ਫਾਜ਼ਿਲਕਾ 13 ਜਨਵਰੀ
ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਪੀ ਐੱਚ ਸੀ , ਸੀ ਐੱਚ ਸੀ ਅਤੇ ਸਿਵਲ ਹਸਪਤਾਲ ਫਾਜ਼ਿਲਕਾ ਅਤੇ ਅਬੋਹਰ ਅਧੀਨ ਨਵੀਆਂ ਜੰਮੀਆਂ ਧੀਆਂ ਨੂੰ ਸਮਾਜ ਵਿੱਚ ਬਣਦਾ ਰੁਤਬਾ ਦਿਵਾਉਣ ਦੇ ਉਦੇਸ਼ ਤਹਿਤ ਕੰਨਿਆ ਭਰੂਣ ਹੱਤਿਆ ਸਬੰਧੀ ਜਾਗਰੂਕਤਾ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਨਵ-ਜਨਮੀਆਂ ਧੀਆਂ ਦੀ ਲੋਹੜੀ ਮਨਾਈ ਗਈ।
ਇਸ ਮੌਕੇ ਡਾ ਕਵਿਤਾ ਸਿੰਘ ਜਿਲਾ ਪਰਿਵਾਰ ਭਲਾਈ ਅਫ਼ਸਰ ਫਾਜ਼ਿਲਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਲੜਕੀਆਂ ਤੋਂ ਬਿਨਾਂ ਅਧੂਰਾ ਹੈ ਅਤੇ ਸਾਨੂੰ ਲੜਕੀਆਂ ਦਾ ਪੂਰਾ ਮਾਣ ਤੇ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾਰੀ ਤੋਂ ਬਿਨਾਂ ਸਮਾਜ ਦੀ ਕਲਪਨਾ ਕਰਨਾ ਸੰਭਵ ਨਹੀਂ ਹੈ। ਅੱਜ ਦੇ ਯੁਗ ਵਿੱਚ ਲੜਕੀਆਂ ਲੜਕਿਆਂ ਤੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਹਰ ਵਾਰ ਮੌਕਾ ਮਿਲਣ ਤੇ ਵਿਸ਼ਵ ਪੱਧਰ ਤੇ ਲੜਕੀਆਂ ਨੇ ਨਾਮਣਾ ਖੱਟਿਆ ਹੈ, ਜਿਵੇਂ ਕਿ ਮਦਰ ਟਰੇਸਾ, ਸੁਨੀਤਾ ਵਿਲੀਅਮ, ਕਲਪਨਾ ਚਾਵਲਾ, ਪੀਟੀ ਊਸ਼ਾ, ਕਿਰਨਬੇਦੀ ਅਤੇ ਪੀਵੀ ਸਿੰਧੂ ਵਰਗੀਆਂ ਹਜ਼ਾਰਾਂ ਲੜਕੀਆਂ ਇਸ ਗੱਲ ਦੀ ਮਿਸਾਲ ਹਨ। ਸਾਨੂੰ ਲੜਕੀਆਂ ਨੂੰ ਵੀ ਲੜਕਿਆਂ ਵਾਂਗ ਪਿਆਰ ਕਰਨਾ ਚਾਹੀਦਾ ਹੈ ਅਤੇ ਉਚ ਵਿੱਦਿਆ ਸਹਿਤ ਚੰਗਾ ਪਾਲਣ-ਪੋਸ਼ਣ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਹਰ ਮੌਕਾ ਦੇਣਾ ਚਾਹੀਦਾ ਹੈ।
ਉਹਨਾਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੁੜੀਆਂ ਨੂੰ 05 ਸਾਲ ਦੀ ਉਮਰ ਤੱਕ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਲੋੜ ਪੈਣ ਤੇ ਲੋਕਾਂ ਨੂੰ ਆਪਣੀਆਂ ਬੱਚੀਆਂ ਦੇ ਇਲਾਜ ਲਈ ਇਹ ਸਹੂਲਤ ਦਾ ਪੂਰਾ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ।
ਇਸ ਮੋਕੇ ਸਿਵਲ ਹਸਪਤਾਲ ਜਿਲਾ ਫਾਜ਼ਿਲਕਾ ਵਿਖੇ ਜਨਮੀਆਂ ਲੱਗਭੱਗ ਨਵ ਜਨਮੀਆਂ ਧੀਆਂ ਨੂੰ ਬੇਬੀ ਬਾਥ ਕਿੱਟ, ਗਰਮ ਕੰਬਲ, ਗਰਮ ਸੂਟ ਅਤੇ ਲੋਹੜੀ ਦਾ ਸਮਾਨ ਭੇਂਟ ਕੀਤਾ ਗਿਆ ਤੇ ਸਟਾਫ ਮੈਂਬਰਾ ਨੂੰ ਵੀ ਲੋਹੜੀ ਵੰਡੀ ਗਈ। ਉਹਨਾਂ ਨਵਜਨਮੀਆਂ ਧੀਆਂ ਦੇ ਮਾਪਿਆਂ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਆਪਣੀਆਂ ਲੜਕੀਆਂ ਨੂੰ ਬੋਝ ਨਾ ਸਮਝ ਕੇ ਲੜਕਿਆਂ ਵਾਂਗ ਪਿਆਰ ਕਰਨ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਮੌਕਾ ਮਿਲੇ