ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 04 ਜਨਵਰੀ 2024;
ਇੱਕ ਨਵੀਂ ਪਹਿਲਕਦਮੀ ਦੀ ਸ਼ੁਰੂਆਤ ਕਰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਐਸ ਐਸ ਪੀ ਡਾ. ਸੰਦੀਪ ਗਰਗ ਦੇ ਨਾਲ ਅੱਜ ਸ਼ਾਮ ਡੇਰਾਬੱਸੀ ਵਿੱਚ ਸੀ ਐਸ ਆਰ ਗਤੀਵਿਧੀਆਂ ਤਹਿਤ ਸਰਕਾਰੀ ਮਿਡਲ ਸਕੂਲ ਭਗਵਾਨਪੁਰ (ਭਗਵਾਸ) ਵਿੱਚ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ।
ਵਿਦਿਅਕ ਸੰਸਥਾਵਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੱਥ ਮਿਲਾਉਣ ਲਈ ਡੇਰਾਬੱਸੀ ਦੀਆਂ ਉਦਯੋਗਿਕ ਐਸੋਸੀਏਸ਼ਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਨਅਤਾਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪ੍ਰੋਗਰਾਮ ਤਹਿਤ ਨੇੜਲੇ ਸਰਕਾਰੀ ਅਦਾਰਿਆਂ ਨੂੰ ਅਪਣਾ ਕੇ ਇੱਕ ਸ਼ਾਨਦਾਰ ਤਬਦੀਲੀ ਲਿਆ ਸਕਦੀਆਂ ਹਨ।
ਸਰਕਾਰੀ ਮਿਡਲ ਸਕੂਲ ਭਗਵਾਨਪੁਰ ਵਿਖੇ ਸੀ.ਐਸ.ਆਰ ਗਤੀਵਿਧੀਆਂ ਤਹਿਤ ਵੱਖ-ਵੱਖ ਉਦਯੋਗਾਂ ਵੱਲੋਂ ਕੀਤੇ ਬੁਨਿਆਦੀ ਬਦਲਾਅ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਤਿੰਨ ਕਮਰਿਆਂ ਦੀ ਉਸਾਰੀ, ਕਲਾਸਰੂਮਾਂ ਨੂੰ ਸਮਾਰਟ ਕਲਾਸਰੂਮਾਂ ਵਿੱਚ ਬਦਲਣ ਲਈ ਪੰਜ ਟੱਚ ਪੈਨਲ ਐਲ.ਈ.ਡੀ. ਦੀ ਸਥਾਪਨਾ ਅਤੇ ਅਸੈਂਬਲੀ ਗਰਾਊਂਡ ਵਿੱਚ ਟਾਇਲ ਲਗਾਉਣ ਨਾਲ ਹੋਰਨਾਂ ਨੂੰ ਵੀ ਹੋਰ ਸੰਸਥਾਵਾਂ ਵਿੱਚ ਵੀ ਯੋਗਦਾਨ ਪਾਉਣ ਪ੍ਰੇਰਨਾ ਮਿਲੇਗੀ।
ਉਨ੍ਹਾਂ ਦੱਸਿਆ ਕਿ ਪੀ ਸੀ ਸੀ ਪੀ ਐਲ ਅਤੇ ਊਸ਼ਾ ਯਾਰਨਜ਼ ਨੇ ਦੋ ਕਮਰੇ ਬਣਾਉਣ ਲਈ 15 ਲੱਖ ਰੁਪਏ ਖਰਚ ਕੀਤੇ ਹਨ ਜਦਕਿ ਕਾਂਸਲ ਇੰਡਸਟਰੀਜ਼ ਨੇ ਤੀਜੇ ਕਮਰੇ ਲਈ 3.5 ਲੱਖ ਰੁਪਏ ਖਰਚ ਕੀਤੇ ਹਨ। ਇਸੇ ਤਰ੍ਹਾਂ ਜੈ ਪਾਰਵਤੀ ਨੇ 5 ਲੱਖ ਰੁਪਏ ਵਿੱਚ ਸਮਾਰਟ ਕਲਾਸ ਰੂਮ ਲਈ ਪੰਜ ਟੱਚ ਪੈਨਲ ਐਲ.ਈ.