ਅਬੋਹਰ ਦੇ ਕ੍ਰਿਕਟ ਸਟੇਡੀਅਮ ਵਿਖੇ ਓਪਨ ਇਨਵੀਟੇਸ਼ਨਲ ਟੂਰਨਾਮੈਂਟ ਦੇ ਪਹਿਲੇ ਦਿਨ ਦੀ ਹੋਈ ਸ਼ੁਰੂਆਤ

ਅਬੋਹਰ/ਫਾਜ਼ਿਲਕਾ 31 ਜਨਵਰੀ
ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ ਪੰਜਾਬ ਸ੍ਰੀ. ਗੋਰਵ ਯਾਦਵ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਓਪਨ ਇਨਵੀਟੇਸ਼ਨਲ ਟੂਰਨਾਮੈਂਟ ਦੇ ਪਹਿਲੇ ਦਿਨ ਦਾ ਸ਼ਾਨਦਾਰ ਆਗਾਜ਼ ਅਬੋਹਰ ਦੇ ਕ੍ਰਿਕਟ ਸਟੇਡੀਅਮ ਵਿਖੇ ਹੋਇਆ। ਜਿਸ ਦੀ ਸ਼ੁਰੂਆਤ ਜ਼ਿਲ੍ਹਾ ਪੁਲਿਸ ਮੁਖੀ ਸ. ਮਨਜੀਤ ਸਿੰਘ ਢੇਸੀ, ਹਲਕਾ ਇੰਚਾਰਜ ਸ੍ਰੀ. ਅਰੁਣ ਕੁਮਾਰ ਅਤੇ ਬ੍ਰਾਂਡ ਅਬੈਸਡਰ ਸਿਮਰਨਜੀਤ ਕੌਰ ਵੱਲੋਂ ਕੀਤੀ ਗਈ। ਇਸ ਦੌਰਾਨ ਜਿੱਥੇ ਉਨ੍ਹਾਂ ਨਸ਼ਿਆ ਖਿਲਾਫ ਜਾਗਰੂਕਤਾ ਦੇ ਗੁਬਾਰੇ ਵੀ ਅਸਮਾਨ ਵੀ ਛੱਡੇ ਉੱਥੇ ਹੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿੱਚ ਯੋਗਦਾਨ ਪਾਉਣ ਦਾ ਪ੍ਰਣ ਵੀ ਦਵਾਇਆ ਗਿਆ। ਇਸ ਮੌਕੇ ਸਰਕਾਰੀ ਹਸਪਤਾਲ ਅਬੋਹਰ ਵੱਲੋਂ ਨਸ਼ਾ ਮੁਕਤੀ ਕੇਂਦਰ ਅਤੇ ਫਾਜ਼ਿਲਕਾ ਪੁਲਿਸ ਵੱਲੋਂ ਸਾਂਝ ਕੇਂਦਰ ਦਾ ਕਾਊਟਰ ਵੀ ਲਗਾਇਆ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਸ. ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਕ੍ਰਿਕਟ ਅਤੇ ਵਾਲੀਬਾਲ ਦੇ ਓਪਨ ਇਨਵੀਟੇਸ਼ਨਲ ਟੂਰਨਾਮੈਂਟ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਮਾਣਯੋਗ ਡੀ.ਜੀ.ਪੀ. ਪੰਜਾਬ ਵੱਲੋਂ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਹਿਤ ਹੀ ਖੇਡਾਂ ਵਤਨ ਪੰਜਾਬ ਦੀਆਂ ਅਤੇ ਹੁਣ ਓਪਨ ਇਨਵੀਟੇਸ਼ਨਲ ਟੂਰਨਾਮੈਂਟ ਦੀ ਵੀ ਸ਼ੁਰੂਆਤ ਕਰਵਾਈ ਗਈ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਅਜਿਹਾ ਕਰਨ ਨਾਲ ਜਿੱਥੇ ਨੌਜਵਾਨ ਖੇਡਾਂ ਵਿੱਚ ਜੇਤੂ ਹੋ ਕੇ ਜਿੱਥੇ ਆਪਣੇ ਦੇਸ਼, ਪੰਜਾਬ, ਜ਼ਿਲ੍ਹੇ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨਗੇ ਉੱਥੇ ਹੀ ਉਹ ਨਸ਼ਿਆਂ ਤੋਂ ਵੀ ਦੂਰ ਰਹਿਣਗੇ। ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਲਈ ਸਮਾਂ ਜ਼ਰੂਰ ਕੱਢਣ ਅਤੇ ਉਨ੍ਹਾਂ ਦੇ ਭਵਿੱਖ ਲਈ ਉਨ੍ਹਾਂ ਨਾਲ ਰਾਬਤਾ ਬਣਾਈ ਰੱਖਦੇ ਹੋਏ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਵੀ ਜੋੜਨ।
ਹਲਕਾ ਇੰਚਾਰਜ ਸ੍ਰੀ. ਅਰੁਣ ਕੁਮਾਰ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਸੋਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਹੋ ਜਿਹੇ ਅਨੇਕਾਂ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਜੇਕਰ ਕੋਈ ਨਸ਼ਿਆਂ ਦੀ ਗ੍ਰਿਫਤ ਵਿੱਚ ਆਇਆ ਹੈ ਤਾਂ ਉਸ ਦਾ ਇਲਾਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਖੇਡਾਂ ਸਾਨੂੰ ਜਿੱਥੇ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ ਉੱਥੇ ਹੀ ਤੰਦਰੁਸਤ ਜੀਵਨ, ਚੰਗੀ ਸੋਚ ਅਤੇ ਅਨੁਸ਼ਾਸਨ ਵਿੱਚ ਰਹਿਣ ਲਈ ਵੀ ਪ੍ਰੇਰਦੀਆਂ ਹਨ। ਉਨ੍ਹਾਂ ਕਿਹਾ ਕਿ ਅਬੋਹਰ ਪੁਲਿਸ ਵੀ ਨਸ਼ਿਆਂ ਖਿਲਾਫ ਕਾਫੀ ਸਖਤ ਰਵੱਈਆ ਅਖਤਿਆਰ ਕਰਦੀ ਹੋਏ ਇੱਥੋਂ ਨਸ਼ੇ ਦਾ ਖਾਤਮਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਬੋਹਰ ਦੀ ਬ੍ਰਾਂਡ ਅਬੈਸਡਰ ਸਿਮਰਨਜੀਤ ਕੌਰ ਜਿਸ ਨੇ ਏਸ਼ੀਅਨ ਖੇਡਾਂ ਵਿੱਚ ਬ੍ਰਾਊਨ ਮੈਡਲ ਜਿੱਤ ਕੇ ਪੰਜਾਬ ਦਾ ਹੀ ਨਹੀਂ ਬਲਕਿ ਅਬੋਹਰ ਦਾ ਵੀ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਖਿਡਾਰੀ ਇਹੋ ਜਿਹੇ ਖਿਡਾਰੀਆਂ ਤੋਂ ਪ੍ਰੇਰਨਾ ਲੈ ਕੇ ਆਪਣੇ ਜ਼ਿਲ੍ਹੇ, ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ।
ਬ੍ਰਾਂਡ ਅਬੈਸਡਰ ਸਿਮਰਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਵਾਸੀਆਂ ਵੱਲੋਂ ਜੋ ਉਨ੍ਹਾਂ ਨੂੰ ਮਾਣ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਅਸੀਂ ਆਪਣੇ ਟੀਚੇ ਦੀ ਪ੍ਰਾਪਤੀ ਕਰਕੇ ਅੱਗੇ ਵਧਦੇ ਹਾਂ ਉੱਥੇ ਹੀ ਅਸੀਂ ਸਰੀਰਕ ਤੇ ਮਾਨਸਿਕ ਤੌਰ ਤੇ ਵੀ ਤੰਦਰੁਸਤ ਹੁੰਦੇ ਹਾਂ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਅਬੋਹਰ ਵਿਖੇ ਓਪਨ ਇਨਵੀਟੇਸ਼ਨਲ ਟੂਰਨਾਮੈਂਟ ਦੀ ਸ਼ੁਰੂਆਤ ਨੂੰ ਸ਼ਲਾਘਾਯੋਗ ਉਪਰਾਲਾ ਦੱਸਦਿਆਂ ਕਿਹਾ ਕਿ ਨੌਜਵਾਨ ਦੀ ਰੁਚੀ ਜਿੱਥੇ ਖੇਡਾਂ ਵੱਲ ਵਧੇਗੀ ਉੱਥੇ ਹੀ ਇਹ ਨੌਜਵਾਨ ਖਿਡਾਰੀ ਅੱਗੇ ਵੱਧ ਕੇ ਸਾਡੇ ਦੇਸ਼ ਤੇ ਜ਼ਿਲ੍ਹੇ ਦਾ ਵੀ ਨਾਮ ਰੌਸ਼ਨ ਕਰਨਗੇ। ਇਸ ਦੌਰਾਨ ਨਟਰੰਗ ਅਬੋਹਰ ਵੱਲੋਂ ਭੁਪਿੰਦਰ ਉਤਰੇਜਾ ਅਤੇ ਹਨੀ ਉਤਰੇਜਾ ਦੇ ਨਸ਼ਿਆਂ ਖਿਲਾਫ ਨਾਟਕ ਨਵੀਂ ਸ਼ੁਰੂਆਤ ਅਤੇ ਸਰਕਾਰੀ ਸਕੂਲ ਲੜਕੇ ਅਬੋਹਰ ਵੱਲੋਂ ਨਸ਼ਿਆਂ ਖਿਲਾਫ ਸਕਿੱਟ ਖੇਡੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ.) ਰਵਿੰਦਰ ਸਿੰਘ ਅਰੋੜਾ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਸਟਰ ਸੁਨੀਲ ਕੁਮਾਰ ਸਚਦੇਵਾ, ਐੱਸ.ਪੀ. (ਪੀ.ਬੀ.ਆਈ) ਗੁਰਮੀਤ ਸਿੰਘ, ਡੀ.ਐੱਸ.ਪੀ. ਬੱਲੂਆਣਾ ਸੁਖਵਿੰਦਰ ਸਿੰਘ, ਡੀ.ਐੱਸ.ਪੀ.ਅਬੋਹਰ ਅਰੁਣ ਮੁੰਡਨ, ਐੱਸ.ਐੱਚ.ਓ ਅਬੋਹਰ ਸਿਟੀ-1 ਸੁਨੀਲ ਕੁਮਾਰ, ਐੱਸ.ਐੱਚ.ਓ ਅਬੋਹਰ ਸਿਟੀ-2 ਨਵੀਨ ਕੁਮਾਰ, ਇੰਚਾਰਜ ਸਪੈਸ਼ਲ ਬ੍ਰਾਂਚ ਨਵਦੀਪ ਸ਼ਰਮਾ, ਭਾਸ਼ਾ ਅਫਸਰ ਭੁਪਿੰਦਰ ਓਤਰੇਜਾ ਅਤੇ ਡੀ.ਡਿਕਸ਼ਨ ਸੈਂਟਰ ਤੋਂ ਡਾ. ਨਰੇਸ਼ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਬੱਚੇ ਵੀ ਹਾਜ਼ਰ ਸਨ।

[wpadcenter_ad id='4448' align='none']