ਜ਼ਿਲ੍ਹਾ ਪੱਧਰੀ ਓਪਨ ਯੁਵਕ ਮੇਲਾ 24 ਤੇ 25 ਜਨਵਰੀ ਨੂੰ : ਲੋਟੇ

ਫਿਰੋਜ਼ਪੁਰ, 18 ਜਨਵਰੀ 2024:

            ਯੁਵਕ ਸੇਵਾਵਾਂ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ 24-25 ਜਨਵਰੀ 2024 ਨੂੰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਪੱਧਰੀ ਦੋ ਰੋਜ਼ਾ ਓਪਨ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਯੁਵਕ ਮੇਲੇ ਵਿੱਚ 15 ਤੋਂ 35 ਸਾਲ ਤੱਕ ਦੇ ਵਿਦਿਆਰਥੀ/ਵਿਦਿਆਰਥਣਾਂ/ਗੈਰ ਵਿਦਿਆਰਥੀ ਭਾਗ ਲੈ ਸਕਦੇ ਹਨ। ਇਹ ਜਾਣਕਾਰੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਿਰੋਜ਼ਪੁਰ ਦਵਿੰਦਰ ਸਿੰਘ ਲੋਟੇ ਨੇ ਦਿੱਤੀ। 

            ਉਨ੍ਹਾਂ ਦੱਸਿਆ ਕਿ ਇਸ ਓਪਨ ਯੂਥ ਫੈਸਟੀਵਲ ਵਿਚ ਗੱਤਕਾ, ਭੰਗੜਾ, ਗਿੱਧਾ, ਰਿਵਾਇਤੀ ਲੋਕ ਗੀਤ, ਲੋਕ ਸਾਜ਼ ਮੁਕਾਬਲਾ, ਕਲੀ, ਵਾਰ ਗਾਇਨ, ਭਾਸ਼ਣ ਪ੍ਰਤੀਯੋਗਤਾ, ਕਵੀਸ਼ਰੀ, ਮੋਨੋਐਕਟਿੰਗ, ਪੁਰਾਤਨ ਪਹਿਰਾਵਾ, ਰਵਾਇਤੀ ਲੋਕ ਕਲਾ ਮੁਕਾਬਲਾ, ਫੁਲਕਾਰੀ, ਨਾਲੇ ਬੁਣਨਾ, ਪੀੜੀ ਬੁਣਨਾਂ, ਛਿੱਕੂ ਬਣਾਉਣਾ, ਪੱਖੀ ਬੁਣਨਾ, ਫਾਈਨ ਆਰਟਸ ਅਤੇ ਬੇਕਾਰ ਵਸਤੂਆਂ ਦਾ ਸਦ-ਉਪਯੋਗ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਟੀਮਾਂ ਅੱਗੇ ਰਾਜ ਪੱਧਰ ‘ਤੇ ਹੋਣ ਵਾਲੇ ਯੂਥ ਫੈਸਟੀਵਲ ਲਈ ਚੰਡੀਗੜ੍ਹ ਵਿਖੇ ਭੇਜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫਤਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਿਰੋਜ਼ਪੁਰ ਕਮਰਾ ਨੰਬਰ 21-22, ਬਲਾਕ ਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਛਾਉਣੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

            ਉਨ੍ਹਾਂ ਜ਼ਿਲ੍ਹੇ ਦੀਆਂ ਯੁਵਕ ਕਲੱਬਾਂ, ਅਤੇ ਸਕੂਲਾਂ ਕਾਲਜਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਟੀਮਾਂ ਨੂੰ ਯੁਵਕ ਮੇਲੇ ਵਿੱਚ ਭਾਗ ਲੈਣ ਲਈ ਭੇਜਿਆ ਜਾਵੇ। ਯੁਵਕ ਮੇਲੇ ਦੇ ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। 

[wpadcenter_ad id='4448' align='none']