35 ਕਰੋੜ ਦੀ ਲਾਗਤ ਨਾਲ ਬੋਹਾ ਰਜਬਾਹੇ ਨੂੰ ਪੱਕਾ ਕਰਨਦਾ ਕੰਮ ਜਾਰੀ-ਵਿਧਾਇਕ ਬੁੱਧ ਰਾਮ

ਮਾਨਸਾ, 18 ਜਨਵਰੀ:
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚ ਸੂਬੇ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੰਦਿਆਂ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ। ਹਲਕਾ ਬੁਢਲਾਡਾ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਹਲਕਾ ਬੁਢਲਾਡਾ ਦੇ ਵੱਖ ਵੱਖ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ।
ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਪਿੰਡ ਧਰਮਪੁਰਾ ਨੇੜੇ 35 ਕਰੋੜ ਰੁਪਏ ਦੀ ਲਾਗਤ ਨਾਲ ਬੋਹਾ ਰਜਬਾਹੇ ਨੂੰ ਪੱਕਾ ਕਰਨ ਦਾ ਕੰਮ ਚੱਲ ਰਿਹਾ ਹੈ ਜੋ ਕਿ 30 ਜਨਵਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ। ਪਿੰਡ ਰੰਘੜ੍ਹਿਆਲ ਵਿਖੇ ਨਵੀਂ ਅਨਾਜ ਮੰਡੀ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪਾਂ ਪਾਉਣ ਦਾ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਜਲਵੇੜ੍ਹਾ ਵਿਖੇ ਡਰੇਨ ਦੇ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਹ ਹਲਕੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ’ਤੇ ਲਗਾਤਾਰ ਨਜ਼ਰਸਾਨੀ ਰੱਖ ਰਹੇ ਹਨ ਜੋ ਕਿ ਸਮਾਂਬੱਧ ਢੰਗ ਨਾਲ ਨੇਪਰੇ ਚੜ੍ਹਾਏ ਜਾਣਗੇ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਲੋੜਾਂ ਤੇ ਸੁਚੱਜੀ ਦਿਖ ਨੂੰ ਧਿਆਨ ਵਿਚ ਰੱਖਦਿਆਂ ਭਵਿੱਖ ਵਿਚ ਵੀ ਹੋਰ ਵੀ ਵਿਕਾਸ ਦੇ ਕੰਮ ਉਲੀਕੇ ਜਾਣਗੇ।
ਇਸ ਮੌਕੇ ਐਸ.ਡੀ.ਓ. ਮੰਡੀਕਰਨ ਬੋਰਡ ਕਰਮਜੀਤ ਸਿੰਘ, ਐਸ.ਡੀ.ਓ. ਨਹਿਰੀ ਵਿਭਾਗ ਗੁਰਜੀਤ ਸਿੰਘ, ਪਿੰਡ ਰੰਘੜ੍ਹਿਆਲ ਵਿਖੇ ਜਸਵੀਰ ਸਿੰਘ, ਸੁਖਚੈਨ ਸਿੰਘ ਚੈਨੀ, ਜਲਵੇਹੜ੍ਹਾ ਵਿਖੇ ਬਲਵਾਨ ਸਿੰਘ, ਜਸਮੇਲ ਸਿੰਘ ਗੱਗੂ, ਰਣਧੀਰ ਸਿੰਘ ਅਤੇ ਧਰਮਪੁਰਾ ਵਿਖੇ ਗੁਲਾਬ ਸਿੰਘ, ਜਸਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਮੌਜੂਦ ਸਨ।

[wpadcenter_ad id='4448' align='none']