ਮਾਨਸਾ, 27 ਦਸੰਬਰ :
ਸਕੂਲ ਸਿੱਖਿਆ ਵਿਭਾਗ ਵੱਲੋਂ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਖ-ਵੱਖ ਸੰਸਥਾਵਾਂ ਵਿੱਚ ਐਕਸਪੋਜ਼ਰ ਦੌਰੇ ਕੀਤੇ ਜਾ ਰਹੇ ਹਨ, ਜਿਸ ਤਹਿਤ ਅੱਜ ਸਕੂਲ ਆਫ਼ ਐਮੀਨੈਂਸ ਬੋਹਾ ਅਤੇ ਸਰਦੂਲਗੜ੍ਹ ਦੇ ਵਿਦਿਆਰਥੀਆਂ ਵੱਲੋਂ ਦਫ਼ਤਰ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਦਫ਼ਤਰ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੌਰਿਆਂ ਦਾ ਉਦੇਸ਼ ਵਿਹਾਰਕ ਐਕਸਪੋਜ਼ਰ ਅਤੇ ਵੱਖ-ਵੱਖ ਖੇਤਰਾਂ ਵਿੱਚ ਮਾਹਿਰਾਂ ਨਾਲ ਗੱਲਬਾਤ ਰਾਹੀਂ ਵਿਦਿਆਰਥੀਆਂ ਦੇ ਵਿੱਦਿਅਕ ਅਨੁਭਵ ਨੂੰ ਵਧਾਉਣਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਚੁਣੇ ਹੋਏ ਖੇਤਰਾਂ ਬਾਰੇ ਇੱਕ ਵਿਆਪਕ ਦ੍ਰਿਸ਼ਟੀਕੋਣ ਦੇ ਕੇ ਉਨ੍ਹਾਂ ਦੇ ਕਰੀਅਰ ਦੇ ਮਾਰਗਾਂ ਬਾਰੇ ਉਚਿਤ ਫੈਸਲੇ ਲੈਣ ਦੇ ਯੋਗ ਬਣਾਉਣਾ ਹੈ।
ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਪ੍ਰਸਾਸ਼ਨਿਕ ਢਾਂਚੇ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਵੱਖ-ਵੱਖ ਵਿਭਾਗਾਂ ਦੇ ਕੰਮਾਂ ਬਾਰੇ ਵਿਦਿਆਰਥੀਆਂ ਨੂੰ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੇ ਆਪਣਾ ਟੀਚਾ ਤੈਅ ਕਰਨਾ ਹੁੰਦਾ ਹੈ ਅਤੇ ਇਸ ਟੀਚੇ ਦੀ ਪੂਰਤੀ ਲਈ ਸਖ਼ਤ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇੱਕ ਟੀਚੇ ਨੂੰ ਲੈ ਕੇ ਉਸ ਪ੍ਰਤੀ ਮਿਹਨਤ ਕਰਦੇ ਹਾਂ ਤਾਂ ਅਸੀਂ ਆਪਣੀ ਮੰਜ਼ਿਲ ਨੂੰ ਆਸਾਨੀ ਨਾਲ ਸਰ ਕਰ ਸਕਦੇ ਹਾਂ। ਮੀਟਿੰਗ ਦੌਰਾਨ ਵਿਦਿਆਰਥੀਆਂ ਵੱਲੋਂ ਕੁੱਝ ਸਵਾਲ ਕੀਤੇ ਗਏ, ਜਿਨ੍ਹਾਂ ਦਾ ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਨੇ ਵਿਸਥਾਰ ਨਾਲ ਜਵਾਬ ਦਿੱਤਾ।
ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਨਿਰਮਲ ਓਸਪੇਚਨ ਨੇ ਵਿਦਿਆਰਥੀਆਂ ਨਾਲ ਆਪਣੀ ਪੜ੍ਹਾਈ ਸਬੰਧੀ ਗੱਲਬਾਤ ਸਾਂਝੀ ਕੀਤੀ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਅਤੇ ਮਾੜੀ ਸੰਗਤ ਤੋਂ ਦੂਰ ਰਹਿ ਕੇ ਆਪਣੀ ਮੰਜ਼ਿਲ ਵੱਲ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਅਨੁਸਾਸ਼ਨ ਦੀ ਪਾਲਣਾ ਕਰਕੇ ਅਤੇ ਸਮਾਂ ਪ੍ਰਬੰਧਨ ਦੀ ਸੁਚੱਜੀ ਵਰਤੋਂ ਨਾਲ ਅਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹਾਂ।
ਇਸ ਉਪਰੰਤ ਵਿਦਿਆਰਥੀਆਂ ਨੂੰ ਐਸ.ਐਸ.ਪੀ. ਮਾਨਸਾ ਦੇ ਦਫ਼ਤਰ ਵਿਖੇ ਲਿਜਾਇਆ ਗਿਆ ਜਿੱਥੇ ਐਸ.ਪੀ. (ਇਨਵੈਸਟੀਗੇਸ਼ਨ) ਡਾ. ਬਾਲਕ੍ਰਿਸ਼ਨ ਸਿੰਗਲਾ ਵੱਲੋਂ ਵਿਦਿਆਰਥੀਆਂ ਨੂੰ ਪੁਲਿਸ ਵਿਭਾਗ ਵੱਲੋਂ ਕੀਤੇ ਜਾਂਦੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵਿਦਿਆਰਥੀਆਂ ਨੂੰ ‘ਨੌਅ ਯੂਅਰ ਪੁਲਿਸ’ ਐਪ ਸਬੰਧੀ ਵਿਸਥਾਰ ਪੂਰਵਕ ਦੱਸਿਆ ਗਿਆ ਅਤੇ ਵਿਦਿਆਰਥੀਆਂ ਨੂੰ ਸਾਈਬਰ ਸੈਲ ਵਿਖੇ ਲਿਜਾ ਕੇ, ਸਾਈਬਰ ਸੈਲ ਕਿਸ ਤਰ੍ਹਾਂ ਕੰਮ ਕਰਦਾ ਹੈ, ਤੋਂ ਜਾਣੂ ਕਰਵਾਇਆ।
ਵਿਦਿਆਰਥੀਆਂ ਨੇ ਦੱਸਿਆ ਕਿ ਇਹ ਦੌਰਾ ਉਨ੍ਹਾਂ ਲਈ ਕਾਫ਼ੀ ਫਾਇਦੇਮੰਦ ਰਿਹਾ ਅਤੇ ਉਹ ਹੁਣ ਆਪਣੀ ਮੰਜ਼ਿਲ ਨੂੰ ਵਧੀਆ ਢੰਗ ਨਾਲ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਬਾਦਲਦੀਨ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਅਸ਼ੋਕ ਕੁਮਾਰ ਤੋਂ ਇਲਾਵਾ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
ਵਿਦਿਆਰਥੀਆਂ ਦੇ ਵਿੱਦਿਅਕ ਅਨੁਭਵ ਨੂੰ ਵਧਾਉਣ ਲਈ ਕਰਵਾਏ ਜਾ ਰਹੇ ਦੌਰੇ ਸ਼ਲਾਘਾਯੋਗ-ਡਿਪਟੀ ਕਮਿਸ਼ਨਰ
[wpadcenter_ad id='4448' align='none']