ਪੁਲਿਸ ਕਮਿਸ਼ਨਰ ਵਲੋਂ ਡੈਸ਼ ਬੋਰਡ ਕੈਮਰਿਆਂ ਨਾਲ ਲੈਸ ਪੀ.ਸੀ.ਆਰ. ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਲੁਧਿਆਣਾ, 05 ਜਨਵਰੀ (000) – ਕਾਨੂੰਨ ਵਿਵਸਥਾ ਨੂੰ ਹੋਰ ਸੁਚਾਰੂ ਬਣਾਉਣ ਦੇ ਮੰਤਵ ਨਾਲ, ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹਲ ਵਲੋਂ ਡੈਸ਼ ਬੋਰਡ ਕੈਮਰਿਆਂ ਨਾਲ ਲੈਸ ਪੀ.ਸੀ.ਆਰ. ਵਾਹਨਾਂ ਨੂੰ ਹਰੀ ਝੰਡੀ ਦੇ ਰਵਾਨਾ ਕੀਤਾ ਗਿਆ।

ਸਥਾਨਕ ਦਫ਼ਤਰ ਪੁਲਿਸ ਕਮਿਸ਼ਨਰ ਦੀ ਪਾਰਕਿੰਗ ਵਿਖੇ ਵਾਹਨਾਂ ਨੂੰ ਝੰਡੀ ਦਿੰਦਿਆਂ ਪੁਲਿਸ ਕਮਿਸ਼ਨਰ ਚਾਹਲ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਾਨੂੰਨ ਵਿਵਸਥਾ ਨੂੰ ਹਰ ਹੀਲੇ ਕਾਇਮ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ, ਐਨ.ਜੀ.ਓ. ਰਾਊਂਡ ਟੇਬਲ ਇੰਡੀਆ ਦੇ ਸਹਿਯੋਗ ਨਾਲ ਪੀ.ਸੀ.ਆਰ. ਵਾਹਨਾਂ ਦੇ ਡੈਸ਼ ਬੋਰਡ ‘ਤੇ ਕੈਮਰੇ ਸਥਾਪਤ ਕੀਤੇ ਗਏ ਹਨ ਤਾਂ ਜੋ ਸ਼ਹਿਰ ਵਿੱਚ ਸਮਾਜ ਵਿਰੋਧੀ ਅਨਸਰਾਂ ਵਲੋਂ ਕੀਤੀਆਂ ਜਾਂਦੀਆਂ ਵਾਰਦਾਤਾਂ ‘ਤੇ ਨਕੇਲ ਕੱਸੀ ਜਾਵੇ। ਉਨ੍ਹਾਂ ਦੱਸਿਆ ਕਿ ਹਰ ਕੈਮਰੇ ਦੀ ਮੈਮਰੀ 64 ਜੀ.ਬੀ. ਹੈ ਜਿਸ ਵਿੱਚ ਕਰੀਬ 7 ਦਿਨਾਂ ਦਾ ਡਾਟਾ ਸਟੋਰ ਰਹੇਗਾ ਅਤੇ ਪੀ.ਸੀ.ਆਰ. ਵਾਹਨਾਂ ਵਲੋਂ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਪੈਟਰੋਲਿੰਗ ਦੌਰਾਨ ਕੈਮਰਿਆਂ ਰਾਹੀਂ ਲਗਾਤਾਰ ਰਿਕਾਰਡਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੈਮਰਿਆਂ ਵਿੱਚ ਸਪੀਡ ਰਾਡਾਰ ਵੀ ਸਥਾਪਤ ਹੈ ਜੋ ਸੜ੍ਹਕ ‘ਤੇ ਚੱਲ ਰਹੇ ਵਾਹਨ ਤੋਂ ਕਰੀਬ 300 ਮੀਟਰ ਦੀ ਦੂਰੀ ਤੋਂ ਗੱਡੀ ਦੀ ਸਪੀਡ ਚੈਕ ਕਰਨ ਵਿੱਚ ਸਮਰੱਥ ਹੈ।

ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸ਼ਨ ਨਾਗਰਿਕਾਂ ਦੀ ਸੁਰੱਖਿਆ ਲਈ ਦਿਨ-ਰਾਤ ਕੰਮ ਕਰਦਾ ਹੈ ਪਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਵਿਭਾਗ ਦਾ ਅਕਸ ਖਰਾਬ ਕਰਨ ਦੀਆਂ ਕੌਝੀਆਂ ਹਰਕਤਾਂ ਵੀ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਕੁਝ ਰਸੂਖਦਾਰ ਲੋਕਾਂ ਵਲੋਂ ਡਿਊਟੀ ਦੌਰਾਨ ਮੁਲਾਜ਼ਮਾਂ ਨਾਲ ਬਦਸਲੂਕੀ ਵੀ ਕੀਤੀ ਜਾਂਦੀ ਹੈ ਜੋ ਹੁਣ ਕੈਮਰਿਆਂ ਵਿੱਚ ਰਿਕਾਰਡ ਹੋ ਜਾਵੇਗੀ ਅਤੇ ਅਜਿਹੀ ਸਥਿਤੀ ਵਿੱਚ ਡਿਊਟੀ ਮੁਲਾਜ਼ਮ ਰਿਕਾਰਡਿੰਗ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰਨਗੇ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਇਹ ਰਿਕਾਰਡਿੰਗ ਸਬੂਤ ਵਜੋ ਵੀ ਸਾਂਭ ਕੇ ਰੱਖੀ ਜਾ ਸਕਦੀ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ, ਲੁਧਿਆਣਾ ਰੁਪਿੰਦਰ ਸਿੰਘ, ਪੀ.ਪੀ.ਐਸ., ਵਰਿੰਦਰ ਸਿੰਘ ਬਰਾੜ, ਡੀ.ਸੀ.ਪੀ. ਟ੍ਰੈਫਿਕ, ਸਮੀਰ ਵਰਮਾ ਏ.ਡੀ.ਸੀ.ਪੀ. ਟ੍ਰੈਫਿਕ ਅਤੇ ਐਨ.ਜੀ.ਓ. ਰਾਊਂਡ ਟੇਬਲ ਇੰਡੀਆ ਦੇ ਨੁਮਾਇੰਦੇ ਵੀ ਹਾਜ਼ਰ ਸਨ।

[wpadcenter_ad id='4448' align='none']