ਬੋਰਡ ਪ੍ਰੀਖਿਆਵਾਂ ਲਈ ਹੁਸ਼ਿਆਰ ਵਿਦਿਆਰਥੀਆਂ ਦੀ ਤਿਆਰੀ ਲਈ ਮੋਹਾਲੀ ਸਕਾਲਰਜ਼ ਅਸੈਸਮੇਂਟ ਟੈਸਟ ਸੀਰੀਜ਼ ਦੀ ਸ਼ੁਰੂਆਤ 8 ਜਨਵਰੀ ਤੋਂ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਜਨਵਰੀ, 2024:

ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਦੇ ਸਕੂਲਾਂ ਵਿੱਚ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਲਗਾਤਾਰਤਾ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਨਿਵੇਕਲੀ ਪਹਿਲਕਦਮੀ ਤਹਿਤ ਜ਼ਿਲ੍ਹੇ ਦੇ ਸਕੂਲਾਂ ਦੇ ਮੈਰੀਟੋਰੀਅਸ ਬੱਚਿਆਂ ਲਈ ਮੋਹਾਲੀ ਸਕਾਲਰਜ਼ ਅਸੈਸਮੇਂਟ ਟੈਸਟ ਸੀਰੀਜ਼ ਦੀ ਸ਼ੁਰੂਆਤ 8 ਜਨਵਰੀ ਤੋਂ ਕੀਤੀ ਜਾ ਰਹੀ ਹੈ।

    ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਲੋੜੀਂਦੀਆਂ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ।ਉਨ੍ਹਾਂ ਅੱਗੇ ਦੱਸਿਆ ਕਿ ਪ੍ਰੀ ਬੋਰਡ ਪ੍ਰੀਖਿਆ ਸੀਰੀਜ਼ ਦੀ ਤਿਆਰੀ ਵਜੋਂ ਹਰ ਸਕੂਲ ਵਿੱਚੋਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਮੈਰੀਟੋਰੀਅਸ ਬੱਚਿਆਂ ਦੀ ਚੋਣ ਕਰਕੇ ਉਨ੍ਹਾਂ ਦੇ ਵੱਟਸਐਪ ਗਰੁੱਪ ਬਣਾਏ ਗਏ ਹਨ। ਪਿਛਲੇ ਸਾਲ ਸਤੰਬਰ ਮਹੀਨੇ ਤੋਂ ਹੀ ਇਹਨਾਂ ਗਰੁੱਪਾਂ ਵਿੱਚ ਪੜ੍ਹਨ ਸਮੱਗਰੀ, ਰੋਜ਼ਾਨਾ ਟੈਸਟ, ਪ੍ਰਸ਼ਨੋਤਰੀਆਂ ਅਤੇ ਹੋਰ ਲੋੜੀਂਦੀ ਸਮੱਗਰੀ ਭੇਜੀ ਜਾ ਰਹੀ ਹੈ।

   ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਤਿਆਰੀ ਲਈ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ।

     ਡਿਪਟੀ ਡੀ ਈ ਓ ਅੰਗਰੇਜ ਸਿੰਘ ਨੇ ਦੱਸਿਆ ਕਿ 8 ਜਨਵਰੀ ਤੋਂ ਮੋਹਾਲੀ ਸਕਾਲਰਜ਼ ਅਸੈਸਮੇਂਟ ਟੈਸਟ ਸੀਰੀਜ਼ ਦੀ ਪ੍ਰੀਖਿਆ ਜ਼ਿਲ੍ਹਾ ਪੱਧਰ ਤੇ ਲਈ ਜਾ ਰਹੀ ਹੈ, ਜਿਸ ਲਈ ਵਿਦਿਆਰਥੀਆਂ ਦੇ ਸਕੂਲਾਂ ਦੇ ਨੇੜੇ ਸੈਂਟਰ ਬਣਾਏ ਗਏ ਹਨ। ਇਹ ਪ੍ਰੀਖਿਆ ਦੁਪਿਹਰ 12:30 ਤੋਂ 2:30 ਵਜੇ ਤੱਕ ਨਿਰਧਾਰਿਤ ਡੇਟ ਸ਼ੀਟ ਅਨੁਸਾਰ ਕਰਵਾਈ ਜਾਣੀ ਹੈ।

    ਜ਼ਿਲ੍ਹਾ ਸਿੱਖਿਆ ਅਫ਼ਸਰ ਅਨੁਸਾਰ ਸਕੂਲ ਤੋਂ ਸੈਂਟਰ ਤੱਕ ਵਿਦਿਆਰਥੀਆਂ ਨੂੰ ਸੁਰੱਖਿਅਤ ਲੈ ਕੇ ਜਾਣ ਅਤੇ ਵਾਪਸ ਸਕੂਲ ਛੱਡਣ ਦੀ ਡਿਊਟੀ ਸੰਬੰਧਿਤ ਸਕੂਲ ਦੇ ਅਧਿਆਪਕਾਂ ਦੀ ਲਗਾਈ ਗਈ ਹੈ। ਇਸ ਪ੍ਰੀਖਿਆ ਦੇ ਪੇਪਰਾਂ ਦੇ ਮੁਲਾਂਕਣ ਲਈ ਸਕੂਲ ਆਫ਼ ਐਮੀਨੈਂਸ, 3ਬੀ 1, ਮੋਹਾਲੀ ਨੂੰ ਮੁਲਾਂਕਣ ਸੈਂਟਰ ਬਣਾਇਆ ਗਿਆ ਹੈ। ਇਸ ਪ੍ਰੀਖਿਆ ਵਿੱਚੋਂ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹੇ ਵੱਲੋਂ ਸਨਮਾਨਿਤ ਕੀਤਾ ਜਾਵੇਗਾ।

[wpadcenter_ad id='4448' align='none']