ਡਿਪਟੀ ਕਮਿਸ਼ਨਰ ਨੇ ਬੱਚੀਆਂ ਨੂੰ ਆਤਮ ਨਿਰਭਰ ਬਨਾਉਣ ਲਈ ਡਰਾਈਵਿੰਗ ਸਿਖਲਾਈ ਦੇਣ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ, 8 ਜਨਵਰੀ (         )-ਡਿਪਟੀ ਕਮਿਸ਼ਨਰ ਸ੍ਰੀ ਘਣਨਾਸ਼ ਥੋਰੀ ਨੇ ਲੜਕੀਆਂ ਨੂੰ ਆਤਮ ਨਿਰਭਰ ਬਨਾਉਣ ਲਈ ਵਾਹਨ ਚਲਾਉਣ ਦੀ ਸਿੱਖਿਆ ਦੇਣ ਦੀ ਸ਼ੁਰੂਆਤ ਕੀਤੀ ਹੈ। ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ 100 ਲੜਕੀਆਂ ਦੇ ਪਹਿਲੇ ਬੈਚ ਨੂੰ ਉਕਤ ਸਿਖਲਾਈ ਲਈ ਤੋਰਨ ਮੌਕੇ ਸ੍ਰੀ ਥੋਰੀ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਅੱਜ ਦਾ ਯੁੱਗ ਸਿੱਖਿਆ ਦਾ ਯੁੱਗ ਹੈ, ਚਾਹੇ ਉਹ ਸਿੱਖਿਆ ਵਿਦਿਆ ਦੇ ਖੇਤਰ ਦੀ ਹੋਵੇ, ਗੱਡੀਆਂ ਚਲਾਉਣ ਦੀ, ਕੰਪਿਊਟਰ ਦੀ, ਗੱਲਬਾਤ ਕਰਨ ਦੇ ਹੁਨਰ ਦੀ ਜਾਂ ਖੇਡਾਂ ਦੀ, ਹਰੇਕ ਖੇਤਰ ਵਿਚ ਮੁਹਾਰਤ ਸਿੱਖਿਆ ਨਾਲ ਹੀ ਆਉਣੀ ਹੈ। ਉਨਾਂ ਕਿਹਾ ਵਾਹਨ ਚਲਾਉਣਾ ਅੱਜ ਹਰੇਕ ਵਿਅਕਤੀ ਦੀ ਲੋੜ ਹੈ, ਇਸ ਲਈ ਅਸੀਂ ਬੇਟੀ ਬਚਾਉ ਬੇਟੀ ਪੜਾਉ ਮੁਹਿੰਮ ਤਹਿਤ ਜਿਲ੍ਹੇ ਦੀਆਂ ਬੱਚੀਆਂ ਨੂੰ ਇਸ ਸਬੰਧੀ ਸਿੱਖਿਅਤ ਕਰਨ ਦਾ ਫੈਸਲਾ ਲਿਆ ਹੈ, ਜੋ ਕਿ ਸਾਰੀ ਉਮਰ ਤੁਹਾਡੇ ਕੰਮ ਆਵੇਗਾ। ਉਨਾਂ ਕਿਹਾ ਕਿ ਤੁਸੀਂ ਦੇਸ਼ ਹੋਵੋ ਜਾਂ ਵਿਦੇਸ਼ ਵਾਹਨ ਚਲਾਉਣਾ ਤੁਹਾਡੀ ਲੋੜ ਬਣ ਜਾਂਦਾ ਹੈ, ਇਸ ਲਈ ਇਸ ਮੌਕੇ ਦਾ ਲਾਭ ਲੈਂਦੇ ਹੋਏ ਗੱਡੀਆਂ ਚਲਾਉਣ ਵਿਚ ਪੂਰੀ ਮੁਹਾਰਤ ਹਾਸਿਲ  ਕਰੋ।

 ਇਸ ਮੌਕੇ ਸੈਕਟਰੀ ਆਰ ਟੀ ਏ ਸ. ਅਰਸ਼ਦੀਪ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਬੈਚ ਵਿਚ ਚਾਰ ਸਕੂਲਾਂ ਦੀਆਂ 100 ਬੱਚੀਆਂ ਨੂੰ ਇਸ ਸਿੱਖਿਆ ਲਈ ਚੁਣਿਆ ਗਿਆ ਹੈ, ਜਿੰਨਾ ਨੂੰ 10 ਦਿਨ ਰੋਜ਼ਾਨਾ ਇਕ ਘੰਟਾ ਡਰਾਈਵਿੰਗ ਸਕੂਲ ਸਿੱਖਿਆ ਦੇਣਗੇ, ਜਿਸਦਾ ਸਾਰਾ ਖਰਚਾ ਸਰਕਾਰ ਦੇਵੇਗੀ। ਉਨਾਂ ਕਿਹਾ ਕਿ ਇਸ ਮਗਰੋਂ ਇਹ ਬੱਚੀਆਂ ਡਰਾਈਵਿੰਗ ਲਾਇਸੈਂਸ ਬਨਾਉਣ ਲਈ ਯੋਗ ਹੋ ਸਕਣਗੀਆਂ। ਸ. ਅਰਸ਼ਦੀਪ ਸਿੰਘ ਨੇ ਕਿਹਾ ਕਿ ਗੱਡੀ ਚਲਾਉਣਾ ਲਈ ਗੱਡੀ ਚਲਾਉਣ ਦੀ ਸਿੱਖਿਆ ਲੈਣਾ ਬਹੁਤ ਜਰੂਰੀ ਹੈ, ਕਿਉਂਕਿ ਕੇਵਲ ਗੱਡੀ ਉਤੇ ਕੰਟਰੋਲ ਕਰ ਲੈਣਾ ਕਾਫੀ ਨਹੀਂ ਹੁੰਦਾ, ਬਲਕਿ ਆਪਣੀ ਤੇ ਹੋਰ ਰਾਹਗੀਰਾਂ ਦੀ ਸੁਰੱਖਿਆ ਵੀ ਡਰਾਈਵਰ ਦੀ ਜ਼ਿੰਮੇਵਾਰੀ ਹੈ, ਜਿਸ ਬਾਰੇ ਸਿੱਖਿਅਤ ਡਰਾਈਵਿੰਗ ਸਕੂਲ ਕਰ ਸਕਦੇ ਹਨ। ਇਸ ਮੌਕੇ ਜਿਲ੍ਹਾ ਪ੍ਰੋਗਰਾਮ ਅਧਿਕਾਰੀ ਸ੍ਰੀਮਤੀ ਕੁਲਦੀਪ ਕੌਰ, ਜਿਲ੍ਹਾ ਸਿੱਖਿਆ ਅਫਸਰ ਸ੍ਰੀ ਸੁਸ਼ੀਲ ਕੁਮਾਰ ਤੁਲੀ, ਜਿਲ੍ਹਾ ਸਿੱਖਿਆ ਅਫਸਰ ਸ੍ਰੀ ਰਾਜੇਸ਼ ਕੁਮਾਰ, ਜਿਲ੍ਹਾ ਸਮਾਜਿਕ ਸਿੱਖਿਆ ਅਧਿਕਾਰੀ ਸ੍ਰੀ ਅਸੀਸਇੰਦਰ ਸਿੰਘ, ਡਿਪਟੀ ਡਾਇਰੈਕਟਰ ਰੋਜ਼ਗਾਰ ਸ੍ਰੀਮਤੀ ਨੀਲਮ ਮਹੇ, ਸੀ ਈ ਓ ਸ. ਤੀਰਥਪਾਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

[wpadcenter_ad id='4448' align='none']