Driving training
ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਲੜਕੀਆਂ ਨੂੰ ਆਤਮ ਨਿਰਭਰ ਬਨਾਉਣ ਲਈ ਵਾਹਨ ਚਲਾਉਣ ਦੀ ਸਿੱਖਿਆ ਦੇਣ ਦੀ ਸ਼ੁਰੂਆਤ ਕੀਤੀ ਹੈ। ਸੋਮਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ 100 ਲੜਕੀਆਂ ਦੇ ਪਹਿਲੇ ਬੈਚ ਨੂੰ ਉਕਤ ਸਿਖਲਾਈ ਲਈ ਤੋਰਨ ਮੌਕੇ ਥੋਰੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਯੁੱਗ ਸਿੱਖਿਆ ਦਾ ਯੁੱਗ ਹੈ, ਚਾਹੇ ਉਹ ਸਿੱਖਿਆ ਵਿਦਿਆ ਦੇ ਖੇਤਰ ਦੀ ਹੋਵੇ, ਗੱਡੀਆਂ ਚਲਾਉਣ ਦੀ, ਕੰਪਿਊਟਰ ਦੀ, ਗੱਲਬਾਤ ਕਰਨ ਦੇ ਹੁਨਰ ਦੀ ਜਾਂ ਖੇਡਾਂ ਦੀ, ਹਰੇਕ ਖੇਤਰ ਵਿਚ ਮੁਹਾਰਤ ਸਿੱਖਿਆ ਨਾਲ ਹੀ ਆਉਣੀ ਹੈ। ਉਨਾਂ ਕਿਹਾ ਵਾਹਨ ਚਲਾਉਣਾ ਅੱਜ ਹਰੇਕ ਵਿਅਕਤੀ ਦੀ ਲੋੜ ਹੈ, ਇਸ ਲਈ ਅਸੀਂ ਬੇਟੀ ਬਚਾਉ ਬੇਟੀ ਪੜਾਉ ਮੁਹਿੰਮ ਤਹਿਤ ਜਿਲ੍ਹੇ ਦੀਆਂ ਬੱਚੀਆਂ ਨੂੰ ਇਸ ਸਬੰਧੀ ਸਿੱਖਿਅਤ ਕਰਨ ਦਾ ਫੈਸਲਾ ਲਿਆ ਹੈ, ਜੋ ਕਿ ਸਾਰੀ ਉਮਰ ਤੁਹਾਡੇ ਕੰਮ ਆਵੇਗਾ। ਉਨ੍ਹਾਂ ਕਿਹਾ ਕਿ ਤੁਸੀਂ ਦੇਸ਼ ਹੋਵੋ ਜਾਂ ਵਿਦੇਸ਼ ਵਾਹਨ ਚਲਾਉਣਾ ਤੁਹਾਡੀ ਲੋੜ ਬਣ ਜਾਂਦਾ ਹੈ, ਇਸ ਲਈ ਇਸ ਮੌਕੇ ਦਾ ਲਾਭ ਲੈਂਦੇ ਹੋਏ ਗੱਡੀਆਂ ਚਲਾਉਣ ਵਿਚ ਪੂਰੀ ਮੁਹਾਰਤ ਹਾਸਿਲ ਕਰੋ।
READ ALSO:ਅੰਮ੍ਰਿਤਸਰ ਤੋਂ ਚੇਤਨਪੁਰਾ ਸੜਕ ਨਿਕਟ ਭਵਿੱਖ ਵਿਚ ਬਣਾਈ ਜਾਵੇਗੀ-ਧਾਲੀਵਾਲ
ਇਸ ਮੌਕੇ ਸੈਕਟਰੀ ਆਰਟੀਏ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਬੈਚ ਵਿਚ ਚਾਰ ਸਕੂਲਾਂ ਦੀਆਂ 100 ਬੱਚੀਆਂ ਨੂੰ ਇਸ ਸਿੱਖਿਆ ਲਈ ਚੁਣਿਆ ਗਿਆ ਹੈ, ਜਿੰਨਾ ਨੂੰ 10 ਦਿਨ ਰੋਜ਼ਾਨਾ ਇਕ ਘੰਟਾ ਡਰਾਈਵਿੰਗ ਸਕੂਲ ਸਿੱਖਿਆ ਦੇਣਗੇ, ਜਿਸਦਾ ਸਾਰਾ ਖਰਚਾ ਸਰਕਾਰ ਦੇਵੇਗੀ। ਉਨਾਂ ਕਿਹਾ ਕਿ ਇਸ ਮਗਰੋਂ ਇਹ ਬੱਚੀਆਂ ਡਰਾਈਵਿੰਗ ਲਾਇਸੈਂਸ ਬਨਾਉਣ ਲਈ ਯੋਗ ਹੋ ਸਕਣਗੀਆਂ। ਅਰਸ਼ਦੀਪ ਸਿੰਘ ਨੇ ਕਿਹਾ ਕਿ ਗੱਡੀ ਚਲਾਉਣਾ ਲਈ ਗੱਡੀ ਚਲਾਉਣ ਦੀ ਸਿੱਖਿਆ ਲੈਣਾ ਬਹੁਤ ਜਰੂਰੀ ਹੈ, ਕਿਉਂਕਿ ਕੇਵਲ ਗੱਡੀ ਉਤੇ ਕੰਟਰੋਲ ਕਰ ਲੈਣਾ ਕਾਫੀ ਨਹੀਂ ਹੁੰਦਾ, ਬਲਕਿ ਆਪਣੀ ਤੇ ਹੋਰ ਰਾਹਗੀਰਾਂ ਦੀ ਸੁਰੱਖਿਆ ਵੀ ਡਰਾਈਵਰ ਦੀ ਜ਼ਿੰਮੇਵਾਰੀ ਹੈ, ਜਿਸ ਬਾਰੇ ਸਿੱਖਿਅਤ ਡਰਾਈਵਿੰਗ ਸਕੂਲ ਕਰ ਸਕਦੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਕੁਲਦੀਪ ਕੌਰ, ਜ਼ਿਲ੍ਹਾ ਸਿੱਖਿਆ ਅਫਸਰ ਸੁਸ਼ੀਲ ਕੁਮਾਰ ਤੁਲੀ, ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ, ਜ਼ਿਲ੍ਹਾ ਸਮਾਜਿਕ ਸਿੱਖਿਆ ਅਧਿਕਾਰੀ ਅਸੀਸਇੰਦਰ ਸਿੰਘ, ਡਿਪਟੀ ਡਾਇਰੈਕਟਰ ਰੋਜ਼ਗਾਰ ਨੀਲਮ ਮਹੇ, ਸੀਈਓ ਤੀਰਥਪਾਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Driving training