ਡੀ. ਲਗਵਾਏ ਜਦੋਂ ਕਿ ਭਗਵਤੀ ਸਟੀਲਜ਼ ਨੇ ਅਸੈਂਬਲੀ ਗਰਾਊਂਡ ਵਿੱਚ ਟਾਈਲਿੰਗ ਦੇ ਕੰਮ ਲਈ 3.5 ਰੁਪਏ ਖਰਚ ਕੀਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਸਕੂਲ ਵਿੱਚ ਕਮਰਿਆਂ ਦੀ ਗਿਣਤੀ 13 ਹੋ ਗਈ ਹੈ ਅਤੇ ਸਾਨੂੰ ਉਮੀਦ ਹੈ ਕਿ ਸਕੂਲ ਜਲਦੀ ਹੀ ‘ਸਕੂਲ ਆਫ ਹੈਪੀਨੈੱਸ’ ਦਾ ਦਰਜਾ ਹਾਸਲ ਕਰ ਲਵੇਗਾ ਜਿਸ ਤਹਿਤ ਪੰਜਾਬ ਸਰਕਾਰ ਵੱਲੋਂ 40 ਲੱਖ ਰੁਪਏ ਦੀ ਹੋਰ ਗਰਾਂਟ ਮੁਹੱਈਆ ਕਰਵਾਈ ਜਾਵੇਗੀ ਜਿਸ ਵਿੱਚ ਯੋਗ ਦੀ ਕਲਾਸ ਸ਼ੁਰੂ ਕਰਨ ਤੋਂ ਇਲਾਵਾ ਹੋਰ ਕਲਾਸ ਰੂਮ, ਆਫਿਸ ਰੂਮ, ਲੈਬ, ਓਪਨ ਜਿਮ ਆਦਿ ਸ਼ਾਮਿਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸਕੂਲ ਆਫ ਹੈਪੀਨੈਸ ਦਾ ਸੰਕਲਪ ਸਿਰਫ ਨੌਕਰੀ ਅਧਾਰਤ ਸਿੱਖਿਆ ਤੋਂ ਵੱਧ ਬਹੁਤ ਕੁਝ ਪ੍ਰਦਾਨ ਕਰਨਾ ਹੈ ਜਿਵੇਂ ਜੀਵਨ ਦੀ ਗੁਣਵੱਤਾ, ਜੀਵਨ ਦੀਆਂ ਕਦਰਾਂ ਕੀਮਤਾਂ ਅਤੇ ਵਿਦਿਆਰਥੀਆਂ ਨੂੰ ਤਣਾਅ ਮੁਕਤ ਰੱਖ ਕੇ ਉਨ੍ਹਾਂ ਦੀ ਸ਼ਖਸੀਅਤ ਉਸਾਰੀ ਆਦਿ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਸੰਸਥਾਵਾਂ ਨੂੰ ਜਨਤਕ ਖੇਤਰ ਵਿੱਚ ਮਜ਼ਬੂਤ ਕਰਨ ਲਈ ਵਚਨਬੱਧ ਹੈ। ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਬਣਾਉਣ ਲਈ ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਉਹ ਹਰ ਪੱਧਰ ‘ਤੇ ਮੁਕਾਬਲਾ ਕਰ ਸਕਣ।
ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਪਲਾਂਟਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਨ ਦਾ ਭਰੋਸਾ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਦੋ ਮੁੱਖ ਸੜਕਾਂ ਦੀ ਮੁਰੰਮਤ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ; ਇੱਕ ਡੇਰਾਬੱਸੀ ਤੋਂ ਬਰਵਾਲਾ ਤੱਕ ਅਤੇ ਦੂਸਰਾ ਲਾਲੜੂ ਵਿੱਚ ਚੱਠਾ ਫੂਡਜ਼ ਦੇ ਸਾਹਮਣੇ, ਪਿਛਲੇ ਸਾਲ ਸਤੰਬਰ ਦੇ ਅੱਧ ਵਿੱਚ ਮੋਹਾਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ ਸਰਕਾਰ ਸਨਅਤਕਾਰ ਮਿਲਣੀ ਵਿੱਚ ਦਿੱਤੀ ਗਈ ਵਚਨਬੱਧਤਾ ਅਨੁਸਾਰ ਮੰਨ ਲਈ ਗਈ ਹੈ। ਬਰਵਾਲਾ ਰੋਡ ‘ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਦਕਿ ਦੂਜੀ ਸੜਕ ਦਾ ਕੰਮ ਵੀ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਕਿਉਂਕਿ ਨਗਰ ਨਿਗਮ ਲਾਲੜੂ ਵੱਲੋਂ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਹਨ।
ਇਸ ਤੋਂ ਇਲਾਵਾ ਮੁਬਾਰਕਪੁਰ ਰੋਡ ’ਤੇ ਡੇਰਾਬੱਸੀ ਵਿੱਚ ਰੇਲਵੇ ਅੰਡਰ ਪਾਸ ਦੀਆਂ ਪਹੁੰਚ ਸੜਕਾਂ ਦੀ ਵੀ ਜਲਦੀ ਮੁਰੰਮਤ ਕਰਵਾਈ ਜਾਵੇਗੀ ਕਿਉਂਕਿ ਜ਼ਿਲ੍ਹਾ ਮਿਨਰਲ ਫਾਊਂਡੇਸ਼ਨ ਦੇ ਫੰਡਾਂ ਤਹਿਤ 60 ਲੱਖ ਰੁਪਏ ਮਨਜ਼ੂਰ ਕਰ ਕੇ ਬਾਕੀ ਬਚਦੀ ਰਕਮ ਲੋਕ ਨਿਰਮਾਣ ਵਿਭਾਗ ਤੋਂ ਮੰਗੀ ਗਈ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਸੀਵਰੇਜ ਅਤੇ ਫਿਰਨੀ ਰੋਡ ਦੇ ਮਸਲੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ।
ਐਸ ਐਸ ਪੀ ਡਾ. ਸੰਦੀਪ ਗਰਗ ਨੇ ਇੰਡਸਟਰੀ ਐਸੋਸੀਏਸ਼ਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੁਲਿਸ ਉਦਯੋਗਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦੇਵੇਗੀ ਭਾਵੇਂ ਉਹ ਯੂਨੀਅਨਾਂ ਦੇ ਏਕਾਧਿਕਾਰ ਜਾਂ ਕਿਸੇ ਹੋਰ ਅਮਨ-ਕਾਨੂੰਨ ਦੀ ਸਮੱਸਿਆ ਨਾਲ ਸਬੰਧਤ ਹੋਵੇ। ਉਨ੍ਹਾਂ ਨੇ ਸਨਅਤਾਂ ਅਤੇ ਆਮ ਲੋਕਾਂ ਤੋਂ ਨਸ਼ਿਆਂ ਦੀ ਤਸਕਰੀ ਅਤੇ ਕਾਨੂੰਨ ਵਿਵਸਥਾ ਨਾਲ ਸਬੰਧਤ ਕਿਸੇ ਵੀ ਹੋਰ ਸਮੱਸਿਆ ਸਬੰਧੀ ਪੁਲਿਸ ਨੂੰ ਜਾਣਕਾਰੀ ਦੇਣ ਲਈ ਸਹਿਯੋਗ ਦੀ ਮੰਗ ਕੀਤੀ।
ਇਸ ਮੌਕੇ ਹਾਜ਼ਰ ਹੋਰਨਾਂ ਅਧਿਕਾਰੀਆਂ ਵਿੱਚ ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਏ ਐਸ ਪੀ ਡੇਰਾਬੱਸੀ ਡਾ. ਦਰਪਨ ਆਹਲੂਵਾਲੀਆ, ਉਦਯੋਗਾਂ ਦੇ ਨੁਮਾਇੰਦੇ, ਸਕੂਲ ਹੈੱਡ ਮਾਸਟਰ ਕੁਲਜਿੰਦਰ ਸਿੰਘ, ਪਿੰਡ ਦੀ ਸਰਪੰਚ ਕਰਮਜੀਤ ਕੌਰ, ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਰਣਜੀਤ ਸਿੰਘ ਰਾਣਾ, ਸੁਖਵਿੰਦਰ ਸਿੰਘ ਅਤੇ ਸੇਵਕ ਸਿੰਘ ਹਾਜ਼ਰ ਸਨ।