ਸਰਕਾਰੀ ਕੈਟਲ ਪਾਊਂਡ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਪੰਜਾਬ ਸਰਕਾਰ ਵਚਨਬੱਧ : ਬ੍ਰਮ ਸ਼ੰਕਰ ਜਿੰਪਾ

ਹੁਸ਼ਿਆਰਪੁਰ, 28 ਦਸੰਬਰ:

      ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਸਮਾਜ ਸੇਵੀ ਸੇਠ ਰੋਹਤਾਸ਼ ਜੈਨ ਨਾਲ ਪਿੰਡ ਫਲਾਹੀ ਵਿਖੇ ਬਣੇ ਸਰਕਾਰੀ ਕੈਟਲ ਪਾਊਂਡ ਦਾ ਦੌਰਾ ਕੀਤਾ ਅਤੇ ਵਿਵਸਥਾ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕੈਟਲ ਪਾਊਂਡ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਜਿਥੇ ਪੰਜਾਬ ਸਰਕਾਰ ਵਚਨਬੱਧ ਹੈ, ਉਥੇ ਦਾਨੀ ਸੱਜਣਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਇਥੇ ਦੀ ਹਰ ਜ਼ਰੂਰਤ ਨੂੰ ਪੂਰਾ ਕਰਨ ਲਈ ਦਾਨੀ ਸੱਜਣਾਂ ਨੇ ਹਰ ਸੰਭਵ ਯੋਗਦਾਨ ਦਿੱਤਾ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਅੱਗੇ ਵੀ ਇਸੇ ਤਰ੍ਹਾਂ ਨਾਲ ਇਹ ਕ੍ਰਮ ਜਾਰੀ ਰਹੇਗਾ।

ਕੈਬਨਿਟ ਮੰਤਰੀ ਨੇ ਇਸ ਦੌਰਾਨ ਕੈਟਲ ਪਾਊਂਡ ਵਿਚ ਪੌਦਾ ਵੀ ਲਗਾਇਆ ਅਤੇ ਇਥੇ ਦੀਆਂ ਜ਼ਰੂਰਤਾਂ ਤੋਂ ਜਾਣੂ ਹੋਏ। ਉਨ੍ਹਾਂ ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੈਟਲ ਪਾਊਂਡ ਦੀ ਨੁਹਾਰ ਬਦਲਣ ਲਈ ਅਤੇ ਇਥੇ ਆਉਣ ਵਾਲੇ ਗਊਧਨ ਦੀ ਸੰਭਾਲ ਲਈ ਕਈ ਯੋਜਨਾਵਾਂ ’ਤੇ ਕੰਮ ਚੱਲ ਰਿਹਾ ਅਤੇ ਭਵਿੱਖ ਵਿਚ ਇਸ ਦਿਸ਼ਾ ਵਿਚ ਸਾਰਥਕ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਡੇ ਲਈ ਬਹੁਤ ਮਾਣ ਅਤੇ ਸੰਤੁਸ਼ਟੀ ਦਾ ਵਿਸ਼ਾ ਹੈ ਕਿ ਇਸ ਕੈਟਲ ਪਾਊਂਡ ਵਿਚ ਆਉਣ ਵਾਲਾ ਸਾਲਾਨਾ ਖਰਚ ਦਾਨੀ ਸੱਜਣਾਂ, ਸੰਸਥਾਵਾਂ, ਸੋਸਾਇਟੀਆਂ, ਐਨ.ਜੀ.ਓਜ਼ ਦੇ ਪੱਧਰ ’ਤੇ ਪੂਰਾ ਹੋ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਪਿੰਡ ਦੇ ਪੰਚਾਇਤ ਮੈਂਬਰਾਂ ਅਤੇ ਹੋਰਨਾਂ ਤੋਂ ਕੈਟਲ ਪਾਊਂਡ ਨੂੰ ਹੋਰ ਵਧੀਆਂ ਤਰੀਕੇ ਨਾਲ ਸੰਚਾਲਨ ਸਬੰਧੀ ਸੁਝਾਅ ਵੀ ਮੰਗੇ।

ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਪਸ਼ੂਆਂ ਦੀ ਟੈਗਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਫਲਾਹੀ ਸਥਿਤ ਇਸ ਸਰਕਾਰੀ ਕੈਟਲ ਪਾਊਂਡ ਵਿਚ ਬਿਮਾਰ ਅਤੇ ਜ਼ਖਮੀ ਪਸ਼ੂਆਂ ਨੂੰ ਪਹਿਲ ਦੇ ਆਧਾਰ ’ਤੇ ਲੈਂਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਲੋਕਾਂ ਦੇ ਸਹਿਯੋਗ ਨਾਲ ਕੈਟਲ ਪਾਊਂਡ ਦਾ ਬਹੁਤ ਵਧੀਆ ਤਰੀਕੇ ਨਾਲ ਸੰਚਾਲਨ ਹੋ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਸਮਾਜਿਕ ਸੰਸਥਾਵਾਂ ਅਤੇ ਦਾਨੀ ਸੱਜਣਾਂ ਵਲੋਂ ਕੈਟਲ ਪਾਊਂਡ ਨੂੰ ਦਿੱਤੇ ਜਾ ਰਹੇ ਸਹਿਯੋਗ ਦੀ ਪ੍ਰਸੰਸਾ ਕੀਤੀ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਪਸ਼ੂਆਂ ਨੂੰ ਸੜਕਾਂ ’ਤੇ ਲਾਵਾਰਿਸ ਨਾ ਛੱਡਣ, ਕਿਉਂਕਿ ਇਹ ਅਕਸਰ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਇਸ ਦੌਰਾਨ ਨੋਡਲ ਅਫ਼ਸਰ ਸਰਕਾਰੀ ਕੈਟਲ ਪਾਊਂਡ ਫਲਾਹੀ ਡਾ. ਮਨਮੋਹਨ ਸਿੰਘ ਦਰਦੀ ਤੋਂ ਇਲਾਵਾ ਲਕਸ਼ਮੀ ਨਰਾਇਣ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

[wpadcenter_ad id='4448' align='none']