅਤੇ ਮਾਪਿਆਂ ਨੂੰ ਆਉਣ ਜਾਣ ਦਾ ਕਿਰਾਇਆ ਅਤੇ ਰਿਫਰੈਸ਼ਮੈਂਟ ਵੀ ਮੁਹੱਈਆ ਕਰਵਾਈ ਗਈ। ਇਸ ਕੈਂਪ ਵਿੱਚ ਆਈ.ਈ.ਆਰ.ਟੀ. ਸਰਦੂਲਗੜ੍ਹ ਸ਼੍ਰੀ ਅਭਿਸ਼ੇਕ ਕੁਮਾਰ ਅਤੇ ਬਲਾਕ ਝੁਨੀਰ ਅਤੇ ਸਰਦੂਲਗੜ੍ਹ ਦੇ ਸਮੂਹ ਈ.ਏ.ਟੀਜ. ਮੌਜੂਦ ਸਨ।
ਝੁਨੀਰ ਅਤੇ ਸਰਦੂਲਗੜ੍ਹ ਬਲਾਕ ਦੇ ਵਿਸ਼ੇਸ਼ ਲੋੜਾਂ ਵਾਲੇ 52 ਬੱਚਿਆਂ ਨੂੰ ਕੀਤੀ ਸਮਾਨ ਦੀ ਵੰਡ
[wpadcenter_ad id='4448' align='none']