ਵਧੀਕ ਡਿਪਟੀ ਕਮਿਸ਼ਨਰ ਨੇ ਵੋਟਰ  ਸੂਚੀਆਂ ਦੀ ਕਾਪੀ ਰਾਜਨੀਤਿਕ ਪਾਰਟੀਆਂ ਨੂੰ ਸੌਂਪੀ

ਅੰਮ੍ਰਿਤਸਰ, 22 ਜਨਵਰੀ (       )-ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਹਰਪ੍ਰੀਤ ਸਿੰਘ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ 1 ਜਨਵਰੀ 2024 ਨੂੰ ਯੋਗਤਾ ਮਿਤੀ ਦੇ ਅਧਾਰ ਉਤੇ ਤਿਆਰ ਕੀਤੀ ਵੋਟਰ ਸੂਚੀ ਦੀ ਹਾਰਡ ਅਤੇ ਸਾਫਟ ਕਾਪੀ ਜਿਲ੍ਹੇ ਦੀਆਂ ਰਾਜਨੀਤਿਕ ਪਾਰਟੀਆਂ ਦੇ ਨੁੰਮਾਇਦਿਆਂ ਨੂੰ ਸੌਂਪ ਦਿੱਤੀ। ਮੀਟਿੰਗ ਹਾਲ ਵਿਚ ਰਾਜਸੀ ਪਾਰਟੀ ਦੇ ਪ੍ਰਤੀਨਿਧੀਆਂ ਨਾਲ ਗੱਲਾਬਤ ਕਰਦੇ ਸ੍ਰੀ ਹਰਪ੍ਰੀਤ ਸਿੰਘ ਨੇ ਸੱਦਾ ਦਿੱਤਾ ਕਿ ਸਾਡੇ ਵੱਲੋਂ ਵੋਟਰ ਸੂਚੀਆਂ ਦੀ ਲਗਾਤਾਰ ਸੁਧਾਈ ਦਾ ਕੰਮ ਜਾਰੀ ਰਹੇਗਾ ਅਤੇ ਅਜੇ ਵੀ ਜੇਕਰ ਜਿਲ੍ਹਾ ਵਾਸੀ, ਜੋ ਕਿ ਵੋਟਰ ਬਨਣ ਦੀ ਸ਼ਰਤ ਪੂਰੀ ਕਰਦੇ ਹਨ, ਆਪਣਾ ਨਾਮ ਬਤੌਰ ਵੋਟਰ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਨਾਮ ਦੀ ਸੋਧ ਅਤੇ ਕਟੌਤੀ ਵੀ ਕਰਵਾਈ ਜਾ ਸਕਦੀ ਹੈ। ਇਸ ਲਈ ਉਹ ਆਪਣੇ ਬੂਥ ਦੇ ਬੀ ਐਲ ਓ, ਚੋਣਕਾਰ ਰਜਿਸਟਰੇਸ਼ਨ ਦਫ਼ਤਰ ਜਾਂ ਆਨ ਲਾਈਨ https://voters.eci.gov.in ਉਤੇ ਅਪਲਾਈ ਕਰ ਸਕਦੇ ਹਨ।

  ਵਧੀਕ ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਅੱਜ ਜਾਰੀ ਕੀਤੀ ਗਈ ਸੂਚੀ ਵਿਚ ਸਾਡੇ ਕੋਲ 1967288 ਕੁੱਲ ਵੋਟਰ ਹਨ, ਜਿੰਨਾ ਵਿਚ 1033655 ਮਰਦ ਅਤੇ 933551 ਮਹਿਲਾ ਵੋਟਰ ਸ਼ਾਮਿਲ ਹਨ। ਉਨਾਂ ਦੱਸਿਆ ਕਿ ਇਸ ਸੂਚੀ ਵਿਚ ਪਿਛਲੀ ਸੂਚੀ ਨਾਲੋਂ 57107 ਵੱਧ ਨਵੇਂ ਵੋਟਰਾਂ ਦੇ ਨਾਮ ਦਰਜ ਹੋਏ ਹਨ, ਜਿੰਨਾ ਵਿਚ 18 ਤੋਂ 19 ਸਾਲ ਦੇ ਵੋਟਰਾਂ ਦੀ ਸੰਖਿਆ 45782 ਹੈ। ਸ੍ਰੀ ਹਰਪ੍ਰੀਤ ਸਿੰਘ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੋਟਰ ਸੂਚੀ ਵਿਚ ਆਪਣੇ ਨਾਮ ਦੀ ਸੋਧ ਕਰਨ, ਵੋਟਰ ਵਜੋਂ ਆਪਣਾ ਨਾਮ ਦਰਜ ਕਰਵਾਉਣ ਲਈ ਆਪਣੇ ਬੂਥ ਦੇ ਅਧਿਕਾਰੀ (ਬੀ ਐਲ ਓ) ਨੂੰ ਮਿਲਣ ਅਤੇ ਫਾਰਮ ਭਰਕੇ ਦੇਣ। ਉਨਾਂ ਦੱਸਿਆ ਕਿ ਸਾਡੇ 2126 ਬੀ ਐਲ ਓਜ਼ ਇਸ ਲਈ ਵਿਸ਼ੇਸ਼ ਤੌਰ ਉਤੇ ਕੰਮ ਕਰ ਰਹੇ ਹਨ ਅਤੇ ਬਤੌਰ ਵੋਟਰ ਤੁਹਾਡਾ ਨਾਮ ਵੋਟਰ ਸੂਚੀ ਵਿਚ ਦਰਜ ਕਰਕੇ ਸਾਨੂੰ ਖੁਸ਼ੀ ਹੋਵੇਗੀ। ਇਸ ਮੌਕੇ ਚੋਣ ਤਹਿਸੀਲਦਾਰ ਸ੍ਰੀ ਰਜਿੰਦਰ ਸਿੰਘ ਤੇ ਹੋਰ ਅਧਿਕਾਰੀ ਤੇ ਰਾਜਸੀ ਪਾਰਟੀਆਂ ਦੇ ਪ੍ਰਤੀਨਿਧੀ ਵੀ ਹਾਜ਼ਰ ਸਨ।

[wpadcenter_ad id='4448' align='none']