ਅੰਮ੍ਰਿਤਸਰ, 27 ਦਸੰਬਰ 2023
ਨੀਤਿ ਆਯੋਗ ਭਾਰਤ ਸਰਕਾਰ ਵਲੋਂ ਪਿਛੜੇ ਬਲਾਕਾਂ ਦਾ ਵਿਕਾਸ ਕਰਨ ਲਈ ਜਿਲ੍ਹਾ ਅੰਮ੍ਰਿਤਸਰ ਦੇ ਬਲਾਕ ਅਜਨਾਲਾ ਅਤੇ ਹਰਸ਼ਾਛੀਨਾ ਨੂੰ ਅਭਿਲਾਸ਼ੀ ਬਲਾਕ ਪ੍ਰੋਗਰਾਮ ਤਹਿਤ ਚੁਣਿਆ ਗਿਆ ਹੈ ਜਿਸ ਅਨੁਸਾਰ ਇਨਾਂ ਬਲਾਕਾਂ ਦਾ ਪਹਿਲ ਦੇ ਆਧਾਰ ਤੇ ਵਿਕਾਸ ਕੀਤਾ ਜਾਵੇਗਾ।
ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਇਨਾਂ ਦੋਹਾਂ ਬਲਾਕਾਂ ਵਿੱਚ ਅਭਿਲਾਸ਼ੀ ਪ੍ਰੋਗਰਾਮ ਤਹਿਤ ਟ੍ਰੇਨਿੰਗ, ਫੈਲੋ ਅਤੇ ਡਿਜੀਟਲ ਨੋਟ ਪੈਡ, ਅਭਿਲਾਸ਼ੀ ਬਲਾਕ ਫੈਲੋ ਲਈ ਲਏ ਜਾਣਗੇ। ਜਿਸ ਲਈ 8 ਲੱਖ 65 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਇਸ ਮੁਹਿੰਮ ਤਹਿਤ 5 ਥੀਮ ਚੁਣੇ ਗਏ ਹਨ, ਜਿਨਾਂ ਵਿੱਚ ਸਮਾਜਿਕ ਵਿਕਾਸ, ਸਿਹਤ ਤੇ ਪੋਸ਼ਣ, ਖੇਤੀ ਅਤੇ ਜਲ ਸਰੋਤ, ਸਿੱਖਿਆ ਅਤੇ ਮੁੱਢਲਾ ਢਾਂਚਾ ਸ਼ਾਮਲ ਹਨ। ਜਿਸ ਅਧੀਨ 11 ਵਿਭਾਗ ਸ਼ਾਮਲ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਨਾਂ ਪੰਜਾਂ ਥੀਮਾਂ ਤਹਿਤ ਬਲਾਕਾਂ ਦਾ ਸਰਵਪੱਖੀ ਵਿਕਾਸ ਕੀਤਾ ਜਾਣਾ ਹੈ। ਉਨਾਂ ਕਿਹਾ ਕਿ ਇਸ ਲਈ ਸਾਰੇ ਵਿਭਾਗਾਂ ਦੇ 39 ਮੁੱਖ ਉਦੇਸ਼ ਨਿਸ਼ਚਿਤ ਕੀਤੇ ਗਏ ਹਨ, ਜਿਸ ਤਹਿਤ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਅਤੇ ਉਤਪਾਦਕਤਾ ਦੀ ਪ੍ਰਗਤੀ ਦੀ ਨਿਗਰਾਨੀ ਕੀਤੀ ਜਾਣੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ 328 ਜਿਲਿ੍ਹਆਂ ਦੇ 500 ਬਲਾਕ ਵਿੱਚ ਅਭਿਲਾਸ਼ੀ ਬਲਾਕ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਕੇਂਦਰ ਨੇ 43.25 ਕਰੋੜ ਰੁਪਏ ਦੀ ਰਾਸ਼ੀ ਮੰਜੂਰ ਕੀਤੀ ਹੈ। ਉਨਾਂ ਦੱਸਿਆ ਕਿ ਅਭਿਲਾਸ਼ੀ ਜਿਲ੍ਹਾ ਪ੍ਰੋਗਰਾਮ ਦੀਆਂ ਪ੍ਰਾਪਤੀਆਂ ਜਿਵੇਂ ਕਿ ਡਾਟਾ ਅਧਾਰਿਤ ਗਵਰਨੈਂਸ, ਮੁਕਾਬਲਾ, ਦਰਜ਼ਾਬੰਦੀ, ਨਿਰੰਤਰ ਨਿਗਰਾਨੀ ਨੂੰ ਕਰਨਾ ਹੈ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਤੇ ਵਿਕਾਸ ਸ੍ਰੀਮਤੀ ਪਰਮਜੀਤ ਕੌਰ, ਸਿਵਲ ਸਰਜਨ ਡਾ. ਵਿਜੈ ਕੁਮਾਰ, ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਅਸੀਸਇੰਦਰ ਸਿੰਘ, ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਸੁਸ਼ੀਲ ਤੁੱਲੀ ਤੋਂ ਇਲਾਵਾ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਜਨਾਲਾ ਤੇ ਹਰਸ਼ਾਛੀਨਾ ਹਾਜ਼ਰ ਸਨ।